ਪੋਹ ਦੀ ਠੰਡੀ ਸੀਤ ਰਾਤ, ਬੈਠੇ 2 ਜਿਸਮ ਨੂੰ ਸੁੰਨ ਚੜ੍ਹ ਰਿਹਾ ਹੈ। ਅੱਜ ਇਹ ਨਿਸਚਾ ਕਰ ਕੇ ਬੈਠੀ ਹਾਂ ਕਿ ਕਈਆਂ ਦਿਨਾਂ ਤੋਂ ਚਲੀ ਆ ਰਹੀ ਅਧੂਰੀ ਕਹਾਣੀ ਪੂਰੀ ਕਰਨੀ ਹੈ। ਪਰ ਬੈਠਿਆਂ ਚਾਰ ਘੰਟੇ ਤੋਂ ਵੀ ਵੱਧ ਸਮਾਂ ਬੀਤ ਚੱਲਿਆ ਹੈ। ਅਜੇ ਤੱਕ ਇਕ ਹਰਫ ਵੀ ਅੱਗੇ ਨਹੀਂ ਲਿਖਿਆ ਗਿਆ, ਨਜ਼ਰ ਸਾਹਮਣੇ ਪਏ ਕੋਰੇ ਕਾਗਜ਼ਾਂ ਤੇ ਗੱਡੀ ਪਈ ਹੈ। ਮੇਰੀ ਕਹਾਣੀ ਦੀ ਨਾਇਕਾ ਇਕ ਅਜੀਬ ਹਾਲਤ ਵਿਚ ਫਸੀ ਫਟਕ ਰਹੀ ਹੈ, ਜਿੰਦਗੀ ਤੋਂ ਤੰਗ ਆ ਬਾਰ ਬਾਰ ਉਸਦੀ ਸੋਚ ਆਤਮਘਾਤ ਤੇ ਆਣ ਮੁਕਦੀ ਹੈ, ਮੇਰੇ ਦਿਲ ਨੂੰ ਡੋਬੂ ਪੈ ਰਹੇ ਹਨ।
ਠੱਕ-ਠੱਕ ਠੱਕ ਦਰਵਾਜੇ ਤੋਂ ਦਸਤਕ ਸੁਣ ਮੈਂ ਝਬਕ ਪੈਂਦੀ ਹਾਂ, ਵਿਚਾਰ ਲੜੀ ਟੁੱਟਦੀ ਹੈ। ਇਸ ਕਾਲੀ ਬੋਲੀ ਕਕਰੀਲੀ ਰਾਤ `ਚ ਕੌਣ? ਦਰਵਾਜ਼ਾ ਖੋਹਲਦੀ ਹਾਂ, “ਪੰ….ਮੀ…ਤੂੰ। “ਹਾਂ ਮੈਂ..ਕੁਝ ਦਿਨ ਹੋਏ ਵਿਦੇਸ਼ ਤੋਂ ਵਾਪਸ ਆਈ ਹਾਂ। ਗੱਲਾਂ ਦਾ ਸਿਲਸਿਲਾ ਚੱਲਦਾ ਹੈ। ਮੈਂ ਸੁਣਿਆਂ ਕਿ ਤੇਰੇ ਖਾਵੰਦ ਨੇ…. ਉਹ ਮੇਰੀ ਗੱਲ ਵਿੱਚੋਂ ਹੀ ਟੋਕ ਕੇ ਬੋਲ ਪੈਂਦੀ ਹੈ, ਹਾਂ! ਤੂੰ ਠੀਕ ਸੁਣਿਐ…ਮੈਂ ਹੁਣ ਆਪਣੇ ਖਾਵੰਦ ਦੇ ਘਰ ਨਹੀਂ ਰਹਿੰਦੀ….ਉਸ ਦੁਸਰੀ ਸ਼ਾਦੀ ….ਸ਼ਾਇਦ ਮੈਂ ਕਦੋਂ ਦੀ ਮਰ…।” ਉਹਦਾ ਗਲ ਭਰ ਆਇਆ ਹੈ। ਸ਼ਾਇਦ ਅਤੀਤ ਦੀ ਯਾਦ ਤਾਜ਼ਾ ਹੋ ਜਾਣ ਤੇ। …ਪਰ….ਪ…ਰ…ਮੈਂ ਮਰੀ ਨਹੀਂ ….ਪੜ੍ਹਾਈ ਕੀਤੀ….ਦਿਨੇ ਫੈਕਟਰੀ ‘ਚ ਕੰਮ ਕਰਦੀ, ਨਾਈਟ ਕਲਾਸਾਂ ਅਟੈਂਡ ਕਰਦੀ। ਅੱਜ ਮੈਂ ਲੰਡਨ ਦੇ ਇਕ ਹਸਪਤਾਲ ਵਿਚ ਡਾਕਟਰ ਹਾਂ…!” ਉਸਦਾ ਚਿਹਰਾ ਸੁਹੇ ਫੁੱਲ ਵਾਂਗ ਟਹਿਕ ਪਿਆ।
ਰਾਤ ਅੱਧੀ ਤੋਂ ਵੱਧ ਬੀਤ ਚੁੱਕੀ ਹੈ। ਪੰਮੀ ਕਦੋਂ ਦੀ ਜਾ ਚੁਕੀ ਹੈ। ਮੇਰੀ ਕਲਮ ਤੇਜੀ ਨਾਲ ਚਲ ਰਹੀ ਹੈ। ਕੋਰੇ ਸਫੇ ਭਰਦੇ ਜਾ ਰਹੇ ਹਨ।
ਪੋ. ਸੁਰਿੰਦਰ ਕੌਰ