ਉਏ ਮੀਤਿਆ ਉਸ ਫੱਟੇ ਤੇ ਕੀ ਲਿਖਿਆ ਸੜਕ ਵਾਲੇ ਖੇਤ? ਬੰਤੇ ਨੇ ਅੱਠਵੀਂ ’ਚ ਪੜ੍ਹਦੇ ਆਪਣੇ ਮੀਤੇ ਨੂੰ ਚਾਅ ਨਾਲ ਪੁੱਛਿਆ।
ਉਹ ਤਾਂ ਬਾਪੂ ਸਰਕਾਰ ਦਾ ਲਿਖਿਆ ਬਈ ਹਰ ਗੈਰ ਕਾਨੂੰਨੀ ਘਟਨਾ ਦੀ ਰਿਪੋਰਟ ਪੁਲੀਸ ਕੋਲ ਦਰਜ਼ ਕਰਾ ਕੇ ਚੰਗੇ ਨਾਗਰਿਕ ਦਾ ਫਰਜ ਪਾਲੋ। ਪੁਲੀਸ ਦੀ ਮਦਦ ਕਰੋ। ਪੁਲੀਸ ਤੁਹਾਡੀ ਆਪਣੀ ਹੈ। ਖੇਤ ਮੱਥੇ ਸੜਕ ਦੇ ਬੋਰਡ ਤੋਂ ਪੜਿਆ ਸੰਦੇਸ਼ ਮੀਤੇ ਨੇ ਅਨਪੜ੍ਹ ਬਾਪ ਨੂੰ ਹੱਬ ਹੁਬਾ ਕੇ ਦੱਸਿਆ।
ਠੀਕ ਕਹਿੰਦੀ ਏ ਸਰਕਾਰ ਤਾਂ ਫਿਰ ? ਸੋਚਦਾ ਉਹ ਆਪਣਾ ਮੈਰੇ ਵਾਲੇ ਖੇਤ ਨੂੰ ਤੁਰ ਗਿਆ। ਆਪਣੇ ਨੀਵੇਂ ਪੱਤੇ `ਚ ਜਦੋਂ ਉਸ ਨੇ ਕਰਤਾਰਾ ਲੰਬੜ ਵੱਢਿਆ ਪਿਆ ਵੇਖਿਆ ਤੇ ਕੰਬਦੇ ਦੇ ਮੂੰਹੋਂ ਸੁਭਾਵਕ ਨਿਕਲ ਗਿਆ
ਉਹੋ ਨਿਧਾਨੇ ਕਿਆਂ ਨਾਲ ਦੁਸ਼ਮਣੀ ਸੀ ਵਿਚਾਰੇ ਦੀ। ਫਿਰ ਉਹ ਖੇਤੋਂ ਹੀ ਪੁਲੀਸ ਚੌਕੀ ਵੱਲ ਦੌੜ ਪਿਆ ਤੇ ਚੌਂਕ ਚੈੱਕ ਕੇ ਸਾਰੀ ਗੱਲ ਉਹਨੇ ਥਾਣੇਦਾਰ ਨੂੰ ਦੱਸ ਦਿੱਤੀ।
ਦੇਖ ਕੰਜਰ ਦਾ ਡਰਾਮਾ ਮਾਰ ਕੇ ਖਸਮ ਆਪ ਆ ਗਿਆ ਸਾਨੂੰ ਚਾਰਨ ਹੋਰ ਕਿਸੇ ਨੂੰ ਨੀ ਪਹਿਲਾਂ ਪਤਾ ਲੱਗਿਆ-ਕਰੋ ਇਹਨੂੰ ਪਿਛਲੀ ਕੋਠੀ ’ਚ ਬੰਦ।’ ਥਾਣੇਦਾਰ ਨੇ ਸਿਪਾਹੀਆਂ ਨੂੰ ਹੁਕਮ ਚਾੜਿਆ। ਉਹ ਖੜਾ ਕੰਬ ਗਿਆ।
ਦੋ ਸਿਪਾਹੀਆਂ ਉਹਨੂੰ ਪੱਗ ਨਾਲ ਨੂੜ ਕੇ ਕੋਠੀ ’ਚ ਬੰਦ ਕਰ ਦਿੱਤਾ। ਉਥੇ ਪਿਆ ਉਹ ਸੋਚ ਰਿਹਾ ਸੀ, ਉਸ ਬੋਰਡ ਬਾਰੇ, ਆਪਣੀ ਪੁਲੀਸ ਬਾਰੇ ਤੇ ਚੰਗੇ ਨਾਗਰਿਕ ਦੇ ਕਰਤਵ ਬਾਰੇ।
ਜਗਦੀਪ ਗਿੱਲ