26 ਜਨਵਰੀ ਦੀ ਸੁਹਾਣੀ ਸਵੇਰ ਸੀ। ਕਾਲਜੋਂ ਛੁੱਟੀ ਹੋਣ ਕਾਰਨ ਮੈਂ ਕਾਫੀ ਦਿਨ ਚੜ੍ਹੇ ਤੱਕ ਵੀ ਰਜਾਈ ਦਾ ਨਿੱਘ ਮਾਣ ਰਹੀ ਸੀ। ਕੋਲ ਪਏ ਰੇਡੀਓ ਤੇ ਦੇਸ਼ ਪਿਆਰ ਦੇ ਗੀਤ ਚੱਲ ਰਹੇ ਸਨ। ਮੈਂ ਵੀ ਇਸੇ ਖੁਮਾਰ ਵਿਚ ਹੁਣੇ ਆ ਚੁੱਕੇ ਇਕ ਨੇਤਾ ਦੇ ਭਾਸ਼ਣ ਬਾਰੇ ਸੋਚ ਰਹੀ ਸੀ। ਸੱਚ ਮੁੱਚ ਹੀ ਕਿੰਨੀ ਤਰੱਕੀ ਕੀਤੀ ਹੈ ਮੇਰੇ ਦੇਸ਼ ਨੇ, ਅੱਜ ਦਾ ਦਿਨ ਹਰ ਭਾਰਤਵਾਸੀ ਲਈ ਮਾਣ ਦਾ ਦਿਨ ਹੈ, ਨੇਤਾ ਜੀ ਦੇ ਸ਼ਬਦ ਮੇਰੇ ਕੰਨਾ ਚ ਗੂੰਜ ਰਹੇ ਸਨ।
ਸਾਗ ਲੈ ਲੋ ਸਾਗ, ਅਚਾਨਕ ਬਾਹਰੋਂ ਸਾਗ ਵਾਲੀ ਦੀ ਅਵਾਜ਼ ਆਈ ਅਤੇ ਨਾਲ ਹੀ ਰਸੋਈ ਵੱਲੋਂ ਬੀਜੀ ਨੇ ਮੈਨੂੰ ਸਾਗ ਲਿਆਉਣ ਲਈ ਆਖਿਆ।
ਹੂੰ, ਅੱਜ ਤਾਂ 26 ਜਨਵਰੀ ਹੈ ਅਤੇ ਇਹ ਸਵੇਰੇ ਸਾਗ ਵੀ ਲੈ ਕੇ ਆ ਗਈ। ਬੁੜਬੜਾਂਦੀ ਮੈਂ ਬਾਹਰ ਨੂੰ ਤੁਰ ਪਈ।
ਸਾਗ ਵਾਲੀ ਨੂੰ ਮੈਂ ਅਵਾਜ ਮਾਰ ਕੇ ਸਾਗ ਤੋਲਣ ਲਈ ਆਖਿਆ। ਸਾਗ ਤੋਲਦਿਆਂ ਤੋਲਦਿਆਂ ਹੀ ਉਸਨੇ ਮੈਨੂੰ ਪੁੱਛਿਆ, “ਕਿਉਂ ਬੀਬੀ ਅੱਜ ਸਕੂਲੇ ਨਹੀਂ ਗਈ’’
ਨਹੀਂ ਅੱਜ ਤਾਂ ਸਾਨੂੰ ਛੁੱਟੀ ਹੈ। ਅੱਜ 26 ਜਨਵਰੀ ਹੈ। ਮੈਂ ਜਵਾਬ ਦਿੱਤਾ। ‘ਬੀਬੀ ਇਹ ਕਿਹੜਾ ਗੁਰਪੂਰਬ ਹੈ?
ਨੇਤਾ ਜੀ ਦੇ ਬੋਲ ਅਤੇ ਸਾਗ ਵਾਲੀ ਦਾ ਸਵਾਲ ਮੇਰੇ ਦਿਮਾਗ ਵਿਚ ਚੱਕਰ ਲਾ ਰਹੇ ਸਨ।
ਕਿਰਨਜੀਤ ਗਿੱਲ