511
ਧਨਾਸਰੀ ਮਹਲਾ ੪
ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥
ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨ! (ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ।੧। ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ।