ਉੱਚੀ ਚੇਤਨਾ ਦੇ ਮਾਲਕ ਹੀ ਵਿਆਹ ਅਤੇ ਸੰਤਾਨ ਦੇ ਹੱਕਦਾਰ ਹਨ
ਇੱਕ ਦਿਨ ਜ਼ਰਥੁਟਰ ਨੇ ਆਪਣੇ ਨੌਜਵਾਨ ਉਪਾਸ਼ਕਾਂ ਨਾਲ ਇੱਕ ਜਰੂਰੀ ਗੱਲ ਕਰਨ ਬਾਰੇ ਸੋਚਿਆ ਇਹ ਗੱਲ ਉਸ ਨੇ ਸਵਾਲੀਆ ਲਹਿਜ਼ੇ ਵਿੱਚ ਕਰਨੀ ਸ਼ੁਰੂ ਕੀਤੀ:
ਤੁਸੀਂ ਜਵਾਨ ਹੋ!ਤੁਸੀਂ ਸਾਰੇ ਹੀ ਵਿਆਹ ਕਰਵਾਉਣਾ ਚਾਹੁੰਦੇ ਹੋਵੋਂਗੇ! ਤੇ ਬਾਅਦ ਵਿੱਚ ਬੱਚਿਆਂ ਦੀ ਤਮੰਨਾ ਵੀ ਸਾਰੇ ਹੀ ਕਰੋਂਗੇ!ਇਹ ਸਭ ਜੀ ਸਦਕੇ ਕਰਿਉ ਪਰ ਪਹਿਲਾਂ ਖ਼ੁਦ ਤੋਂ ਤਿੰਨ ਸਵਾਲ ਪੁੱਛੋ;
‘ਕੀ ਤੁਸੀਂ ਇਸ ਗੱਲ ਦੇ ਕਾਬਲ ਹੋ ਗਏ ਕਿ ਸੰਤਾਨ ਦੀ ਤਮੰਨਾ ਕਰੋ ?
ਕੀ ਤੁਸੀਂ ਆਪਣੇ ਆਪ ਨੂੰ ਜਿੱਤ ਲਿਆ ਹੈ?
ਕੀ ਤੁਸੀਂ ਆਪਣੀਆਂ ਵਾਸ਼ਨਾਵਾਂ ਤੇ ਮਰਿਆਦਾਵਾਂ ਦੇ ਮਾਲਕ ਬਣ ਗਏ ਹੋਂ ?
ਸੁਣੋ!ਤੁਹਾਡੀ ਸਵੈ ਦੀ ਜਿੱਤ ਤੇ ਵਾਸ਼ਨਾਵਾਂ ਦੀ ਮਾਲਕੀਅਤ ਨੂੰ ਹੀ ਸੰਤਾਨ ਦੀ ਤਮੰਨਾ ਕਰਨ ਦਾ ਹੱਕ ਹੈ।
ਮੈਂ ਉਸ ਮੇਲ ਨੂੰ ਹੀ ਵਿਆਹ ਮੰਨਦਾ ਹਾਂ ਜੋ ਦੋ ਉਚੇਰੀਆਂ ਚੇਤਨਾਵਾਂ ਦੀ ਸਿਰਜਨਾਤਮਕ ਸ਼ਕਤੀ ਦੁਆਰਾ ਉਹਨਾਂ ਤੋਂ ਕੁਝ ਮਹਾਨ ਦਾ ਨਿਰਮਾਣ ਕਰਵਾਵੇ ਤੇ ਦੋਵੇਂ ਸਿਰਜਨਾਤਮਕ ਸ਼ਕਤੀਆਂ ਇੱਕ ਦੂਜੇ ਦੇ ਸਤਿਕਾਰ ਤੇ ਸਨਮਾਨ ਵਿੱਚ ਝੁਕੀਆਂ ਰਹਿਣ।
ਤੁਹਾਨੂੰ ਵਿਕਾਸ ਸਿਰਫ਼ ਅੱਗੇ ਵੱਲ ਹੀ ਨਹੀਂ ਕਰਨਾ ਚਾਹੀਦਾ ਉਪਰ ਵੱਲ ਵੀ ਕਰਨਾ ਚਾਹੀਦਾ ਹੈ।
ਜੀਹਨੂੰ ਤੁਹਾਡੇ ਫ਼ਾਲਤੂ ਲੋਕ ਵਿਆਹ ਕਹਿੰਦੇ ਨੇ ਉਹ ਤਾਂ ਮੈਨੂੰ ਦੋ ਜਣਿਆਂ ਦੀ ਦੂਹਰੀ ਦਲਿੱਦਰਤਾ,ਦੋਹਾਂ ਦੀ ਦੂਸਰੀ ਮਾਲੀਨਤਾ ਤੇ ਅਸ਼ਲੀਲਤਾ ਹੀ ਲੱਗਦੀ ਹੈ।
ਤੁਹਾਡੇ ਪੰਡਿਤ ਪੁਜਾਰੀ ਇਹ ਆਖੀ ਜਾਂਦੇ ਹਨ ਕਿ ਵਿਆਹ ਦਾ ਬੰਧਨ ਸਵਰਗ ਵਿੱਚ ਤੈਅ ਹੁੰਦਾ ਹੈ,ਮੈਨੂੰ ਇਹ ਸਭ ਗੱਲਾਂ ਬਕਵਾਸ ਲੱਗਦੀਆਂ।ਮੈਂ ਉਹਨਾਂ ਪਸ਼ੂਆਂ ਨਾਲ ਨਫ਼ਰਤ ਕਰਦਾ,ਜਿਨ੍ਹਾਂ ਦੇ ਰਿਸ਼ਤੇ ਸਵਰਗ ਦਾ ਹਾਕਮ ਤੈਅ ਕਰਦਾ। ਮੈਨੂੰ ਇਹਨਾਂ ਫ਼ਾਲਤੂ ਲੋਕਾਂ ਦਾ ਇਹ ਸਵਰਗ ਬਿਲਕੁਲ ਪਸੰਦ ਨਹੀਂ।ਜਦੋਂ ਮੈਂ ਕਿਸੇ ਉੱਚ ਪੁਰਸ਼ ਦਾ ਕਿਸੇ ਨਿਮਨ ਇਸਤਰੀ ਨਾਲ ਜਾਂ ਉੱਚ ਇਸਤਰੀ ਦਾ ਨਿਮਨ ਪੁਰਸ਼ ਨਾਲ ਸੰਯੋਗ ਹੁੰਦਾ ਵੇਖਦਾ ਹਾਂ ਤਾਂ ਮੈਂ ਸੋਚਦਾਂ ਕਿ ਇਹ ਧਰਤੀ ਫ਼ਟ ਕਿਉਂ ਨਹੀਂ ਜਾਂਦੀ!ਕਿਸੇ ਵੱਡੇ ਭੂਚਾਲ ਨਾਲ ਸਭ ਤਹਿਸ ਨਹਿਸ ਕਿਉਂ ਨਹੀਂ ਹੋ ਜਾਂਦਾ!
ਦੇਖੋ! ਮੇਰੇ ਪਿੱਛੇ ਉਹਨਾਂ ਦਾ ਰੱਬ ਲੰਗੜਾਉਂਦਾ ਹੋਇਆ ਆ ਰਿਹਾ ਹੈ।ਉਹ ਉਹਨਾਂ ਨੂੰ ਅਸ਼ੀਰਵਾਦ ਦੇਣਾ ਚਾਹੁੰਦਾ ਹੈ ਜੋ ਇਕ ਦੂਜੇ ਲਈ ਬਣੇ ਹੀ ਨਹੀਂ।
ਸਵਰਗ ਵਿੱਚ ਤੈਅ ਹੋਏ ਵਿਆਹਾਂ ਵੱਲ ਜ਼ਰਾ ਡੂੰਘੀ ਨੀਝ ਨਾਲ ਵੇਖੋ ਤਾਂ ਉਹਨਾਂ ਦੀ ਹਾਲਤ ਉਪਰ ਤਰਸ ਵੀ ਆਵੇਗਾ ਤੇ ਹਾਸਾ ਵੀ।ਪਰ ਹੱਸਿਉ ਨਾ!ਕਦੇ ਬੇਟੇ ਵੀ ਮਾਂ ਬਾਪ ਦੀ ਗ਼ਲਤੀ ਉੱਤੇ ਹੱਸਦੇ ਹਨ
ਬਲਦੇਵ ਸਿੰਘ