342
ਸਲੋਕੁ ਮਃ ੩
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥ ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥ ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥ ਇਸੁ ਜਗ ਮਹਿ ਨਾਮੁ ਅਲਭੁ ਹੈ ਗੁਰਮੁਖਿ ਵਸੈ ਮਨਿ ਆਇ ॥ ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥੧॥
ਜੇ ਕੋਈ ਮਨੁੱਖ ਚਿੱਤ ਲਗਾ ਕੇ ਸੇਵਾ ਕਰੇ, ਤਾਂ ਸਤਿਗੁਰੂ ਦੀ (ਦੱਸੀ) ਸੇਵਾ ਜ਼ਰੂਰ ਫਲ ਲਾਂਦੀ ਹੈ; ਮਨ ਇੱਛਿਆ ਫਲ ਮਿਲਦਾ ਹੈ, ਅਹੰਕਾਰ ਮਨ ਵਿਚੋਂ ਦੂਰ ਹੁੰਦਾ ਹੈ; (ਗੁਰੂ ਦੀ ਦੱਸੀ ਕਾਰ ਮਾਇਆ ਦੇ) ਬੰਧਨਾਂ ਨੂੰ ਤੋੜਦੀ ਹੈ (ਬੰਧਨਾਂ ਤੋਂ) ਖ਼ਲਾਸੀ ਹੋ ਜਾਂਦੀ ਹੈ ਤੇ ਸੱਚੇ ਹਰੀ ਵਿਚ ਮਨੁੱਖ ਸਮਾਇਆ ਰਹਿੰਦਾ ਹੈ। ਇਸ ਸੰਸਾਰ ਵਿਚ ਹਰੀ ਦਾ ਨਾਮ ਦੁਰਲੱਭ ਹੈ, ਸਤਿਗੁਰੂ ਦੇ ਸਨਮੁਖ ਮਨੁੱਖ ਦੇ ਮਨ ਵਿਚ ਆ ਕੇ ਵੱਸਦਾ ਹੈ ॥ ਹੇ ਨਾਨਕ! ਮੈਂ ਸਦਕੇ ਹਾਂ ਉਹਨਾਂ ਤੋਂ ਜੋ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ॥੧॥