310
ਰਾਮਕਲੀ ਮਹਲਾ ੧ ॥
ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖੁ ਜਾਗੈ ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥
(ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤਿ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ। (ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ।੧। ਹੇ ਜੋਗੀ! ਮੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ। (ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ।੧।ਰਹਾਉ।