ਸੰਨੀ ਇਕ ਲਾਇਕ ਮਾਸਟਰ ਦਾ ਮੁੰਡਾ..ਪੜ੍ਹਾਈ ਵਿਚ ਬਹੁਤ ਹੀ ਹੁਸ਼ਿਆਰ ….ਤੀਸਰੀ ਜਮਾਤ ਤੱਕ ਉਹ ਸਕੂਲ ਵਿਚੋਂ ਅੱਵਲ ਆਉਂਦਾ ਰਿਹਾ। ਫਿਰ ਉਸ ਬਾਰੇ ਮੁਹੱਲੇ ਵਿਚ ਚਰਚਾ ਚਲੀ ਸੰਨੀ ਗੁਰ ਭਗਤ ਹੋ ਗਿਆ ਹੈ। ਸਵੇਰੇ ਸ਼ਾਮ ਆਪਣੇ ਪਿਉ ਨਾਲ ਧਾਰਮਿਕ ਸਥਾਨ ਤੇ ਜਾਣਾ..ਪਾਠ ਕਰਨਾ ਉਸੇ ਕਦੇ ਨਹੀਂ ਸੀ ਖੁੰਝਾਇਆ। ਖੇਡਣਾ ਕੁਦਣਾ ਬੰਦ। ਭਜਨ ਹੀ ਭਜਨ। ਪਾਠ ਹੀ ਪਾਠ।
ਫੇਰ ਸਾਲ ਬਾਅਦ ਸਾਰੇ ਮੁਹੱਲੇ ਵਿਚ ਚਰਚਾ ਛਿੜੀ। ਸੰਨੀ ਨਾਸਤਕ ਹੋ ਗਿਆ ਹੈ। ਪੂਜਾ ਪਾਠ ਭਜਨ ਬੰਦਗੀ ਪ੍ਰਸਿੱਧ ਧਾਰਮਿਕ ਸਥਾਨਾਂ ਦੀ ਸੇਵਾ, ਸਭ ਬੰਦ ਕਰ ਦਿੱਤੀਆਂ ਨੇ …ਆਪਣੇ ਪਿਉ ਨੂੰ ਵੀ ਇਸ ਰਸਤੇ ਤੋਂ ਰੋਕਣ ਲੱਗ ਪਿਆ ਹੈ। ਸਿਰਫ ਪੜ੍ਹਾਈ ਜਾਂ ਖੇਡਣ ਤੋਂ ਬਿਨਾਂ ਹੋਰ ਕੁਝ ਨਹੀਂ ਕਰਦਾ।
“ਸੰਨੀ ਕੀ ਗੱਲ ਬੇਟੇ ਅੱਜ ਕਲ ਬੜੀ ਪੜ੍ਹਾਈ ਕਰ ਰਿਹੈਂ? ਭਜਨ ਬੰਦਗੀ ਛੱਡ ਦਿੱਤੀ??? ਇਕ ਦਿਨ ਉਸਨੂੰ ਆਪਣੇ ਬੂਹੇ ਅੱਗਿਓਂ ਲੰਘਦੇ ਨੂੰ ਮੈਂ ਪੁੱਛਿਆ।
“ਅੰਕਲ ਮੇਰੇ ਡੈਡੀ ਨੇ ਕਿਹਾ ਸੀ ਕਿ ਜੇ ਪ੍ਰਮਾਤਮਾ ਦੀ ਸੱਚੇ ਦਿਲੋਂ ਭਜਨ ਬੰਦਗੀ ਕਰੋ ਗੁਰੂ ਘਰ ਦੀ ਸੇਵਾ ਕਰੋ ਤਾਂ ਗੁਰੂ ਘਰ `ਚੋਂ ਮੂੰਹ ਮੰਗੀਆਂ ਮੁਰਾਦਾਂ ਮਿਲਦੀਆਂ ਹਨ….
ਮੈਂ ਸਾਰਾ ਸਾਲ ਰੱਜ ਕੇ ਭਜਨ ਬੰਦਗੀ ਕੀਤੀ। ਗੁਰੂ ਘਰ ਦੀ ਸੇਵਾ ਕਰਕੇ ਪ੍ਰਮਾਤਮਾ ਤੋਂ ਮੰਗ ਕੀਤੀ ਕਿ ਮੈਂ ਪੰਜਵੀਂ ਵਿੱਚੋਂ ਫਸਟ ਆ ਜਾਵਾਂ ਪਰ ਹੋ ਗਿਆ ਫੇਲ….”
“ਅੱਛਾ…ਫੇਰ ਹੁਣ ਕੀ ਸਲਾਹ ਹੈ?”
“ਸਲਾਹ ਕੀ ਐ ਜਿਹੜਾ ਸਮਾਂ ਮੈਂ ਇਧਰ ਬਰਬਾਦ ਕੀਤਾ ਉਨਾਂ ਸਮਾਂ ਲਾ ਕੇ ਤਾਂ ਮੈਂ ਸਾਰੇ ਪੰਜਾਬ ਵਿੱਚੋਂ ਫਸਟ ਆ ਜਾਵਾਂਗਾ।”
ਗੁਰਮੇਲ ਮਡਾਹੜ