ਚੁੰਨੀ ਥੱਲੇ ਦੁੱਧ ਦੀ ਗੜਵੀ ਲਕੋਈ ਨਸੀਬੋ ਬੈਠਕ ਦੇ ਬਾਰ ਮੂਹਰਿਉਂ ਬੜੀ ਤੇਜ਼ੀ ਨਾਲ ਲੰਘ ਗਈ, ਕੋਈ ਅਲੌਕਿਕ ਖੁਸ਼ੀ ਤੇ ਡਰ ਦੇ ਭਾਵ ਚਿਹਰੇ ਤੇ ਉਤਰਾਅ ਚੜ੍ਹਾ ਦੇ ਨਾਲ ਦਿਲ ਨੂੰ ਡੋਬੂ ਜੇ ਪਾ ਰਹੇ ਸਨ । ਚਿੱਤ ਕਾਹਲਾ ਪਿਆ ਪਰ ਸੁਰਤ ਟਿਕਾਣੇ ਸੀ । ਮੱਥੇ ਤੋਂ ਤਰੇਲੀ ਪੂੰਝ ਨਸੀਬੋ ਰਸੋਈ ਨੁਮਾ ਬਰਾਂਡੇ ‘ਚ ਕਿੱਕਰ ਦੇ ਮੋਟੇ ਫੱਟੇ ਦੀ ਬਣਾਈ ਟਾਨ ਤੋਂ ਪਤੀਲੀ ਲਾਹ ਚਾਹ ਬਣਾਉਣ ਵਿੱਚ ਰੁੱਝ ਗਈ , ਅਗਾਊਂ ਫੜੇ ਪੈਸਿਆਂ ਕਾਰਨ ਸਾਰਾ ਦੁੱਧ ਢੋਲ ਵਾਲੇ ਨੂੰ ਪਾ ਦਿੱਤਾ ਸੀ ਇਸ ਲਈ ਚਾਹ ਵਾਸਤੇ ਦੁੱਧ ਵੀ ਗੁਆਢੀਆਂ ਦਿਉਂ ਲਿਉਣਾ ਪਿਆ
ਨਸੀਬੋ ਲਹਿਰੇ ਪਿੰਡ ਦੇ ਚੰਗੇ ਘਰਾਣੇ ਦੀ ਧੀ ਸੀ ਜੋ ਸਤਾਈ ਕੁ ਸਾਲ ਪਹਿਲਾਂ ਕਲਿਆਣ ਪਿੰਡ ਜਰਨੈਲ ਸਿੰਘ ਨਾਲ ਵਿਆਹੀ ਆਈ ਸੀ । ਜਰਨੈਲ ਸਿੰਘ ਹੁਰੀਂ ਚਾਰ ਭਰਾ ਚੰਗੀ ਜਾਇਦਾਦ ਦੇ ਮਾਲਕ ਸਾਰੇ ਇਕੱਠੇ ਸਨ । ਪਿੰਡ ਵਿੱਚ ਪੂਰਾ ਦਬਦਬਾ ਸੀ ਪਰ ਸਮੇਂ ਦਾ ਐਸਾ ਪੁੱਠਾ ਗੇੜ ਚੱਲਿਆ ਕਿ ਸਰਪੰਚ ਬਣਦੇ ਬਣਦੇ ਘਟੀਆ ਰਾਜਨੀਤੀ ਤੇ ਧੜੇਬੰਦੀ ਦਾ ਸ਼ਿਕਾਰ ਹੋ , ਸਾਰੇ ਅੱਡੋ ਅੱਡ ਹੋ ਗਏ ਤੇ ਸਾਰਾ ਘਰ ਖੇਰੂੰ ਖੇਰੂੰ ਹੋ ਗਿਆ । ਜਰਨੈਲ ਨੂੰ ਘਰਦੀ ਦਾਰੂ ਕੱਢਣ ਪੀਣ ਦਾ ਅਜਿਹਾ ਚਸਕਾ ਪਿਆ ਕਿ ਅਠਾਰਾਂ ਕਿੱਲੇ ਵੰਡੀ ਆਈ ਜਮੀਨ ਸੁੰਗੜ ਕੇ ਅਠਾਰਾਂ ਕਨਾਲਾਂ ਰਹਿ ਗਈ । ਜਰਨੈਲ ਸਿੰਘ , ਜਰਨੈਲ ਸਿਉਂ ਤੋਂ ਜੈਲੀ ਬਣ ਕਈ ਵਾਰ ਅਧੀਆ ਲੈੰਣ ਲਈ ਵਿਹੜੇ ਚੋਂ ਵੀ ਪੈਸੇ ਮੰਗ ਲਿਉਂਦਾ ।
ਏਸੇ ਗਧੀ ਗੇੜ ਵਿਚਦੀ ਜੁਆਨ ਹੋਇਆ ਨਸੀਬੋ ਤੇ ਜਰਨੈਲ ਦਾ ਪੁੱਤ ਨਵਦੀਪ ਬੜਾ ਸਾਊ , ਸੰਗਾਲੂ ਤੇ ਆਪਣੀ ਉਮਰ ਤੋਂ ਕਾਫੀ ਸਿਆਣਾ । ਨਵਦੀਪ ਦਾ ਐਮ ਏ ਦਾ ਆਖਰੀ ਸਾਲ ਸੀ । ਨਵਦੀਪ ਦੀ ਪੜ੍ਹਾਈ ਤੇ ਜਰਨੈਲ ਦੇ ਗੁੜ ਦਾ ਖਰਚ ਨਸੀਬੋ ਦੀਆਂ ਦੋ ਮੱਝਾਂ ਕਢਦੀਆਂ ਸਨ ਜਿਹੜੀਆਂ ਤੋਕੜ ਹੁੰਦਿਆਂ ਹੀ ਨਸੀਬੋਂ ਪੇਕਿਆਂ ਤੋਂ ਵਟਾ ਕੇ ਸੱਜਰ ਲੈ ਆਉਂਦੀ ਸੀ । ਇਸ ਤੋਂ ਬਿਨਾਂ ਉਹਨੇ ਆਪਣੇ ਵਪਾਰੀ ਭਰਾ ਨੂੰ ਕਦੇ ਕੋਈ ਹੋਰ ਸਵਾਲ ਨਹੀਂ ਪਾਇਆ ਸੀ । ਵਿਆਹ ਦੇ ਬਾਅਦ ਪੰਜ ਸਾਲ ਨਸੀਬੋ ਦੇ ਚੰਗੇ ਨਿੱਕਲੇ ਬਾਕੀ ਵੀਹ ਬਾਈ ਸਾਲ ਜੋ ਨਸੀਬੋ ਸੰਤਾਪ ਹੰਢਾਇਆ , ਉਹ ਜਾਂ ਤਾਂ ਨਸੀਬੋ ਜਾਣਦੀ ਸੀ ਜਾਂ ਉਹਦਾ ਰੱਬ ।
ਅੱਜ ਨਵਦੀਪ ਨੂੰ ਦੇਖਣ ਕਨੇਡਾ ਤੋਂ ਪਿਉ ਧੀ ਆਏ ਸਨ ਜਿੰਨਾਂ ਨੂੰ ਨਸੀਬੋ ਦਾ ਭਰਾ ਸ਼ਿੰਦਰ ਹੀ ਲੈ ਕੇ ਆਇਆ ਸੀ । ਅਸਲ ਸ਼ਿੰਦਰ ਦਾ ਗੂਹੜਾ ਬੇਲੀ ਸੀ ਸੁਲੱਖਣ । ਕਨੇਡਾ ਜਾਣ ਤੋਂ ਪਹਿਲਾਂ ਸਿੰਦਰ ਤੇ ਸੁਲੱਖਣ ਇਕੱਠੇ ਹੀ ਮੱਝਾਂ ਗਾਵਾਂ ਦਾ ਵਪਾਰ ਕਰਦੇ ਸਨ ਤੇ ਸੁਲੱਖਣ ਇੱਕ ਦੋ ਵਾਰ ਪਹਿਲਾਂ ਵੀ ਸ਼ਿੰਦਰ ਨਾਲ ਕਲਿਆਣੀ ਆਇਆ ਸੀ ਪਰ ਓਦੋਂ ਜਰਨੈਲ ਹੁਰੀਂ ਸਾਰੇ ਭਰਾ ਇਕੱਠੇ ਸਨ ।
ਸੁਲੱਖਣ ਬੈਠਕ ਵਿੱਚ ਬੈਠਾ ਬੂਹੇ ਤੇ ਬਾਰੀ ਵਿਚਦੀ ਹੀ ਪਾਰਖੂ ਅੱਖ ਨਾਲ ਘਰ ਦਾ ਮੁਇਨਾ ਕਰ ਰਿਹਾ ਸੀ ਜਿੱਥੋਂ ਉਸ ਨੂੰ ਲਗਭਗ ਸਾਰਾ ਘਰ ਹੀ ਦਿਸ ਰਿਹਾ ਸੀ , ਇੱਕ ਖੂੰਜੇ ਵਿੱਚ ਲੱਗਿਆ ਅਧੀਏ ਤੇ ਬੋਤਲਾਂ ਦਾ ਢੇਰ ਜਿਸ ਵਿੱਚੋਂ ਜਰਨੈਲ ਸਿੰਘ ਕਿਸੇ ਨੂੰ ਪਊਆ ਵੀ ਨਹੀਂ ਚੁੱਕਣ ਦਿੰਦਾ ਸੀ ਕਿਉਂ ਕਿ ਮਾਰਚ ਮਹੀਨੇ ਵਿੱਚ ਇਹਨਾਂ ਖਾਲੀ ਬੋਤਲਾਂ ਦੀ ਪੇਟੀ ਸ਼ਰਾਬ ਦੀ ਆ ਜਾਂਦੀ ਸੀ । ਓਥੋਂ ਧਿਆਨ ਹਟਾ ਸੁਲੱਖਣ ਦੀ ਨਿਗ੍ਹਾ ਸਾਹਮਣੀ ਕੰਧ ਵੱਲ ਗਈ ਜੀਹਦੇ ਚੋਂ ਪਿੱਲੀਆਂ ਇੱਟਾਂ ਖੁਰ ਹੇਠਾਂ ਕੇਰੇ ਦੀ ਇੱਕ ਸੰਤਰੀ ਢੇਰੀ ਲੱਗੀ ਸੀ ਜਾਣੋ ਕਿਸੇ ਜਵਾਕ ਦੇ ਹੈਂਡਲ ਤੋਂ ਛੁੱਟ ਹਲਧੀ ਵਾਲਾ ਸਾਰਾ ਲਿਫਾਫਾ ਢੇਰੀ ਹੋਇਆ ਹੋਇਆ ਹੋਵੇ । ਕੰਧ ਵਿੱਚ ਹੋਏ ਮੋਘਰੇ ਵਿਚਦੀ ਗੁਆਂਢੀਆਂ ਦੇ ਵੇਹੜੇ ਵਿੱਚ ਲੱਗੀ ਸੰਗਮਰਮਰੀ ਟਾਇਲਾਂ ਦੇ ਫਰਸ਼ ਦੀ ਲਸ਼ਕੋਰ ਸੁਲੱਖਣ ਦੀਆਂ ਕਾਲੀਆਂ ਐਨਕਾਂ ਦੇ ਵੱਜ ਸ਼ਿੰਦਰ ਦੇ ਮੂੰਹ ਤੇ ਪੈ ਰਹੀ ਸੀ । ਕੰਧ ਤੋਂ ਦਸ ਫੁੱਟ ਦੂਰ ਲੱਗੀਆਂ ਦੋ ਬਰਕੈਨਾਂ ਦੀ ਸਾਰੀ ਛਿੱਲ , ਨਾਲ ਬੰਨ੍ਹਿਆ ਬਲਦ ਖਾ ਗਿਆ ਗਿਆ ਸੀ ਜੀਹਦੇ ਕਾਰਨ ਬਰਕੈਨਾਂ ਦਾ ਰੰਗ ਪੀਲਾ ਪੈ ਚੁੱਕਾ ਸੀ ਅਤੇ ਪੱਤੇ ਕੋਲ ਖੜ੍ਹੀ ਗੱਡੀ ਵਿੱਚ ਡਿੱਗ ਰਹੇ ਸਨ ।
ਸ਼ਿੰਦਰ , ਸੁਲੱਖਣ ਦੇ ਚਿਹਰੇ ਦੇ ਹਾਵ ਭਾਵ ਦੇਖ ਕੇ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਦਾ ਪਰ ਕਾਲੀਆਂ ਐਨਕਾਂ ਮੂਹਰੇ ਬੇਬੱਸ ਹੋ ਪੰਜਾਬ ਦੇ ਚੋਣ ਨਤੀਜਿਆਂ ਵਾਂਗ ਸਰਵਾ ਕਰਕੇ ਨੀਵੀਂ ਪਾ ਲੈਂਦਾ ।
ਏਸ ਚੁੱਪ ਤੋਂ ਖਿਝ ਆਖੀਰ ਪ੍ਰੀਤ ਬੋਲੀ ਡੈਡੀ ਕਿੱਥੇ ਗੁਆਚ ਗਏ ? ਪ੍ਰੀਤ ਸੁਲੱਖਣ ਦੀ ਧੀ ਜੀਹਦੀ ਆਪਣੀ ਮਾਂ ਨਾਲੋਂ ਪਿਉ ਨਾਲ ਜਿਆਦਾ ਰੱਚਕ ਬੈਠਦੀ ਸੀ , ਬਹੁਤ ਖੁੱਲੇ ਸੁਭਾਅ ਦੀ , ਨਿੱਡਰ ਪਰ ਬਹੁਤ ਹੀ ਸਮਝਦਾਰ ਕੁੜੀ ਸੀ । ਪਿਉ ਨੇ ਆਪਣਾ ਸਾਥੀ ਆਪ ਚੁਣਨ ਦੀ ਆਗਿਆ ਦਿੱਤੀ ਸੀ ਪਰ ਉਹਨੂੰ ਆਪਣੇ ਪੰਜਾਬ ਤੇ ਸੱਭਿਆਚਾਰ ਨਾਲ ਅਥਾਹ ਪਿਆਰ ਸੀ । ਇਨਕਲਾਬੀ ਸੋਚ ਰਖਦੀ ਸੀ ।
ਏਨੇ ਵਿੱਚ ਨਵਦੀਪ ਚਾਹ ਤੇ ਨਾਲ ਖਾਣ ਵਾਲਾ ਸਮਾਨ ਲੈ ਆਇਆ । ਚੌਰਸ ਲੰਮੀਆਂ ਲੱਤਾਂ ਵਾਲਾ ਮੇਜ ਖਿੱਚ ਸਿੰਦਰ ਨੇ ਮੰਜਿਆਂ ਦੇ ਵਿਚਾਲੇ ਕਰ ਲਿਆ, ਜਿਹੜਾ ਖਾਣ ਪੀਣ ਲਈ ਘੱਟ ਹੀ ਵਰਤਿਆ ਜਾਂਦਾ ਸੀ , ਆਮ ਕਰਕੇ ਨਵਦੀਪ ਦੇ ਕੱਪੜੇ ਪਰੈੱਸ ਕਰਨ ਦੇ ਕੰਮ ਹੀ ਆਉਂਦਾ ਸੀ ।
ਕਾਜੂ ਬਦਾਮਾਂ ਵਿੱਚੋਂ ਅਜੀਬ ਕਿਸਮ ਦੀ ਵਾਸ਼ਨਾ ਆਉਂਦੀ ਸੀ , ਉਹ ਸ਼ਾਇਦ ਪੁਰਾਣੇ ਸੰਦੂਕ ਦੀ ਸੀ ਜਿਸ ਵਿੱਚ ਡਰਾਈਫਰੂਟ ਆਏ ਗਏ ਲਈ ਨਸੀਬੋ ਹਮੇਸ਼ਾ ਸਾਂਭ ਕੇ ਰਖਦੀ ਸੀ ।
ਰਸਮੀ ਗੱਲਾਂ ਬਾਤਾਂ , ਕੁਸ਼ ਸਵਾਲ ਸੁਲੱਖਣ ਨੇ ਨਵਦੀਪ ਨੂੰ ਕੀਤੇ । ਨਵਦੀਪ ਤੇ ਪ੍ਰੀਤ ਨੂੰ ਇਕੱਲਿਆਂ ਗੱਲ ਕਰਨ ਦਾ ਮੌਕਾ ਵੀ ਦਿੱਤਾ ਜੋ ਉਹਨਾਂ ਵੇਹੜੇ ਵਿੱਚ ਤੁਰ ਫਿਰ ਕੇ ਹੀ ਕੀਤੀ । ਨਸੀਬੋ ਵਿਹੜੇ ਵਿੱਚ ਖੜੇ ਦੋਨਾਂ ਵੱਲ ਦੇਖ ਜੋਤ ਵਾਲੇ ਆਲੇ ਵੱਲ ਹੱਥ ਜੋੜ ਰੱਬ ਨਾਲ ਸਿੱਧੀਆਂ ਗੱਲਾਂ ਕਰਨ ਲੱਗੀ ।
ਚਲੋ ਦੇਖ ਦਿਖਾਈ ਤੋਂ ਬਾਅਦ ਦੋਨੇ ਪਿਉ ਧੀ ਨੇ ਸਿੰਦਰ , ਨਸੀਬੋ ਤੋਂ ਵਿਦਾ ਲੈ ਆਪਣੀ ਗੱਡੀ ਸਟਾਰਟ ਕਰ ਗਲੀ ਚੋਂ ਨਿੱਕਲ ਲਿੰਕ ਰੋਡ ਪੈ ਗਏ ।
ਹਾਂ ਵੀ ਪੁੱਤ ਕਿਵੇਂ ਲੱਗਿਆ ਤੈਨੂੰ ? ਸੁਲੱਖਣ ਨੇ ਪ੍ਰੀਤ ਦਾ ਵਿਚਾਰ ਜਾਣਨਾ ਚਾਹਿਆ ।
ਡੈਡੀ ਪਹਿਲਾਂ ਤੁਸੀਂ ਦੱਸੋ ਥੋਨੂੰ ਕਿਵੇਂ ਲੱਗਿਆ ? ਪ੍ਰੀਤ ਨੇ ਉਲਟਾ ਉਹੀ ਸਵਾਲ ਪਿਉ ਨੂੰ ਕਰ ਦਿੱਤਾ ।
ਪੁੱਤ ਗੱਲ ਇਹ ਆ ਕਿ ਸ਼ਿੰਦਰ ਮੇਰਾ ਪੁਰਾਣਾ ਯਾਰ ਆ ਪਰ ਜਰਨੈਲ ਕੇ ਉਹ ਹਲਾਤ ਤਾਂ ਹੈਨੀ ਜੋ ਮੈਂ ਸੋਚੇ ਸੀ । ਵੈਸੇ ਮੁੰਡਾ ਤਾਂ ਠੀਕ ਲੱਗਿਆ । ਹੁਣ ਤੂੰ ਦੱਸ ਮਰਜੀ ਤੇਰੀ ਆ ਮੇਰੀ ਰਾਇ ਤਾਂ ਤੇਰੇ ਨਾਲ ਹੈ ।
ਡੈਡੀ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਹਨ । ਸਾਡਾ ਵਿਕਸਿਤ ਦੇਸਾਂ ਵਿੱਚ ਜਾਣ ਤਰੱਕੀ ਕਰਨ ਦਾ ਸਾਡਾ ਤਾਂ ਫਾਇਦਾ ਹੈ ਜੇ ਅਸੀਂ ਕਿਸੇ ਦੀ ਕਿਸੇ ਤਰੀਕੇ ਵੀ ਮੱਦਦ ਕਰ ਸਕੀਏ । ਹੁਣ ਦੇਖੋ ਵਿਆਹ ਲਈ ਤਾਂ ਓਥੋਂ ਵੀ ਬਥੇਰੇ ਲੱਭ ਜਾਣੇ ਹਨ ਪਰ ਮੈਂ ਤਾਂ ਇਸ ਬਹਾਨੇ ਵੀ ਕਿਸੇ ਦੀ ਸਹਾਇਤਾ ਹੀ ਕਰਨਾ ਚਹੁੰਦੀ ਹਾਂ । ਮੇਰੇ ਤਾਂ ਸਭ ਪਸੰਦ ਹੈ ਜੇਕਰ ਤੁਹਾਡੀ ਰਜਾਮੰਦੀ ਹੈ ਤਾਂ ਆਪਾਂ ਹਾਂ ਕਰ ਹੀ ਜਾਈਏ । ਮੈਨੂੰ ਅਮੀਰ ਘਰਾਂ ਦੇ ਮੁੰਡੇ ਤਾਂ ਬਿਲਕੁਲ ਵੀ ਪਸੰਦ ਨਹੀਂ । ਪ੍ਰੀਤ ਅੰਦਰੋਂ ਜਾਂ ਤਾਂ ਸਿਆਣਪ ਬੋਲ ਰਹੀ ਸੀ ਜਾਂ ਉਹਦੀ ਇਨਕਲਾਬੀ ਸੋਚ । ਸ਼ਾਇਦ ਸੁਲੱਖਣ ਵੀ ਇਹੀ ਚਹੁੰਦਾ ਸੀ ।
ਬੱਸ ਏਨਾ ਕੁ ਹੀ ਰਾਇ ਮਸ਼ਵਰਾ ਕਰਕੇ ਪਿਉ ਧੀ ਨੇ ਫੇਰ ਬੂਹੇ ਚ ਹਾਰਨ ਜਾ ਮਾਰਿਆ ।
ਸ਼ਿੰਦਰ ਅਜੇ ਗਿਆ ਨਹੀਂ ਸੀ ਤਿੰਨੋ ਅੰਦਰ ਬੈਠੇ ਰਿਸ਼ਤੇ ਬਾਰੇ ਹੀ ਗੱਲਾ ਕਰ ਰਹੇ ਸਨ । ਜਦੋਂ ਸੁਲੱਖਣ ਨੇ ਆਪਣਾ ਫੈਸਲਾ ਸੁਣਾਇਆ ਤਾਂ ਨਸੀਬੋ ਭੱਜੀ ਭੱਜੀ ਜੋਤ ਵਾਲੇ ਆਲੇ ਸਾਹਮਣੇ ਹੱਥ ਜੋੜ ਖੜ ਗਈ , ਉਹਦੇ ਅੱਖਾਂ ਵਿੱਚੋਂ ਨਿੱਕਲਿਆ ਮਣਾਂ ਮੂੰਹੀ ਪਾਣੀ ਜਰਨੈਲ ਦੀ ਲੌਂਗ ਲੈਚੀਆਂ ਤੇ ਗੁਲਾਬ ਪਾ ਕੇ ਘਰ ਦੀ ਕੱਢੀ ਦਾਰੂ ਨਾਲੋਂ ਕਿਤੇ ਵੱਧ ਖਸ਼ਬੂਦਾਰ ਸੀ।
ਪਾਤਰ ਘਟਨਾਵਾਂ ਨਾਮ ਕਾਲਪਨਿਕ ਹਨ
ਰਾਜਿੰਦਰ ਢਿੱਲੋਂ