ਮ੍ਰਿਤਕ ਦੇ ਰਿਸ਼ਤੇਦਾਰ , ਮਿੱਤਰ ਤੇ ਸ਼ੁਭਚਿੰਤਕ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਅਤੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਲਈ ਸ਼ੋਕ ਸਮਾਗਮ ਵਿਚ ਆਏ ਹੋਏ ਹਨ। ਇਕ ਪ੍ਰਚਾਰਕ ਮਾਈਕ ਅੱਗੇ ਖੜੋ ਕੇ ਸੰਗਤ ਨੂੰ ਦੱਸ ਰਿਹਾ ਹੈ।
ਸੰਸਾਰ ਵਿਚ ਜੋ ਕੁੱਝ ਸਾਨੂੰ ਦਿਸ ਰਿਹਾ ਹੈ ਇਹ ਸਭ ਬੱਦਲ ਦੀ ਛਾਂ ਵਾਂਗੂੰ ਨਾਸ਼ਵਾਨ ਹੈ। ਜੋ ਚੀਜ਼ ਪੈਦਾ ਹੋਈ ਹੈ ਉਸ ਨੇ ਅੱਜ ਜਾਂ ਕੱਲ ਨੂੰ ਜ਼ਰੂਰ ਖਤਮ ਹੋਣਾ ਹੈ।
ਪ੍ਰਚਾਰਕ, ਰੁਪਈਏ ਦੇਣ ਆ ਰਹੀ ਸੰਗਤ ਨੂੰ ਚੋਰ ਅੱਖ ਨਾਲ ਵਿਚੋ ਵਿਚੀ ਦੇਖੀ ਜਾਂਦਾ ਹੈ ਤੇ ਭਾਸ਼ਨ ਦੀ ਲੜੀ ਜਾਰੀ ਹੈ
ਜਦੋਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੁਨੀਆਂ ਦੀ ਹਰ ਸ਼ੈਅ ਨਾਸ਼ਵਾਨ ਹੈ ਫਿਰ ਅਸੀਂ ਮਾਇਆ ਦੀ ਫਾਹੀ ਵਿਚ ਫਸ ਕੇ ਰੱਬ ਦੇ ਨਾਂ ਨੂੰ ਕਿਉਂ ਭੁਲਾ ਦਿੱਤਾ ਹੈ। ਇਹ ਮਾਇਆ ਖੋਟੀ ਰਾਸ ਹੈ। ਇਸ ਨੇ ਕਈ ਘਰ ਤਬਾਹ ਕਰ ਦਿੱਤੇ ਹਨ। ਇਸ ਨੇ ਸਾਰੇ ਸੰਸਾਰ ਨੂੰ ਆਪਣੇ ਜਾਲ ਵਿਚ ਜਕੜ ਰੱਖਿਆ ਹੈ। ਪੰਡਾਲ ਵਿਚ ਸ਼ਨਾਟਾ ਛਾ ਗਿਆ ਹੈ। ਹਰ ਇਕ ਮੌਤ ਦੇ ਪੰਜੇ ਤੋਂ ਡਰ ਰਿਹਾ ਹੈ ਜਿਵੇਂ ਮੌਤ ਸਾਹਮਣੇ ਖੜੀ ਦਿਸ ਰਹੀ ਹੋਵੇ।
ਪਿਆਰੀ ਸਾਧ ਸੰਗਤ ਜੀ! ਇਹ ਸਰੀਰ ਅਤੇ ਮਾਇਆ ਸਾਡੇ ਨਾਲ ਨਹੀਂ ਜਾਂਦੇ। ਇਹਨਾਂ ਦੋਹਾਂ ਤੇ ਮਾਣ ਕਰਨਾ ਵਿਅਰਥ ਹੈ। ਅੰਤ ਵੇਲੇ ਇਹਨਾਂ ਵਿੱਚੋਂ ਕੋਈ ਵੀ ਸਾਡਾ ਸਾਥ ਨਹੀਂ ਦਿੰਦਾ। ਪਰਮਾਤਮਾ ਦਾ ਸਿਮਰਨ ਹੀ ਸਾਡਾ ਸੱਚਾ ਸਾਖੀ ਹੈ। ਪਰ ਅੱਜ ਦਾ ਮਨੁੱਖ ਮਾਇਆ ਦੇ ਨਸ਼ੇ ਵਿਚ ਮਸਤ ਹੈ। ਇਸ ਪਿੱਛੇ ਪਾਗਲ ਹੋਇਆ ਵਾਹਿਗੁਰੂ ਦਾ ਨਾਮ ਭੁਲਾ ਬੈਠਾ ਹੈ।
ਸੰਗਤ ਵੱਲੋਂ ਮਾਇਆ ਆਉਣ ਕਰਕੇ ਪ੍ਰਚਾਰਕ ਦਿੱਤੇ ਵਕਤ ਤੋਂ ਵੱਧ ਸਮਾਂ ਲੈਣ ਦੀ ਕੋਸ਼ਿਸ਼ ਵਿਚ ਹੈ। ਸਟੇਜ ਸਕੱਤਰ ਉਸ ਦਾ ਪਜਾਮਾ ਖਿੱਚਦਾ ਹੈ। ਅਖੀਰ ਉਹਦੇ ਗਿੱਟੇ ਤੇ ਚੂਚੀਆਂ ਵੱਢ ਕੇ ਉਸ ਨੂੰ ਭਾਸ਼ਨ ਬੰਦ ਕਰਨ ਤੇ ਮਜ਼ਬੂਰ ਕਰ ਦਿੱਤਾ ਜਾਂਦਾ ਹੈ।
ਸ਼ੋਕ ਸਮਾਚਾਰ ਤੋਂ ਬਾਅਦ ਮਾਇਆ ਦਾ ਲਾਲਚ ਨਾ ਕਰੋ’ ਦਾ ਪ੍ਰਚਾਰ ਕਰਨ ਵਾਲਾ ਲੜ ਝਗੜ ਕੇ ਘਰ ਵਾਲਿਆਂ ਤੋਂ ਹੋਰ ਵਧੇਰੇ ਭੇਟਾ ਮੰਗ ਰਿਹਾ ਹੈ।
ਆਤਮਾ ਸਿੰਘ ਚਿੱਟੀ