ਕਾਨੂੰਨ

by Jasmeet Kaur

“ਕੀ ਏ ਬਈ?” ਬਾਹਰ ਵੱਡੇ ਗੇਟ ਤੇ ਖੜੀ ਸੇਲਜ਼ ਗਰਲ ਨੂੰ ਮੈਂ ਰਸੋਈ ਦੀ ਜਾਲੀ ਵਾਲੀ ਖਿੜਕੀ ‘ਚੋਂ ਬਾਹਰ ਝਾਕਦਿਆਂ ਪੁੱਛਿਆ।
“ਮੈਡਮ! ਮੇਰੇ ਕੋਲ ਕੁਝ ਸਾਮਾਨ ਹੈ। ਜ਼ਰਾ ਬਾਹਰ ਆ ਕੇ ਵੇਖ ਲਓ।’’ ਮੈਨੂੰ ਆਵਾਜ਼ ਕੁਝ ਜਾਣੀ-ਪਛਾਣੀ ਜਿਹੀ ਲੱਗੀ।
ਗੈਸ ਬੰਦ ਕਰ ਮੈਂ ਝੱਟ ਬੂਹਾ ਖੋਲ ਕੇ ਬਾਹਰ ਗੇਟ ਕੋਲ ਪੁੱਜ ਗਈ।
ਹੈ! ਸ਼ੰਮੀ ਤੂੰ ਇਹ ਕੀ ? ਆਪਣੇ ਕਾਲਜ ਦੀ ਹੁਸੀਨ ਤੇ ਚੰਚਲ ਦੋਸਤ ਨੂੰ ਬਿਖ਼ਰੀ ਜਿਹੀ ਹਾਲਤ ਵਿਚ ਵੇਖ ਮੈਂ ਹੈਰਾਨ ਪ੍ਰੇਸ਼ਾਨ ਹੋ ਰਹੀ ਸੀ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੀ, ਮੈਂ ਉਸ ਦਾ ਹੱਥ ਫੜ ਉਸ ਨੂੰ ਅੰਦਰ ਲੈ ਆਈ।
ਰੀਨਾ! ਦੋ ਕੱਪ ਚਾਹ ਬਣਾਈ। ਆਪਣੀ ਛੋਟੀ ਨਨਾਣ ਨੂੰ ਕਹਿ ਮੈਂ ਉਸ ਨਾਲ ਸੋਫੇ ਤੇ ਹੀ ਬੈਠ ਗਈ।
ਗੱਲ ਸੁਣ! ਤੇਰਾ ਤਾਂ ਕੁਝ ਮਹੀਨੇ ਪਹਿਲਾਂ ਕਿਸੇ ਅਮੀਰ ਮੁੰਡੇ ਨਾਲ ਵਿਆਹ ਹੋ ਗਿਆ ਸੀ ਤੇ ਇਹ ਕੀ? ਮੇਰੀ ਹੈਰਾਨੀ, ਮੇਰੀ ਸਮਝ ਤੇ ਹਾਵੀ ਹੋ ਰਹੀ ਸੀ।
“ਉਹ ਧੋਖੇਬਾਜ਼ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਸੀ।’’ ਮਸਾਂ ਹੀ ਬੋਲ ਸਕੀ ਉਹ।
“ਹੈਂ ਫਿਰ ਕੀ ਹੋਇਆ?”
“ਹੋਣਾ ਕੀ ਸੀ। ਉਸ ਦੀ ਪਹਿਲੀ ਬੀਵੀ ਆਪਣੇ ਜ਼ੋਰੇ-ਹੱਕ ਨਾਲ ਲੈ ਗਈ ਉਸ ਨੂੰ ।”
“ਤੇ ਤੂੰ ਉਸ ਤੇ ਧੋਖਾ-ਦੇਹੀ ਦਾ ਕੇਸ ਕਰ ਦੇਣਾ ਸੀ।” ਮੈਂ ਆਪਣੇ ਇਨਕਲਾਬੀ ਵਿਚਾਰਾਂ ਦਾ ਇਜ਼ਹਾਰ ਕਰਦਿਆਂ ਕਿਹਾ।
‘‘ਕੇਸ?” ਇਕ ਵਿਅੰਗਾਤਮਕ ਜਿਹਾ ਹਾਸਾ ਉਸ ਦੇ ਚਿਹਰੇ ਤੇ ਖਿਲਰ ਗਿਆ।
ਉਸ ਲਈ ਪੈਸਾ ਕਿਥੋਂ ਲਿਆਉਂਦੀ? ਮਾਂ-ਬਾਪ ਦੀ ਗਰੀਬੀ ਨੇ ਹੀ ਤਾਂ ਮੇਰੇ ਅਜਿਹੇ ਨਸੀਬ ਘੜੇ ਸੀ। ਆਪਣੇ ਵਧੇ ਪੇਟ ਵੱਲ ਵੇਖਦਿਆਂ ਉਸ ਦੇ ਰੋਕ-ਰੋਕ ਰੱਖੇ ਹੰਝੂ ਉਸ ਦੀਆਂ ਪੀਲੀਆਂ ਭੂਕ ਗੱਲਾਂ ‘ਤੇ ਰੁੜ੍ਹਨ ਲਈ ਮਜ਼ਬੂਰ ਹੋ ਗਏ।

ਰਾਜਿੰਦਰ ਕੌਰ ਵੰਤਾ

You may also like