ਸਹਿਕਾਰੀ ਬੈਂਕ ਦੇ ਮੁਲਾਜ਼ਮਾਂ ਦੀ ਅਨਿਸ਼ਚਤ ਸਮੇਂ ਤੋਂ ਚੱਲੀ ਆ ਰਹੀ ਹੜਤਾਲ ਦੇ ਖਤਮ ਹੋਣ ਦੀ ਰੇਡੀਓ ਅਤੇ ਅਖਬਾਰਾਂ ਵਿਚ ਬੜੀ ਚਰਚਾ ਸੀ। ਦਫਤਰ ਵਿਚ ਜਦ ਇਸ ਖਬਰ ਦਾ ਜ਼ਿਕਰ ਆਇਆ ਤਾਂ ਮੇਰੇ ਮੂੰਹੋਂ ਸੁਭਾਵਕ ਹੀ ਨਿਕਲਿਆ ਕਿ ਮੁਲਾਜ਼ਮਾਂ ਨੇ ਸਰਕਾਰ ਅੱਗੇ ਗੋਡੇ ਟੇਕ ਦਿੱਤੇ ਅਤੇ ਹੜਤਾਲ ਬਿਨਾਂ ਸ਼ਰਤ ਵਾਪਸ ਲੈ ਲਈ। ਇਸ ਤੇ ਮੇਰੇ ਨਾਲ ਦੇ ਸਾਥੀ ਨੇ ਮੁਲਾਜ਼ਮਾਂ ਪ੍ਰਤੀ “ਹਮਦਰਦੀ ਜਾਹਿਰ ਕਰਦੇ ਹੋਏ ਮੇਰੇ ਤੇ ਵਾਰ ਕੀਤਾ, “ਤੁਹਾਨੂੰ ਮੁਲਾਜ਼ਮ ਹੋਣ ਦੇ ਨਾਤੇ ਉਨ੍ਹਾਂ ਪ੍ਰਤੀ ਹਮਦਰਦੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਸ਼ਾਨਦਾਰ ਜਿੱਤ ਤੇ ਵਧਾਈ ਦੇਣੀ ਚਾਹੀਦੀ ਹੈ ਨਾ ਕਿ ਉਨ੍ਹਾਂ ਦੇ ਵਿਰੁੱਧ ਪ੍ਰਾਪੇ ਗੰਡਾ।”
ਉਸ ਭੱਦਰ ਪੁਰਸ਼ ਦੇ ਰਿਮਾਰਕਸ ਸੁਣ ਕੇ ਮੈਨੂੰ ਹਾਸੀ ਵੀ ਆਈ ਤੇ ਖੁੰਦਕ ਵੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਸਹਿਕਾਰੀ ਬੈਂਕ ਦੇ ਮੁਲਾਜ਼ਮ ਸਾਡੀ ਸ਼ਾਖਾ ਵਿਚ ਮਾਇਕ ਸਹਾਇਤਾ ਕਰਨ ਦੀ ਅਪੀਲ ਲੈ ਕੇ ਆਏ ਸਨ। ਉਸ ‘ਹਮਦਰਦ ਭੱਦਰ ਪੁਰਸ਼ ਤੋਂ ਬਗੈਰ ਬਾਕੀ ਸਭ ਨੇ ਇੱਥੋਂ ਤੱਕ ਕਿ ਚੌਥੇ ਦਰਜੇ ਦੇ ਸਟਾਫ ਮੈਂਬਰਾਂ ਨੇ ਵੀ ਆਪਣੇ ਵਿਤ ਮੁਤਾਬਕ ਮਾਇਕ ਸਹਾਇਤਾ ਕੀਤੀ ਸੀ। ਮੈਂ ਜਦ ਉਸ ਪਾਸ ਨਿਜੀ ਤੌਰ ਤੇ ਸਹਾਇਤਾ ਲਈ ਅਪੀਲ ਕੀਤੀ ਤਾਂ ਉਸਨੇ ਕਿਹਾ ਸੀ, ਇਨ੍ਹਾਂ ਦਾ ਕਿਹੜਾ ਇਕ ਦਿਨ ਦਾ ਕੰਮ ਹੈ- ਇਹ ਤਾਂ ਰੋਜ਼ ਹੀ ਪੈਸਿਆਂ ਲਈ ਖੜ੍ਹੇ ਰਹਿਣਗੇ। ਨਾਲੇ ਜੇ ਇਨ੍ਹਾਂ ਨੇ ਲੜਾਈ ਹੀ ਲੜਨੀ ਹੈ ਤਾਂ ਆਪਣੇ ਦਮ ਤੇ ਲੜਣਦੂਸਰਿਆਂ ਦੀਆਂ ਜੇਬਾਂ ਕੱਟਣ ਦਾ ਕੀ ਫਾਇਦੈ? ਨਾਲੇ ਇਨ੍ਹਾਂ ਨੇ ਕਿਹੜੇ ਲੋੜਵੰਦਾਂ ਦੀ ਮੱਦਦ ਕਰਨੀ ਹੈ, ਰਲ ਮਿਲ ਕੇ ਛਕ ਛਕਾ ਜਾਣਗੇ।
ਤੇ ਅੱਜ ਉਹ ਭੱਦਰ ਪੁਰਸ਼ ਦੀ ‘ਹਮਦਰਦੀ’ ਮੈਨੂੰ ਓਪਰੀ ਓਪਰੀ ਲੱਗੀ ਜਿਹੜਾ ਪੰਜ ਰੁਪਏ ਦੇਣ ਦੇ ਬਦਲੇ ਕਿੰਨੀਆਂ ਵੱਡੀਆਂ ਵੱਡੀਆਂ ਕਹਾਣੀਆਂ ਘੜ ਰਿਹਾ ਸੀ।
ਰਮੇਸ਼ ਢੰਡ