535
ਸੌਦੇਬਾਜੀ ਭਾਵ ਵਪਾਰ। ਵਸਤਾਂ ਦਾ ਵਪਾਰ ਸੋਹਣਾ ਲੱਗਦਾ ਹੈ। ਕਈ ਵਾਰ ਵਸਤਾਂ ਦੇ ਹੁੰਦੇ ਵਪਾਰ ਵਿੱਚ ਬੰਦੇ ਨੂੰ ਨਫਾ ਹੁੰਦਾ ਹੈ ਕਦੇ ਨੁਕਸਾਨ। ਇਸ ਵਪਾਰ ਵਿੱਚ ਹੁੰਦਾ ਵਾਧਾ ਘਾਟਾ ਚੱਲਦਾ ਰਹਿੰਦਾ ਹੈ। ਅੱਜ ਦਾ ਮਨੁੱਖ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਹੋਰ ਵੱਧਣਾ ਚਾਹੁੰਦਾ ਹੈ। ਸਮਾਜ ਦੇ ਬਹੁਤਾਤ ਲੋਕ ਜਿਆਦਾ ਨਫਾ ਕਮਾਉਣ ਦੇ ਚੱਕਰ ਵਿੱਚ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਣ ਲੱਗੇ ਅਤੇ ਠੱਗੀਆਂ ਠੋਰੀਆਂ, ਚਲਾਕੀਆਂ, ਭਿ੍ਸਟਾਚਾਰੀ ਆਦਿ ਦਾ ਬੋਲਬਾਲਾ ਵੱਧਣ ਲੱਗਾ। ਵਪਾਰ ਤੋਂ ਹੁੰਦਾ ਹੁੰਦਾ ਏ ਧੰਦਾ ਹਰ ਖੇਤਰ ਵਿੱਚ ਵੇਖਣ ਨੂੰ ਮਿਲਣ ਲੱਗਾ। ਹਰ ਖੇਤਰ ਵਿੱਚ ਵਪਾਰ ਹੋਣ ਲੱਗਾ। ਹਸਪਤਾਲਾਂ ਵਿੱਚ ਮਰੀਜ਼ ਦੀ ਜਾਨ ਨੂੰ ਨਹੀਂ ਡਾਕਟਰ ਦੀ ਫੀਸ ਨੂੰ ਜਿਆਦਾ ਤਵੱਜੋ ਮਿਲਣ ਲੱਗੀ, ਵਿਦਿਆ ਦੇ ਖੇਤਰ ਵਿੱਚ ਕਈ ਵਿਦਿਆਰਥੀ ਇਮਤਿਹਾਨ ਇਸ ਕਰਕੇ ਨਹੀਂ ਦੇ ਸਕੇ ਕਿਉਂ ਕਿ ਉਹ ਸਕੂਲ, ਕਾਲਜ ਦੀ ਫੀਸ ਨਹੀਂ ਭਰ ਸਕੇ। ਇੱਕ ਵਿਦਿਆਰਥੀ ਦੇ ਭਵਿੱਖ ਨਾਲੋਂ ਫ਼ੀਸ ਨੂੰ ਜਿਆਦਾ ਮਹੱਤਤਾ ਮਿਲੀ।
ਪੁਲਿਸ ਪ੍ਰਸ਼ਾਸਨ ਵਿੱਚ ਇੱਕ ਗਰੀਬ ਜਾਂ ਔਰਤ ਦੀ ਸ਼ਿਕਾਇਤ ਉੱਪਰ ਇਸ ਕਰਕੇ ਗੌਰ ਨਹੀਂ ਕੀਤਾ ਜਾਂਦਾ ਕਿਉਂਕਿ ਉਸ ਕੋਲ ਪੁਲਿਸ ਕਰਮਚਾਰੀਆਂ ਦੀ ਜੇਬ ਵਿੱਚ ਪਾਉਣ ਲਈ ਪੈਸੇ ਰੂਪੀ ਛਿੱਲੜਾਂ ਨਹੀ ਹਨ। ਤਿੰਨ ਮਹੱਤਵਪੂਰਣ ਸੱਸੇ (ਸ) ਸਿਹਤ, ਸਿੱਖਿਆ, ਸੁਰੱਖਿਆ ਸਾਰੇ ਵਪਾਰ ਦੀ ਭੇਟ ਚੜ੍ਹ ਗਏ। ਲੋਕਾਂ ਨੇ ਇਸ ਵਿਰੁੱਧ ਅਵਾਜ਼ ਤਾਂ ਕੀ ਉਠਾਉਣੀ ਸੀ ਸਮਾਜ ਨੇ ਇਸੇ ਬਦਲ ਰਹੇ ਵਤੀਰੇ ਨਾਲ ਸਮਝਾਉਤਾ ਕਰਨਾ ਅਸਾਨ ਸਮਝਿਆ। ਏ ਤਾਂ ਗੱਲ ਸੀ ਸਮਾਜ ਦੇ ਕਾਰ ਵਿਹਾਰ ਦੇ ਪੱਖਾਂ ਦੀ, ਪਰ ਹਾਲਤ ਤਾਂ ਉਦੋਂ ਤਰਸਯੋਗ ਹੁੰਦੀ ਨਜ਼ਰ ਆਉਂਦੀ ਹੈ ਜਦੋਂ ਸਮਾਜਿਕ ਕਾਰਕੁਨ ਵਿਹਾਰਾਂ ਤੋਂ ਅੱਗੇ ਸੌਦੇਬਾਜੀ ਨਿੱਜੀ ਜੀਵਨ ਨੂੰ ਪ੍ਭਾਵਿਤ ਕਰਨ ਲੱਗੇ। ਅੱਜ ਜਿੱਥੇ ਮਨੁੱਖ ਹਰ ਕੰਮ ਵਿੱਚ ਨਫਾ ਭਾਲਦਾ ਹੈ, ਉੱਥੇ ਲੋਕਾਂ ਦੇ ਜ਼ਜਬਾਤਾਂ, ਭਾਵਨਾਵਾਂ ਦੀ ਵੀ ਸੌਦੇਬਾਜੀ ਹੋਣ ਲੱਗੀ ਹੈ। ਲੋਕ ਆਪਣੀਆਂ ਮੌਜ ਮਸਤੀਆਂ ਲਈ ਕਿਸੇ ਦੇ ਵੀ ਜਜਬਾਤਾਂ ਨਾਲ ਖੇਡਦੇ ਹਨ, ਇਸ ਸੌਦੇਬਾਜੀ ਦੇ ਚੱਕਰ ਵਿੱਚ ਮਾਨਸਿਕ ਤੌਰ ਤੇ ਇੱਕ ਇਨਸਾਨ ਨੂੰ ਏਨਾ ਤੋੜ ਦਿੱਤਾ ਜਾਂਦਾ ਹੈ ਕਿ ਉਹ ਫਿਰ ਕਿਸੇ ਉੱਪਰ ਇਤਬਾਰ ਕਰਨ ਯੋਗ ਨਹੀਂ ਰਹਿੰਦਾ। ਇਸ ਤੋਂ ਇਲਾਵਾ ਲੋਕ ਆਪਣੇ ਬੱਚਿਆਂ ਦੇ ਰਿਸ਼ਤੇ ਤਹਿ ਕਰਨ ਸਮੇਂ ਵੀ ਬੱਚੇ ਬੱਚੀ ਦੇ ਗੁਣ ਔਗੁਣ ਦੇਖਣ ਦੀ ਬਜਾਇ ਲੜਕੀ ਵਾਲੇ ਲੜਕੇ ਦਾ ਵਿਦੇਸ਼ ਹੋਣਾ ਅਤੇ ਲੜਕੇ ਵਾਲੇ ਲੜਕੀ ਦਾ ਆਈਲੈਟਸ ਦੇਖਦੇ ਹਨ। ਕਹਿਣ ਤੋਂ ਭਾਵ ਕਿ ਵਿਆਹ ਵਰਗੇ ਪਵਿੱਤਰ ਰਿਸ਼ਤੇ ਵਿੱਚ ਵੀ ਸੌਦੇਬਾਜੀ ਹੁੰਦੀ ਹੈ। ਜਿੱਥੇ ਸੌਦਾ ਹੈ ਉੱਥੇ ਨਫਾ ਨੁਕਸਾਨ ਤਾਂ ਨਾਲ ਨਾਲ ਹੀ ਚੱਲੇਗਾ। ਸੋ ਜ਼ਿੰਦਗੀ ਦੀ ਇਸ ਸੌਦੇਬਾਜੀ ਵਿੱਚ ਫਿਰ ਇੱਕ ਜ਼ਿੰਦਗੀ ਹਾਰ ਜਾਂਦੀ ਹੈ ਤੇ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਜਾਂਦੀ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਸੌਦੇਬਾਜੀ ਨੂੰ ਰੋਕਿਆ ਕਿਵੇਂ ਜਾਵੇ। ਇਸਦਾ ਇੱਕ ਹੀ ਉੱਤਰ ਹੈ ਕਿ ਅਸੀਂ ਸਾਰੇ ਸਕੂਨਮਈ ਜ਼ਿੰਦਗੀ ਜਿਊਣਾ ਤਾਂ ਚਾਹੁੰਦੇ ਹਾਂ , ਪਰ ਸਾਨੂੰ ਪਦਾਰਥਿਕ ਵਾਦੀ ਚੀਜ਼ਾਂ ਵਿੱਚ ਸਕੂਨ ਨਜ਼ਰ ਆਉਣ ਲੱਗਾ ਹੈ, ਜਿੰਨਾ ਨੂੰ ਪਾਉਣ ਲਈ ਮਨੁੱਖ ਇਹ ਸੌਦੇਬਾਜੀ ਕਰਦਾ ਹੈ। ਪਰ ਸਕੂਨ ਫਿਰ ਵੀ ਪਾ੍ਪਤ ਨਹੀਂ ਕਰ ਪਾਉਂਦਾ, ਕਿਉਂਕਿ ਸਕੂਨ ਸੱਚ ਵਿੱਚ ਹੁੰਦਾ ਹੈ ਅਤੇ ਇਸ ਸੌਦੇਬਾਜੀ ਦੇ ਚੱਕਰ ਵਿੱਚ ਅਸੀਂ ਸੱਚ ਤੋਂ ਕੋਹਾਂ ਦੂਰ ਆ ਚੁੱਕੇ ਹਾਂ।
ਜਿੰਦਗੀ ਨੂੰ ਅਸਾਨ ਬਣਾਈਏ, ਕੋਝੀਆਂ, ਫੋਕੀਆਂ ਛੋਛੇਬਾਜ਼ੀਆਂ ਤੋਂ ਉੱਪਰ ਉੱਠ ਸਿੱਧਾ ਸਾਦਾ ਜੀਵਨ ਜਿਊਣ ਦਾ ਯਤਨ ਕਰੀਏ ਨਹੀਂ ਤਾਂ ਇੱਕ ਦਿਨ ਅਜਿਹਾ ਆਵੇਗਾ ਕਿ ਜਜਬਾਤਾਂ ਦੇ ਹੁੰਦੇ ਇਸ ਵਪਾਰ ਵਿੱਚ ਮਨੁੱਖ ਪੈਸਾ ਤਾਂ ਸ਼ਾਇਦ ਅਥਾਹ ਇਕੱਠਾ ਕਰ ਲਵੇ ਪਰ ਮਾਨਸਿਕ ਸ਼ਾਂਤੀ ਤੇ ਖੁਸ਼ੀ ਖੰਭ ਲਾ ਕਿਧਰੇ ਦੂਰ ਉੱਡ ਜਾਵੇਗੀ।
ਹਰਕੀਰਤ ਕੌਰ