ਇਸ ਹਫਤੇ ’ਚ ਹੋਈ ਇਹ ਦੂਸਰੀ ਵਾਰਦਾਤ ਸੀ।
ਪਹਿਲੀ ਵਿਚ ਇਕ ਨੇਤਾ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਇਆ ਸੀ। ਇਸ ਵਾਰ ਦੋ ਪਰਵਾਸੀ ਮਜ਼ਦੂਰ।
ਪਹਿਲੀ ਵਾਰੀ ਸ਼ਹਿਰ ਵਿਚ ਮੁਕੰਮਲ ਹੜਤਾਲ ਹੋਈ ਸੀ। ਸਕੂਲ ਬਜ਼ਾਰ ਸਭ ਬੰਦ ਰਹੇ ਸਨ।
ਇਸ ਵਾਰ ਲੋਕ ਇਕ-ਮਤ ਨਹੀਂ ਸਨ। ਕੁਝ ਦੁਕਾਨਾਂ ਖੁਲੀਆਂ ਸਨ ਅਤੇ ਕੁਝ ਬੰਦ। ਕਈ ਸਕੂਲਾਂ ਦੇ ਰਿਕਸ਼ੇ ਸੜਕਾਂ ਤੇ ਘੁੰਮ ਰਹੇ ਸਨ ਅਤੇ ਕਈਆਂ ਦੇ ਗਾਇਬ ਸਨ।
ਦੋਚਿਤੀ ਵਿਚ ਉਸਨੇ ਬੱਚੇ ਨੂੰ ਤਿਆਰ ਕੀਤਾ, ਸਕੂਟਰ ਤੇ ਬੈਠਾਇਆ ਅਤੇ ਸਕੂਲ ਨੂੰ ਲੈ ਤੁਰਿਆ।
ਛੁੱਟੀ ਹੈ ਛੁੱਟੀ ਹੈ। ਚਾਬੜਾਂ ਪਾਉਂਦੇ , ਸਕੂਲੋਂ ਮੁੜਦੇ ਬੱਚੇ ਉਸਦੇ ਬੱਚੇ ਨੂੰ ਸੰਬੋਧਨ ਹੋ ਕੇ ਖੁਸ਼ਖਬਰੀ ਸੁਣਾਉਣ ਲੱਗੇ।
ਛੁੱਟੀ ਦੀ ਖਬਰ ਸੁਣਦਿਆਂ ਹੀ ਬੱਚੇ ਦਾ ਚਿਹਰਾ ਗੁਲਾਬ ਵਾਂਗ ਖਿਲਾ ਗਿਆ।
ਕਿੰਨੀਆਂ ਛੁੱਟੀਆਂ ਨੇ? ਬੱਚੇ ਨੂੰ ਕੁਝ ਹੋਰ ਆਸ ਸੀ। ਤਸੱਲੀ ਲਈ ਉਸਨੇ ਵਾਪਸ ਮੁੜਦੇ ਬੱਚੇ ਤੋਂ ਪੁੱਛਿਆ।
ਇਕ
ਬਸ! ਇਕ ਬੰਦਾ ਮਰਿਆ ਸੀ ਤਾਂ ਇਕ ਛੁੱਟੀ ਹੋਈ ਸੀ, ਦੋ ਮਰੇ ਨੇ ਤਾਂ ਦੋ ਕਿਉਂ ਨਹੀਂ?
ਬੱਚਿਆਂ ਦੇ ਚਿਹਰਿਆਂ ਤੇ ਮੁੜ ਮਾਤਮ ਛਾ ਗਿਆ।
ਬੱਚਿਆਂ ਨੂੰ ਲੱਗ ਰਿਹਾ ਸੀ ਜਿਵੇਂ ਇਕ ਛੁੱਟੀ ਕਰਕੇ ਪ੍ਰਬੰਧਕਾਂ ਨੇ ਉਨ੍ਹਾਂ ਨਾਲ ਜਿਆਦਤੀ ਕੀਤੀ ਸੀ।
ਮਿੱਤਰ ਸੈਨ ਮੀਤ