83
ਆਸਾ ਮਹਲਾ ੪ ਛੰਤ ॥
ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥ ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥ ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥ ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥
(ਹੇ ਭਾਈ!) ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ, ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ। (ਹੇ ਭਾਈ!) ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ, ਉਸ ਦਾ ਵਡੱਪਣ ਭੀ ਮਿਣਿਆ ਨਹੀਂ ਜਾ ਸਕਦਾ (ਹੇ ਭਾਈ!) ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ। ਪਰੇ ਤੋਂ ਪਰੇ ਹੈ, ਆਪਣੇ ਆਪ ਨੂੰ ਉਹ ਹੀ ਜਾਣਦਾ ਹੈ। ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਸਰੂਪ ਦੱਸ ਸੱਕਣ)?