ਮੁੱਖ ਮੰਤਰੀ ਜਦੋਂ ਆਪਣੇ ਪਿੰਡ ਤੋਂ ਰਾਜਧਾਨੀ ਲਈ ਕੂਚ ਕਰਨ ਵਾਲੇ ਸਨ ਤਾਂ ਉਨ੍ਹਾਂ ਦੇ ਨੌਜਵਾਨ ਪੁੱਤਰ ਨੇ ਕਿਹਾ, ਪਿਤਾ ਜੀ, ਤੁਹਾਥੋਂ ਇਕ ਸਵਾਲ ਹੈ?”
“ਕਹਿ ਪੱਤਰ!”
“ਪਿਤਾ ਜੀ, ਤੁਸੀਂ ਪਿੰਡ ਵਿਚ ਇੰਨਾਂ ਵੱਡਾ ਹਸਪਤਾਲ ਖੁਲਵਾ ਦਿੱਤਾ ਹੈ, ਬੈਂਕ ਖੁਲੂਵਾ ਦਿੱਤਾ ਹੈ। ਇਸ ਲਈ ਲੋਕ ਤੁਹਾਡੀ ਬਹੁਤ ਤਾਰੀਫ ਕਰ ਰਹੇ ਹਨ। ਪਿੰਡ ਦੇ ਲੋਕ ਕਿੰਨੇ ਸਾਲਾਂ ਤੋਂ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਅਪਗ੍ਰੇਡ ਕਰ ‘ਹਾਈ ਬਣਾ ਦੇਣ ਦੀ ਮੰਗ ਕਰ ਰਹੇ ਹਨ, ਪਰੰਤੂ ਤੁਸੀਂ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਮੈਂ ਜਦੋਂ ਵੀ ਪਿੰਡ ਆਉਂਦਾ ਹਾਂ, ਲੋਕ ਮੈਨੂੰ ਸਵਾਲ ਕਰਦੇ ਹਨ ਕਿ ਜੇਕਰ ਵਿਰੋਧੀ ਨੇਤਾ ਦੇ ਪਿੰਡ ਦਾ ਸਕੂਲ ਅਪਗ੍ਰੇਡ ਹੋ ਸਕਦਾ ਹੈ ਤਾਂ ਮੁੱਖ ਮੰਤਰੀ ਦੇ ਪਿੰਡ ਦਾ ਸਕੂਲ ਅਪਗ੍ਰੇਡ ਕਿਉਂ ਨਹੀਂ ਹੋ ਸਕਦਾ?”
ਆਪਣੀ ਗੱਲ ਪੂਰੀ ਕਰ ਉਸਨੇ ਉੱਤਰ ਲਈ ਆਪਣੀ ਨਿਗਾ ਪਿਤਾ ਦੇ ਚਿਹਰੇ ‘ਤੇ ਗੱਡ ਦਿੱਤੀ।
ਮੁੱਖ ਮੰਤਰੀ ਮੁਸਕਰਾਏ। ਉਨ੍ਹਾਂ ਆਪਣਾ ਚਿਹਰਾ ਉੱਪਰ ਉਠਾਇਆ ਅਤੇ ਕਿਹਾ, “ਪੁੱਤਰ, ਪਿੰਡ ਦਾ ਸਕੂਲ ਤਾਂ ਅੱਜ ਹੀ ਅਪਗ੍ਰੇਡ ਹੋ ਸਕਦਾ ਹੈ, ਪਰੰਤੂ ਸਵਾਲ ਇਹ ਹੈ ਕਿ ਜੇਕਰ ਪਿੰਡ ਦਾ ਸਕੂਲ ਮੈਟ੍ਰਿਕ ਤੱਕ ਦਾ ਹੋ ਗਿਆ ਤਾਂ ਫਿਰ ਆਪਣੇ ਇਤਨੇ ਵੱਡੇ ਫਾਰਮ ‘ਚ ਕੰਮ ਕਰਨ ਲਈ ਸਸਤੇ ਮਜ਼ਦੂਰ ਕਿੱਥੋਂ ਆਉਣਗੇ? ਸਾਡੇ ਪਸ਼ੂਆਂ ਦੀ ਦੇਖ ਭਾਲ ਕੌਣ ਕਰੇਗਾ? ਸਾਰੇ ਤਾਂ ਪੜ੍ਹ ਲਿਖ ਕੇ ਸ਼ਹਿਰ ਚਲੇ ਜਾਣਗੇ ਜਾਂ ਆਪਣੇ ਲਈ ਬੇਕਾਰ ਹੋ ਜਾਣਗੇ।”
ਪੁੱਤਰ ਚੁੱਪ ਹੋ ਗਿਆ ਸੀ।
ਸ਼ਿਆਮ ਸੁੰਦਰ ਅਗਰਵਾਲ