ਕਦੇ ਕਿਸੇ ਨੇ ਨਹੀਂ ਕਿਹਾ ਕਿ ਆਓ! ਚਿੰਤਾ ਕਰੀਏ। ਕਿਉਂ? ਕਿਉਂਕਿ ਅਸੀਂ ਕਿਸੇ ਦੇ ਕਹਿਣ ਤੋਂ ਬਿਨਾਂ ਹੀ ਹਰ ਵੇਲੇ ਚਿੰਤਾ ਕਰਦੇ ਹੀ ਰਹਿੰਦੇ ਹਾਂ। ਨਿੱਤ ਕਰਦੇ ਹਾਂ, ਬਿਨਾਂ ਨਾਗਾ ਕਰਦੇ ਹਾਂ, ਸਾਰੇ ਕਰਦੇ ਹਾਂ।
ਜੀ ਹਾਂ। ਇਹ ਸੱਚ ਹੈ ਕਿ ਅਸੀਂ ਸਾਰੇ ਚਿੰਤਾ ਕਰਦੇ ਹਾਂ। ਕੋਈ ਵੱਧ, ਕੋਈ ਘੱਟ, ਕੋਈ ਹਰ ਪਲ, ਕੋਈ ਹਰ ਰੋਜ਼, ਕੋਈ ਕਦੇ ਕਦਾਈ।
ਪਰ ਕਮਾਲ ਦੀ ਗੱਲ ! ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਚਿੰਤਾ ਕਰੋ। ਨਾਲ ਹੀ ਇੱਕ ਸ਼ਰਤ ਵੀ ਹੈ ਕਿ ਕੇਵਲ ਉਸ ਗੱਲ ਦੀ ਚਿੰਤਾ ਕਰੋ ਜੋ ਅਣਹੋਣੀ ਹੋਵੇ। ਜੋ ‘ਹੋਣੀ ਹੈ ਤੇ ਸਭ ਨਾਲ ਹੁੰਦੀ ਆਈ ਹੈ, ਸਭ ਨਾਲ ਹੁੰਦੀ ਰਹੇਗੀ ਉਸ ਗੱਲ ਦੀ ਚਿੰਤਾ ਕਿਉਂ ਕਰੀਏ ਫੁਰਮਾਨ ਹੈ:
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥
ਮਰਨ ਦੀ ਚਿੰਤਾ ਤਾਂ ਕਦੇ ਵੀ ਨਾ ਕਰੀਏ। ਨਾ ਆਪਣੇ ਮਰਨ ਦੀ ਤੇ ਨਾ ਹੀ ਆਪਣੇ ਸੁਨੇਹੀਆਂ ਦੇ ਮਰਨ ਦੀ। ਹਰੇਕ ਨੇ ਮਰਨਾ ਹੀ ਮਰਨਾ ਹੈ। ਕਿਸੇ ਨੂੰ ਵੀ ਨਹੀਂ ਪਤਾ ਕਿਸਨੇ ਕਦੋਂ ਤੇ ਕਿਵੇਂ ਮਰਨਾ ਹੈ? ਪਰ ਮਰਨਾ ਜ਼ਰੂਰ ਹੈ। ਸੋ ਮਰਨ ਦੀ ਚਿੰਤਾ ਕਦੇ ਵੀ ਨਾ ਕਰੀਏ। ਮਰਨਾ ਅਣਹੋਣੀ ਨਹੀਂ ਹੈ।
ਇਸੇ ਤਰ੍ਹਾਂ ਦੁੱਖ-ਸੁੱਖ ਵੀ ਸਭ ਤੇ ਆਉਣੇ ਹੀ ਆਉਣੇ ਹਨ। ਕਿਸੇ ਸਰੀਰਿਕ ਰੋਗ ਦੀ, ਐਕਸੀਡੈਂਟ ਦੀ, ਚੋਰੀ ਦੀ, ਨੁਕਸਾਨ ਦੀ ਚਿੰਤਾ ਕਰਨੀ ਵੀ ਬੇਲੋੜੀ ਹੈ। ਹਾਂ, ਆਪਣੇ ਵੱਲੋਂ ਸਭ ਕੁਝ ਧਿਆਨ ਨਾਲ ਕਰੀਏ ਪਰੰਤੂ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੀਏ।
ਇੱਕ ਦਿਨ ਮੈਂ ਸੋਚਿਆ ਕਿ ਮੈਂ ਕਿੰਨੀ ਵਾਰੀ, ਕਿੰਨੀਆਂ ਗੱਲਾਂ ਬਾਰੇ ਕਿੰਨੀ ਹੀ ਚਿੰਤਾ ਕੀਤੀ। ਪਰ ਚਿੰਤਾ ਕਰਨ ਨਾਲ ਅੱਜ ਤਕ ਕਦੇ ਵੀ ਮੈਨੂੰ ਕੋਈ ਲਾਭ ਨਹੀਂ ਹੋਇਆ। ਸਗੋਂ ਬਹੁਤੀਆਂ ਗੱਲਾਂ ਜਿਹਨਾਂ ਦੀ ਮੈਂ ਚਿੰਤਾ ਕਰਦਾ ਰਿਹਾ, ਉਹ ਹੋਈਆਂ ਹੀ ਨਹੀਂ। ਐਵੇਂ ਸਮਾਂ ਤੇ ਸਿਹਤ ਬਰਬਾਦ ਕੀਤੀ।
ਹੁਣ ਮੈਂ ਸੋਚਿਆ ਹੈ ਕਿ ਕਦੇ ਵੀ ਚਿੰਤਾ ਨਹੀਂ ਕਰਨੀ। ਜੇ ਇਸਦਾ ਕੋਈ ਲਾਭ ਨਹੀਂ ਹੁੰਦਾ, ਫਿਰ ਕਿਉਂ ਕਰੀਏ ?
ਚਿੰਤਾ ਕਰਨ ਨਾਲੋਂ ਆਪਣੇ ਚਿੱਤ ਵਿੱਚ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੀਏ। ਚਿੰਤਾ ਨਹੀਂ ਚਿੰਤਨ ਕਰੀਏ। ਚਿੰਤਾ ਤੋਂ ਮੁਕਤ ਚਿਹਰਾ ਹਰ ਵੇਲੇ ਚੜਦੀਕਲਾ ਵਾਲਾ ਹੁੰਦਾ ਹੈ।
ਨਾਲੇ ਇੱਕ ਹੋਰ ਗੱਲ ਪ੍ਰਭੂ ਭਗਤ ਤਾਂ ਦੁਨਿਆਵੀ ਅਮੀਰਾਂ ਨਾਲੋਂ ਵੀ ਵੱਧ ਅਮੀਰ ਹੁੰਦੇ ਹਨ। ਦੁਨਿਆਵੀ ਅਮੀਰ, ਹਰ ਤਰ੍ਹਾਂ ਦੇ ਕੰਮ ਲਈ ਨੌਕਰ ਰੱਖ ਸਕਦੇ ਹਨ ਪਰ ਭਗਤਾਂ ਕੋਲ ਤਾਂ ਚਿੰਤਾ ਕਰਨ ਵਾਲਾ ਵੀ ਹੁੰਦਾ ਹੈ। ਕੌਣ? ਪਰਮਾਤਮਾ। ਭਗਤ ਪ੍ਰਭੂ ਨੂੰ ਕਹਿੰਦੇ ਹਨ ‘ਚਿੰਤਾ ਕਰਹੁ ਹਮਾਰੀ।