ਰਤਨ ਸਿੰਘ ਇੱਕ ਅੱਤ ਜ਼ਰੂਰੀ ਕੰਮ ਲਈ ਜਾਣ ਵਾਸਤੇ ਤਿਆਰ ਹੋ ਰਿਹਾ ਸੀ। ਉਸ ਨੂੰ ਆਸ ਸੀ ਕਿ ਉਸ ਦਾ ਦੋਸਤ, ਉਸ ਨੂੰ ਕਦੇ ਵੀ ਨਿਰਾਸ਼ ਨਹੀਂ ਮੋੜੇਗਾ। ਉਸ ਨੇ ਅੱਜ ਤੱਕ ਕਦੇ ਉਸ ਨੂੰ ਕੋਈ ਸਵਾਲ ਨਹੀਂ ਪਾਇਆ ਸੀ ਅਤੇ ਉਸ ਲਈ ਇਹ ਕੋਈ ਵੱਡਾ ਕੰਮ ਵੀ ਨਹੀਂ ਸੀ।
ਉਹ ਹਾਲੀ ਘਰ ਤੋਂ ਬਾਹਰ ਹੀ ਨਹੀਂ ਨਿਕਲਿਆ ਸੀ ਕਿ ਉਸ ਦੀ ਵੱਡੀ ਨੂੰਹ ਨੇ ਛਿੱਕ ਮਾਰ ਦਿੱਤੀ। ਉਸ ਨੇ ਆਪਣੇ ਪੈਰ ਜਿਹੇ ਮਲੇ ਅਤੇ ਗਹਿਰੀਆਂ ਅੱਖਾਂ ਨਾਲ ਮੁੜਕੇ ਵੇਖਦਾ ਹੋਇਆ, ਘਰ ਦਾ ਬੂਹਾ ਲੰਘ ਗਿਆ। ਉਸ ਨੇ ਘਰ ਦਾ ਮੋੜ ਮੁੜਿਆ ਹੀ ਸੀ ਕਿ ਕਾਲੀ ਬਿੱਲੀ ਉਸ ਦਾ ਰਾਹ ਕੱਟ ਗਈ। ਉਸ ਦਾ ਮੱਥਾ ਠਣਕਿਆ ਅਤੇ ਨਾਲ ਹੀ ਖੜੇ ਡੱਬੇ ਕੁੱਤੇ ਨੇ ਕੰਨ ਮਾਰ ਦਿੱਤੇ ਸਨ। ਉਹ ਕੁਝ ਹੀ ਕਦਮ ਅੱਗੇ ਟੁਰਿਆ ਸੀ ਕਿ ਕਿਸੇ ਨੇ ਉਸ ਦਾ ਨਾਮ ਲੈ ਕੇ ਪਿਛੋਂ ਆਵਾਜ਼ ਮਾਰ ਦਿੱਤੀ ਸੀ। ਜਦ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਕਾਲਾ ਬਾਹਮਣ ਤੁਲਸੀ ਆਪਣਾ ਕੰਮ ਚੇਤੇ ਕਰਵਾ ਕੇ ਆਪਣੇ ਘਰ ਵੜ ਗਿਆ ਸੀ।
ਕੁਸਣ ਬਹੁਤ ਹੋ ਗਏ ਸਨ ਅਤੇ ਉਹ ਘਰ ਵਾਪਸ ਮੁੜ ਜਾਣ ਬਾਰੇ ਸੋਚ ਰਿਹਾ ਸੀ। ਪਰ ਉਸ ਦੀ ਲੋੜ ਨੇ ਉਸ ਦੇ ਪੈਰਾਂ ਨੂੰ ਫਿਰ ਦੋਸਤ ਦੇ ਘਰ ਵੱਲ ਜਾਣ ਲਈ ਮਜ਼ਬੂਰ ਕਰ ਦਿੱਤਾ ਸੀ।
ਉਹ ਆਪਣੇ ਦੋਸਤ ਦੇ ਘਰ ਵੜਿਆ ਹੀ ਸੀ ਕਿ ਉਹ ਸਾਹਮਣੇ ਖੜਾ ਕਿਤੇ ਬਾਹਰ ਜਾਣ ਲਈ ਤਿਆਰ ਹੋ ਰਿਹਾ ਸੀ। ਦੋਸਤ ਨੇ ਰਸਮੀ ਸੁੱਖ ਸਾਂਦ ਪੁੱਛ ਕੇ ਉਸਦੇ ਆਉਣ ਦਾ ਕਾਰਨ ਜਾਨਣਾ ਚਾਹਿਆ। ਰਤਨ ਸਿੰਘ ਨੇ ਝਿਜਕਦੇ ਜਿਹੇ ਆਪਣਾ ਕੰਮ ਦੱਸਿਆ। ਦੋਸਤ ਨੇ ਬੈਗ ਵਿੱਚ ਹੱਥ ਮਾਰਿਆ ਅਤੇ ਦਸ ਹਜ਼ਾਰ ਰੁਪਏ ਦੀ ਗੁੱਟੀ ਉਸ ਦੇ ਹੱਥ ਫੜਾ ਦਿੱਤੀ।