974
ਕਈ ਅਵਸਰ ਹੱਥੋਂ ਗੁਆ ਕੇ ਅਸੀਂ ਲੰਬਾ ਸਮਾਂ ਪਛਤਾਉਂਦੇ ਰਹਿੰਦੇ ਹਾਂ। ਇਕ ਬੁੱਢੀ ਮੰਗਤੀ ਦੂਜੇ ਤੀਜੇ ਦਿਨ ਆਉਂਦੀ ਸੀ, ਇੱਕ ਰੁਪਇਆ ਲੈ ਜਾਂਦੀ ਸੀ, ਕਦੇ ਕਦੇ ਮੈਂ ਦੋ ਰੁਪਏ ਵੀ ਦੇ ਦਿੰਦਾ ਸੀ, ਕਿਉਂਕਿ ਉਹ ਕਈ ਦਿਨਾਂ ਮਗਰੋਂ ਆਈ ਹੁੰਦੀ ਸੀ।
ਇਕ ਵਾਰ ਉਸਨੇ ਨਾਲ ਦੀ ਦੁਕਾਨ ਤੋਂ ਪੁਛਿਆ ਕਿ ਰਜਾਈ ਕਿੰਨੇ ਦੀ ਬਣਦੀ ਹੈ? ਉਹ ਚਲੀ ਗਈ ਸੀ, ਮੈਂ ਸੁਣ ਲਿਆ ਸੀ, ਸੋਚਿਆ ਅਗਲੀ ਵਾਰ ਆਵੇਗੀ ਤਾਂ ਸੌ ਰੁਪਏ ਦੇਵਾਂਗਾ। ਫਿਰ ਖਿਆਲ ਆਇਆ ਕਿ ਜੇ ਦੇਣੇ ਹੀ ਹਨ ਤਾਂ ਹੁਣੇ ਹੀ ਦੇ ਦੇਣੇ ਚਾਹੀਦੇ ਹਨ। ਮੈਂ ਉਸਨੂੰ ਵਾਪਿਸ ਬੁਲਾਉਣ ਲਈ ਬਾਹਰ ਗਿਆ ਪਰ ਉਹ ਜਾ ਚੁੱਕੀ ਸੀ । ਉਹ ਫਿਰ ਕਦੇ ਆਈ ਹੀ ਨਾ। ਕੁਝ ਦਿਨਾਂ ਮਗਰੋਂ ਪਤਾ ਲੱਗਾ ਕਿ ਉਹ ਚਲਾਣਾ ਕਰ ਗਈ ਸੀ।
ਉਹ ਸੌ ਰੁਪਏ ਭਾਵੇਂ ਕਿਸੇ ਹੋਰ ਨੂੰ ਦੇ ਦਿੱਤੇ ਪਰ ਉਸ ਦਿਨ ਉਸਨੂੰ ਇਹ ਪੈਸੇ ਨਾ ਦੇਣ ਦਾ ਪਛਤਾਵਾ ਅੱਜ ਵੀ ਹੈ।
ਪੁਸਤਕ- ਖਿੜਕੀਆਂ
ਨਰਿੰਦਰ ਸਿੰਘ ਕਪੂਰ