ਕਮੇਟੀ ਵਲੋਂ ਆਏ ਹਾਊਸ ਟੈਕਸ ਤੇ ਨਜ਼ਰਾਂ ਟਿਕਾਈ ਕਦੇ ਤਾਂ ਉਹ ਆਪਣੇ ਛੋਟੇ ਜਿਹੇ ਘਰ ਬਾਰੇ ਸੋਚਦਾ ਤੇ ਕਦੇ ਟੈਕਸ ਦੀ ਰਕਮ ਦੇ ਅੱਖਰਾਂ ਵੱਲ ਹੈਂਅ ਕੀ ਭੋਰਾ ਕੁ ਥਾਂ ਤੇ ਟੈਕਸ ਲਾ ਤਾ, ਲਾਉਣਾ ਈ ਆ ਤਾਂ ਵੱਡੀਆਂ ਕੋਠੀਆਂ ਵਾਲਿਆਂ ਨੂੰ ਲਾਉਣ- ਸਹੁਰੀ ਦੋਗਲੀ ਨੀਤੀ ਕਹਿੰਦੇ ਕੁਸ਼ ਆ ਕਰਦੇ ਕੁਸ਼ ਆ।
ਨੋਟਿਸ ਤੇ ਲਿਖੀ ਨਿਸਚਿਤ ਮਿਤੀ ਨੂੰ ਉਹ ਆਪਣਾ ਲਿਖਤੀ ਇਤਰਾਜ਼ ਲੈ ਕਮੇਟੀ ਦਫ਼ਤਰ ਗਿਆ। ਲੰਮੀ ਸਾਰੀ ਲਾਈਨ ਵੇਖ ਉਹਨੂੰ ਵੰਨ ਥਰਡ ਦੀ ਥਾਂ ਪੂਰੇ ਦਿਨ ਦੀ ਛੁੱਟੀ ਸਕੂਲੋਂ ਲੈਣ ਦਾ ਖਿਆਲ ਐਵੇਂ ਹੀ ਆਇਆ। ਚਲੋ ਕੰਮ ਬਣ ਜੇ ਛੁਟੀ ਦਾ ਕੀ ਏ। ਸੋਚਦੇ ਉਹਨੂੰ ਵਾਜ ਪਈ ਤਾਂ ਕਮੇਟੀ ਅਫ਼ਸਰ ਦੇ ਰੂ-ਬ-ਰੂ ਹੁੰਦੇ ਆਪਣੀ ਭਰਾਵਾਂ ਦੀ ਸਾਂਝੀ ਥਾਂ ਨੂੰ ਲੱਗੇ ਟੈਕਸ ਦੀ ਗੱਲ ਤੋਰੀ- ਸਾਂਝੀ ਥਾਂ ਜਿਸ ਵਿਚ ਉਹ ਕਈ ਸਾਲਾਂ ਤੋਂ ਰਹਿੰਦੇ ਆ ਰਹੇ ਸਨ। ਚਿਰਾਂ ਤੋਂ ਵਿਹੜਾ ਸਾਂਝਾ ਸੀ। ਕਿਸੇ ਨੇ ਲੋੜ ਹੀ ਨਹੀਂ ਸੀ ਸਮਝੀ ਵਿਚਾਲੇ ਕੰਧ ਦੀ। ਸਾਂਝੇ ਵਿਹੜੇ ਦੀ ਗੱਲ ਸੁਣਕੇ ਅਫਸਰ ਦੇ ਬੋਲ
“ਮਾਸਟਰ ਜੀ ਸਾਡੇ ਰਿਕਾਰਡ ਵਿਚ ਤਾਂ ਰਕਬਾ ਕੱਠਾ ਹੀ ਐ- ਹਾਂ ਜੇ ਵਿਚਾਲੇ ਕੰਧ ਕਰ ਲਵੋ ਤਾਂ ਰਕਬਾ ਅੱਡ ਅੱਡ ਆਊਗਾ- ਨਾਲੇ ਅਸੀਂ ਚੁਬਾਰੇ ਆਲੇ ਨੂੰ ਟੈਕਸ ਲਾਉਣਾ ਏ ਥਾਂ ਭਾਵੇਂ ਥੋੜੀ ਹੋਵੇ ਭਾਵੇਂ ਬਹੁਤੀ।”
‘‘ਪਰ ਇਹ ਨਿਆਂ ਤਾਂ ਨਹੀਂ ਨਾ ਮਾਲਕੋ ”
‘‘ਭਾਵੇਂ ਕੁਝ ਸਮਝ ਲਵੋ ਉਪਰੋਂ ਹੁਕਮ ਏਵੇਂ ਹੀ ਆਏ ਨੇ ਜਨਾਬ ”
“ਅੱਛਾ।” ਉਦਾਸੀ ਜਿਹੀ ਸੋਚ ਵਿਚ ਕੰਧਾਂ ਚੁਬਾਰਾ ਟੈਕਸ ਲੋਕ ਰਾਜ ਦੇ ਅਖੌਤੀ ਚਿਹਰੇ ਸਾਹਮਣੇ ਫਿਰਨ ਲੱਗੇ।
ਗੁਰਮੀਤ ਸਿੰਘ ਫਾਜ਼ਿਲਕਾ