ਸਾਡੇ ਘਰ ਇੱਕ ਮੁਸਲਮਾਨ ਕੰਮ ਕਰਦਾ ਸੀ ਉਹ ਵੰਡ ਵੇਲੇ ਸਾਡੇ ਪਰਿਵਾਰ ਦਾ ਹੀ ਹੋ ਕੇ ਰਹਿ ਗਿਆ ਸੀ ਜਿਸਦਾ ਨਾਮ ਜਾਲੋ ਸੀ ਪਰ ਅਸੀਂ ਨਿਆਣੇ ਓਹਨੂੰ ਤਾਊ-ਤਾਊ ਈ ਆਖਦੇ ਉਹ ਮੇਲੇ-ਮੱਸਿਆ ਦਾ ਬੜਾ ਸ਼ੌਕੀ ਸੀ ਲਿਸ਼ਕ-ਪੁਸ਼ਕ ਕੇ ਜਾਂਦਾ, ਜੁੱਤੀ ਵੀ ਓਹਦੀ ਚੀਂਕੂੰ-ਚੀਂਕੂੰ ਕਰਦੀ ਸਾਨੂੰ ਓਹਦੀ ਵਾਪਸੀ ਦਾ ਇੰਤਜ਼ਾਰ ਰਹਿੰਦਾ ਕਿਉਂਕਿ ਵਾਪਸੀ ਸਮੇਂ ਓਹਦੇ ਪਰਨੇ ਵਿੱਚ, ਰੰਗ-ਬਰੰਗੀ ਬੂੰਦੀ ਤੇ ਜਲੇਬੀਆਂ ਬੰਨ੍ਹੀਆਂ ਹੁੰਦੀਆਂ ਸਾਨੂੰ ਉਹ ਦਿਨ ਵਿਆਹ ਵਰਗਾ ਲੱਗਦਾ…
ਰੱਖੜ ਪੁੰਨ੍ਹਿਆ ਦਾ ਮੇਲਾ ਸੀ ਓਸ ਦਿਨ ਮੈਂ ਓਹਨੂੰ ਦੂਰੋਂ ਈ ਵੇਖ ਲਿਆ ਸਾਡੇ ਘਰ ਤੋਂ ਪਹਿਲਾਂ ਸਾਡੀ ਹਵੇਲੀ ਪੈਂਦੀ ਸੀ ਤਾਊ ਆਪਣਾ ਪਰਨਾ ਮੰਜੀ ‘ਤੇ ਰੱਖਕੇ ਡੰਗਰਾਂ ਨੂੰ ਪਾਣੀ ਪਿਲਾਉਣ ਲੱਗ ਪਿਆ ਤੇ ਮੈਂ ਚੋਰੀ-ਚੋਰੀ, ਹੌਲੀ ਜਿਹੀ ਪਰਨਾ ਚੁੱਕ ਕੇ ਭੱਜ ਗਈ ਪਹਿਲਾ ਘਰ ਮੇਰੀ ਤਾਈ ਦਾ ਸੀ ਓਹਦੀ ਨਵੀਂ-ਨਵੀਂ ਵਿਆਹੀ ਨੂੰਹ ਨਾਲ ਮੇਰੀ ਬੜੀ ਬਣਦੀ ਸੀ, ਬਹੂ ਦਾ ਛੋਟਾ ਭਰਾ ਬੱਲੂ ਵੀ ਆਇਆ ਸੀ ਪਤਾ ਨਹੀਂ ਨਵੀਂ ਬਹੂ ਰਾਣੀ ਕਿੱਥੋਂ ਦੀ ਸੀ ਦੋਵੇਂ ਭੈਣ ਭਰਾ ‘ਇੰਜ’ ਸ਼ਬਦ ਨੂੰ ‘ਐਕਣ’ ਬੋਲਦੇ ਤੇ ਅਸੀਂ ਸਾਰਿਆਂ ਨੇ ਬੱਲੂ ਦਾ ਨਾਮ ਈ ਐਕਣ ਪਾ ਦਿੱਤਾ
ਜਦੋਂ ਮੈਂ ਪਰਨਾ ਲੈ ਕੇ ਆਈ ਤਾਂ ਸਾਰੇ ਜਣੇ ਪਰਨੇ ‘ਤੇ ਟੁੱਟ ਪਏ ਜੀਹਦੇ ਹੱਥ ਜੋ ਆਇਆ ਸੋ ਲੈ ਗਿਆ ਭਾਬੀ ਨੇ ਇੱਕ ਕੰਨ੍ਹੀ ਜਿਹੀ ਖੋਹਲੀ ਤੇ ਕਹਿੰਦੀ ਕਿ ਭਾਈ ਮੈਂ ਤਾਂ ਪਕੌੜੇ ਈ ਲੈਣੇ ਐ ਉਹਦਾ ਭਰਾ ਵੀ ਬਾਕੀ ਦੇ ਪਕੌੜੇ ਲੈ ਗਿਆ, ਪਕੌੜੇ ਹੈ ਈ ਥੋੜੇ ਸੀ
ਓਧਰ ਤਾਊ ਵਾਹੋ-ਦਾਹੀ ਭੱਜਾ ਆਵੇ ਨਾਲੇ ਰੌਲਾ ਪਾਈ ਜਾਵੇ ”ਓਏ! ਜਵਾਕੋ.. ਓਏ! ਚੌਣਿਆ .ਪਕੌੜੇ ਨਾ ਲਿਓ ਇਹ ਤਾਂ ਮੇਰੇ ਲਈ ਆ ਇਨ੍ਹਾਂ ‘ਚ ਦਵਾਈ ਪਾਈ ਆ ”
ਜਦੋਂ ਨੂੰ ਉਹ ਆਇਆ ਸਾਰੇ ਪਕੌੜੇ ਦੋਵੇਂ ਭੈਣ-ਭਰਾ ਡਕਾਰ ਚੁੱਕੇ ਸੀ ਪਰ ਪਕੌੜੇ ਤਾਂ ਭੰਗ ਵਾਲੇ ਸੀ ਪੈ ਗਿਆ ਰੱਫ਼ੜ ! ਭਾਬੀ ਤਾਂ ਹੱਸ ਹੱਸ ਦੂਹਰੀ ਹੁੰਦੀ ਜਾਵੇ ਹਾਸਾ ਓਹਦੇ ਕੋਲੋਂ ਕੰਟਰੋਲ ਨਾ ਹੋਵੇ ਵੱਖੀਆਂ ਫੜੀ ਬਹਿ-ਬਹਿ ਹੱਸੀ ਜਾਵੇ ਤਾਈ ਨੇ ਓਹਨੂੰ ਅੰਦਰ ਧੱਕਾ ਦੇ ਕੇ ਬਾਹਰੋਂ ਤਾਲਾ ਲਾ ਦਿੱਤਾ ਤੇ ਏਧਰ ਐਕਣ ਰੋ-ਰੋ ਸ਼ੁਦਾਈ ਹੋਈ ਜਾਵੇ ਤਾਇਆ ਆਂਹਦਾ ਏਹਨੂੰ ਵੀ ਡੰਗਰਾਂ ਆਲੇ ਅੰਦਰ ਡੱਕ ਦਿਓ ਪਰ ਏਨੇ ਨੂੰ ਹੋਰ ਲੋਕ ਇਕੱਠੇ ਹੋ ਗਏ
ਐਕਣ ਮਾਰੇ ਭੁੱਬਾਂ ”ਹਾਏ ਓਏ ” ਪਰਲ-ਪਰਲ ਹੰਝੂ ਵਗਣ ਓਹਦੇ “ਮੇਰਾ ਭਾਪਾ ! ਮੇਰੀ ਬੀਬੀ ! ਮੇਰੀ ਭੈਣ ਮੈਂ ਮਰ ਜਾਣਾ ਓਏ !” ਸਾਰੇ ਪੁੱਛਣ ਤੈਨੂੰ ਕੀ ਹੋਇਆ ! ਦੱਸ ਤਾਂ ਸਹੀ ? ਤਾਊ ਤਾਂ ਦਾਦੇ ਤੋਂ ਡਰਦਾ ਮਾਰਾ, ਉਦਰਾਇਆ ਜਿਹਾ, ਖ਼ਾਲੀ ਪਰਨਾ ਝਾੜਕੇ ਓਥੋਂ ਤੁਰ ਗਿਆ ਸਾਡੀ ਤਾਈ ਹੱਕੀ ਬੱਕੀ ਐਕਣ ਵੱਲ ਝਾਕੀ ਜਾਵੇ ਏਸ ਮਰਜਾਣੇ ਨੂੰ ਕਿਵੇਂ ਚੁੱਪ ਕਰਾਵਾਂ ?
ਸਾਡਾ ਲਾਗਲਾ ਗਵਾਂਢੀ ਫ਼ੌਜੀ ਚਾਚਾ ਵੀ ਓਥੇ ਪਹੁੰਚ ਗਿਆ ਉਹ ਬੜਾ ਲਾਡ ਲਡਾਵੇ ਅਖੇ “ਬੱਲਿਆ ਤੂੰ ਕਿਉਂ ਰੋਈ ਜਾਨਾਂ ? ਤੇਰਾ ਕੀ ਗਵਾਚ ਗਿਆ ?” ਐਕਣ ਫੌਜੀ ਦੇ ਗਲ ਲੱਗ ਕੇ ਲੱਗਾ ਕੀਰਨੇ ਪਾਉਣ “ਹਾਏ ਓਏ ਪਤਾ ਨੀ ਮੈਨੂੰ ਕੀ ਹੋਈ ਜਾਂਦਾ ?”
ਬੋਲ ਮੇਰਾ ਪੁੱਤ ? ਕਿਆ ਬਾਤ ? ਸ਼ਰਮਾਓ ਨਹੀਂ “ ਫ਼ੌਜੀ ਨੇ ਹਿੰਦੀ ਚੁੱਕਤੀ
ਏਨਾ ਪਿਆਰ ਵੇਖ ਕੇ ਐਕਣ ਵੀ ਅਪਣੱਤ ਜਿਹੀ ‘ਚ ਆ ਗਿਆ ”ਮੈਨੂੰ ਐਕਣ ਲੱਗਦਾ “
“ਕੀਕਣ ਲਗਤਾ ਤੁਝੇ ?” ਫ਼ੌਜੀ ਬੋਲਿਆ
“ਐਕਣ ਐਕਣ ”
“ਕਿਆ ?”
“ਜੀਕਣ ਜੀਕਣ ”
“ਹਾਂ ਹਾਂ ਬਤਾਓ-ਬਤਾਓ ਕੀਕਣ ਲਾਗੇ?“ ਫ਼ੌਜੀ ਬਾਹਲਾ ਕਾਹਲਾ, ਮੂੰਹ ਟੱਡੀ ਓਹਦੇ ਵੱਲ ਵੇਖ ਰਿਹਾ ਸੀ ”
“ਜੀਕਣ ਜੀਕਣ ਮੈਨੂੰ ਥੋਡੀ ਭੋਲੀ ਨਾਲ ਪਿ “
ਭੋਲੀ ਵਿਚਾਰੀ (ਨਿਰਦੋਸ਼) ਪੂਰੀ ਗੱਲ ਸੁਣੇ ਬਿਨਾਂ ਰੋਂਦੀ-ਰੋਂਦੀ ਆਪਣੇ ਘਰ ਨੂੰ ਤਿੱਤਰ ਹੋ ਗਈ ਤੇ ਫ਼ੌਜੀ ਤੇ ਓਹਦੀ ਹਿੰਦੀ ਬਰਫ਼ ‘ਚ ਲਹਿ ਗਏ ਓਥੇ ਈ ਓਹਦਾ ਮੁੰਡਾ ਵੀ ਮੁੱਛ ਫੁੱਟ ਖੜਾ ਸੀ ਓਹਨੇ ਚਾਰ-ਪੰਜ ਘਸੁੰਨ ਐਕਣ ਦੇ ਮੂੰਹ ‘ਤੇ ਜੜ੍ਹਤੇ ”ਠਹਿਰ ਸਾਲਿਆ ਤੇਰੀ ਆਸ਼ਕੀ ਮੈਂ ਕੱਢਦਾਂ ” ਮਾਰ-ਮਾਰ ਐਕਣ ਦਾ ਮੂੰਹ ਸੁਜਾਤਾ ਲੋਕਾਂ ਨੇ ਮਸਾਂ ਛੁਡਾਇਆ ਬਈ ਪਾਗ਼ਲ ਨਾ ਬਣੋ ਇਹ ਤਾਂ ਭੰਗ ਦਾ ਅਸਰ ਐ ਉਹ ਦਿਨ ਆਵੇ ਤੇ ਜਾਵੇ ਐਕਣ ਨੂੰ ਮੈਂ ਫੇਰ ਨਹੀਂ ਵੇਖਿਆ