ਮਨਪਸੰਦ ਦਾ ਘਰ ਸ਼ਰਨਜੀਤ ਦਾ ਬਚਪਨ ਤੋਂ ਹੀ ਸੁਪਨਾ ਸੀ। ਬਚਪਨ ਤੋਂ ਜਵਾਨੀ, ਤੇ ਜਵਾਨੀ ਚ ਸ਼ਾਦੀ ਹੋ ਜਾਣ ਪਿੱਛੋਂ ਉਸਦਾ ਸੁਪਨਾ ਵਾਰ-ਵਾਰ ਉਸਦੇ ਮਸਤਕ `ਚ ਦਸਤਕ ਦਿੰਦਾ ਰਿਹਾ। ਉਹ ਤੇ ਉਸਦਾ ਪਤੀ ਘਰ ਦੀ ਪ੍ਰਾਪਤੀ ਲਈ ਪੈਸਾ ਜੋੜਨ ਦੀ ਕੋਸ਼ਿਸ਼ ਕਰਦੇ ਪਰ ਬੈਂਕ ਬੈਲੈਂਸ ਉੱਥੇ ਦਾ ਉੱਥੇ ਹੀ ਰਹਿੰਦਾ। ਬੱਚਿਆਂ ਦੀ ਪਾਲਣਾ, ਪੜ੍ਹਾਈ, ਵਿਆਹ ਆਦਿ ਦੇ ਖ਼ਰਚਿਆਂ ਨੇ ਉਨ੍ਹਾਂ ਦੇ ਹੱਥ ਬੰਨੀ ਰੱਖੇ। ਉਹ ਮਕਾਨ ਤਾਂ ਬਦਲਦੇ ਰਹੇ ਪਰ ਘਰ ਨਸੀਬ ਨਾ ਹੋਇਆ। ਕਿਰਾਏ ਦੇ ਘਰਾਂ ਵਿਚ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਇਹ ਮਕਾਨ ਉਸ ਨੂੰ ਕਦੀ ਵੀ ਘਰ ਨਾ ਲੱਗਦੇ।
‘ਆਪਣੇ ਘਰ ਮੈਂ ਮਨ ਪਸੰਦ ਦਾ ਰੰਗ ਕਰਵਾ ਸਕਾਂਗੀ। ਜਿਸ ਦੀਵਾਰ ਤੇ ਚਾਹਾਂ ਮੇਖਾਂ ਲਗਾ ਕੇ ਫ਼ੋਟੋਆਂ ਟੰਗ ਸਕਾਂਗੀ। ਲੋੜ ਮੁਤਾਬਕ ਅਲਮਾਰੀਆਂ, ਖੁਲੀ ਰਸੋਈ ਤੇ ਬਾਥਰੂਮ ਬਣਵਾ ਸਕਾਂਗੀ। ਹੋਰ ਤਾਂ ਹੋਰ ਆਪਣੇ ਘਰ ਵਿਚ ਜਿਵੇਂ ਮਰਜ਼ੀ ਰਹਿ ਸਕਾਂਗੀ, ਜੋ ਚਾਹਾਂ ਕਰ ਸਕਾਂਗੀ। ਉੱਚੀ ਉੱਚੀ ਬੋਲਾਂਗੀ, ਨੱਚਾਂਗੀ, ਗਾਵਾਂਗੀ ਸ਼ੋਰ ਮਚਾਵਾਂਗੀ ਤੇ ਜਿਵੇਂ ਜੀ ਕਰੂ ਖਰੂਦ ਪਾਵਾਂਗੀ। ਕੋਈ ਮੈਨੂੰ ਰੋਕਣ ਟੋਕਣ ਵਾਲਾ ਨਹੀਂ ਹੋਵੇਗਾ। ਮਕਾਨ ਮਾਲਕਾਂ ਦੀਆਂ ਬੰਦਸ਼ਾਂ ਤੇ ਰੋਕਾਂ ਤੋਂ ਮੁਕਤ ਮੈਂ ਆਪਣੀ ਮਰਜੀ ਦੇ ਮਾਲਕ ਹੋਵਾਂਗੀ।
ਸ਼ਰਨਜੀਤ ਆਪਣੇ ਨਵੇਂ ਬਣਾਏ ਵਧੀਆ ਘਰ ਦੇ ਲਾਅਨ ਵਿਚ ਚਹਿਲ ਕਦਮੀ ਕਰਦੀ, ਬਚਪਨ ਦੇ ਸੁਪਨੇ ਨੂੰ ਯਾਦ ਕਰ ਰਹੀ ਸੀ। ਇਹ ਘਰ ਉਨ੍ਹਾਂ ਨੂੰ ਸੇਵਾ ਮੁਕਤੀ ਦੇ ਮਿਲੇ ਪੈਸਿਆਂ ਕਰਕੇ ਹੀ ਸੰਭਵ ਹੋ ਸਕਿਆ ਸੀ।
ਹੁਣ ਉਹ ਖ਼ੁਸ਼ ਹੈ ਕਿ ਇਹ ਨਵਾਂ ਮਕਾਨ ਉਸ ਦਾ ਆਪਣਾ ਘਰ ਹੈ। ਨਰਮ ਨਰਮ ਘਹ ਤੇ ਚਹਿਲ ਕਦਮੀ ਕਰਨਾ ਉਸਨੂੰ ਚੰਗਾ ਚੰਗਾ ਲੱਗਦਾ ਹੈ। ਉਹ ਅੰਤਰੀਵ ਖ਼ੁਸ਼ੀ ਵਿਚ ਮਸਤ ਹੈ। ਇਸੇ ਮਸਤੀ ਦੇ ਆਲਮ ਵਿਚ, ਉਸਨੇ ਕਿਸੇ ਗੀਤ ਦਾ ਮੁੱਖੜਾ, ਉੱਚੀ ਸੁਰ ਵਿਚ ਛੋਹ ਲਿਆ ਹੈ।
“ਮੰਮੀ ਪਲੀਜ਼! ਚੁੱਪ ਕਰੋ, ਉਸਦੇ ਪੁੱਤਰ ਨੇ ਅੰਦਰੋਂ ਚੀਕਦਿਆਂ ਕਿਹਾ”
“ਰੌਲਾ ਸੁਣਕੇ ਮੁੰਨੀ ਜਾਗ ਪਵੇਗੀ।”
ਉਹ ਚੁੱਪ ਕਰ ਗਈ। ਉਸਦੇ ਅੰਦਰੋਂ ਇਕ ਚੀਸ ਜਿਹੀ ਉੱਠੀ, ਮੇਰਾ ਗੁਣਗਣਾਉਣਾ ਵੀ ਬੱਚਿਆਂ ਨੂੰ ਰੌਲਾ ਲਗਦਾ ਹੈ।
ਦਰਦ ਭਰੇ ਮਨ ਨਾਲ ਉਹ ਸੋਚਣ ਲੱਗੀ ਕਿ ਇਹ ਕਿਹੋ ਜਿਹੀ ਵਿਡੰਬਣਾ ਹੈ ਕਿ ਮੈਂ ਆਪਣੇ ਘਰ ਵਿਚ ਉੱਚੀ ਵਾਜ ਵੀ ਨਹੀਂ ਕੱਢ ਸਕਦੀ। ਪੈਰਾਂ ਹੇਠਲਾ ਨਰਮ ਨਰਮ ਘਾਹ ਉਸਨੂੰ ਸੂਲਾਂ ਵਾਂਗ ਚੁੱਭਣ ਲੱਗਾ। ਟੁੱਟਦੇ ਸੁਪਨੇ ਦਾ ਹੌਕਾ ਭਰਦਿਆਂ ਉਸਨੇ ਆਪਣੇ ਆਪ ਨੂੰ ਕਿਹਾ, ‘‘ਮੈਂ ਤਾਂ ਅੱਜ ਵੀ ਆਪਣੇ ਘਰ ਨਹੀਂ, ਕਿਰਾਏ ਦੇ ਮਕਾਨ ਵਿਚ ਰਹਿ ਰਹੀ ਹਾਂ!”
ਸੁਰਿੰਦਰ ਕੈਲੇ