ਬਲਵਿੰਦਰ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਐਮ.ਏ. ਪੰਜਾਬੀ ਕਰ ਰਹੀ ਸੀ। ਜਿਸ ਮੁੰਡੇ ਨਾਲ ਉਸ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ, ਉਹ ਮਸਾਂ ਦੱਸਵੀਂ ਪਾਸ ਸੀ। ਵੈਸੇ ਮੁੰਡਾ ਸੋਹਣਾ, ਸੁਨੱਖਾ ਅਤੇ ਉੱਚਾ ਲੰਬਾ ਸੀ। ਬਲਵਿੰਦਰ ਦੇ ਨਾਂਹ ਨੁੱਕਰ ਕਰਦਿਆਂ ਉਸ ਦਾ ਵਿਆਹ ਉਸੇ ਮੁੰਡੇ ਨਾਲ ਪੱਕਾ ਕਰ ਦਿੱਤਾ ਗਿਆ। ਵਿਆਹ ਦੇ ਕਾਰਡ ਛਪਾ ਲਏ ਗਏ। ਨਾਈ ਨੂੰ ਪਿੰਡ ਵਿਚ ਵਿਆਹ ਦੇ ਕਾਰਡ ਵੰਡਣ ਲਈ ਦੇ ਦਿੱਤੇ ਗਏ, ਪਰ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਬਲਵਿੰਦਰ ਦਾ ਡੈਡੀ ਜਰਨੈਲ ਸਿੰਘ ਵਿਆਹ ਦਾ ਕਾਰਡ ਆਪ ਲੈ ਕੇ ਗਿਆ। ਵਿਆਹ ਦਾ ਕਾਰਡ ਸਕੂਲ ਮੁਖੀ ਨੂੰ ਫੜਾਂਦਿਆਂ ਜਰਨੈਲ ਸਿੰਘ ਨੇ ਕਿਹਾ, “ਆ ਲਉ ਬਲਵਿੰਦਰ ਦੇ ਵਿਆਹ ਦਾ ਕਾਰਡ, ਮੈਂ ਸੋਚਿਆ,ਉਸ ਦੇ ਵਿਆਹ ਦਾ ਕਾਰਡ ਮੈਂ ਆਪ ਦੇ ਕੇ ਆਉਨਾਂ। ਤੁਹਾਡੇ ਸਕੂਲੋਂ ਪੜੀ ਜੂ ਹੋਈ।
ਵਿਆਹ ਦਾ ਕਾਰਡ ਲੈਂਦਿਆਂ ਸਕੂਲ ਮੁਖੀ ਨੇ ਪੁੱਛਿਆ, “ਮੁੰਡਾ ਕਿੰਨਾ ਕੁ ਪੜਿਆ ਹੋਇਐ ਅਤੇ ਕੀ ਕਰਦੈ?”
“ਸਾਹਿਬ ਜੀ ਮੁੰਡਾ ਦਸਵੀਂ ਪਾਸ ਐ ਤੇ ਆਪਣੇ ਡੈਡੀ ਨਾਲ ਖੇਤੀ ਕਰਦੈ।”
“ਪਰ ਏਨੇ ਥੋੜੇ ਪੜੇ ਮੁੰਡੇ ਨਾਲ ਵਿਆਹ ਕਰਨ ਦੀ ਤੁਹਾਨੂੰ ਕੀ ਲੋੜ ਐ? ਨਾਲੇ ਕਹਿੰਦੇ ਤੁਹਾਡੀ ਬਲਵਿੰਦਰ ਤਾਂ ਐਮ.ਏ. ਕਰਦੀ ਐ।”
“ਸਾਹਿਬ ਜੀ, ਮੁੰਡਾ ਪੜਿਆ ਚਾਹੇ ਘੱਟ ਐ। ਪਰ ਉਸ ਦੀ ਪਿੱਠ ਬੜੀ ਮਜ਼ਬੂਤ ਐ। ਉਸ ਦੀਆਂ ਦੋ ਭੈਣਾ ਜਰਮਨ ਚ ਐ। ਮੁੰਡੇ ਦਾ ਜਰਮਨ ਜਾਣ ਦਾ ਹੁੱਕਾ ਲੱਗ ਸਕਦੈ। ਜੇ ਨਾ ਵੀ ਲੱਗੇ ਤਾਂ ਵੀ ਕੋਈ ਗੱਲ ਨਹੀਂ। ਮੁੰਡੇ ਦੇ ਹਿੱਸੇ ਪੂਰੇ ਪੰਦਰਾਂ ਕਿੱਲੇ ਜ਼ਮੀਨ ਦੇ ਆਂਦੇ ਐ।” ਇਹ ਕਹਿ ਕੇ ਜਰਨੈਲ ਸਿੰਘ ਛੇਤੀ ਨਾਲ ਸਕੂਲ ਮੁਖੀ ਦੇ ਦਫਤਰ ਵਿੱਚੋਂ ਬਾਹਰ ਆ ਗਿਆ।
ਮਹਿੰਦਰ ਮਾਨ