ਦੋ ਦੋਸਤ ਕਈ ਸਾਲਾਂ ਬਾਅਦ ਇਕ ਦੂਜੇ ਨੂੰ ਮਿਲੇ ਸਨ। ਕਾਲਜ ਵੇਲੇ ਦੀ ਦੋਸਤੀ ਨੂੰ ਸਮੇਂ ਤੇ ਹਾਲਾਤ ਨੇ ਜਿਵੇਂ ਕੁਝ ਕਰ ਦਿੱਤਾ ਹੋਵੇ। ਕੋਈ ਗੱਲ ਈ ਨਹੀਂ ਸੀ ਤੁਰਦੀ। ਸਾਹਮਣੇ ਮੇਜ ਤੇ ਪਈ ਬੋਤਲ ‘ਚ ਸ਼ਰਾਬ ਜਿਵੇਂ ਜਿਵੇਂ ਘਟਣ ਲੱਗੀ ਉਹਨਾਂ ਦੀਆਂ ਗੱਲਾਂ ਤੁਰਨ ਲੱਗੀਆਂ।
ਇਕ ਦੋਸਤ ਨੇ ਦੂਜੇ ਨੂੰ ਪੁੱਛਿਆ, ਅੱਛਾ ਯਾਰ ਇਕ ਗੱਲ ਤਾਂ ਦੱਸ। ਆਹ ਸਿੱਖੀ ਬਾਣਾ ਕਦੋਂ ਤੋਂ ਪਹਿਨਣਾ ਸ਼ੁਰੂ ਕਰ ਦਿੱਤਾ। ਦੇਸ ਵਿਚ ਤਾਂ ਸਾਰੀ ਉਮਰ ਕਦੀ ਪੱਗ ਵੀ ਨਹੀਂ ਸੀ ਬੰਨੀ ਤੇ ਨਾਲੇ ਨਿੱਤ ਨਵੇਂ ਫੈਸ਼ਨਾਂ ਦੇ, ਫਿਲਮੀ ਐਕਟਰਾਂ ਵਰਗੇ ਵਾਲ ਮਨਾਉਂਦਾ ਹੁੰਦਾ ਸੀ।
ਦੂਜੇ ਦੋਸਤ ਨੇ ਪੋਲਾ ਜਿਹਾ ਹੱਸ ਕੇ ਕਿਹਾ, ਤੈਨੂੰ ਪਤਾ ਹੀ ਆ ਆਪਾਂ ਕਿਥੇ ਸਿੱਖ ਬਨਣ ਵਾਲੇ ਆਂ ਇਹ ਤਾਂ ਐਵੇਂ ਮਜ਼ਬੂਰੀ ਜਿਹੀ ਆ।
ਮਜ਼ਬੂਰੀ ਕਿਦਾਂ ਦੀ?
ਤੈਨੂੰ ਪਤੈ ਬਈ ਵਿਹਲੇ ਬੰਦੇ ਆਪਣੇ ਪਿੰਡਾਂ ‘ਚੋਂ ਹਲ ਵਾਹੁੰਦੇ ਹੀ ਆਏ ਹੋਏ ਹਨ ਤੇ ਉਹਨਾਂ ਤੇ ਅਕਲ ਨਾਲੋਂ ਸ਼ਕਲ ਜਿਆਦਾ ਅਸਰ ਕਰਦੀ ਹੈ। ਮੈਂ ਪਹਿਲਾਂ ਪੰਜ ਛੇ ਸਾਲ ਕਈ ਕਿਸਮ ਦੇ ਬਿਜ਼ਨਸਾਂ ‘ਚ ਪਿਆ, ਪਰ ਸਾਲਾ ਕੋਈ ਕੰਮ ਚੱਲੇ ਈ ਨਾ। ਫੇਰ ਭਰਾਵਾ ਤੇਰੇ ਵਰਗੇ ਭਾਈ ਵੰਦ ਨੇ ਨੁਸਖਾ ਦੱਸਿਆ। ਬੱਸ ਹੁਣ ਤਾਂ ਜਿਵੇਂ ਕਹਿੰਦੇ ਹੁੰਦੇ ਆ ਗੁਰੂ ਦੀ ਕਿਰਪਾ, ਐ ਨੀ ਸੋਹਣੀ ਦਾਹੜੀ (ਦਾਹੜੀ ਨੂੰ ਪਲੋਸਦਾ ਹੋਇਆ) ਤੇ ਪਗੜੀ ਤੇ ਭਲਾ ਕੌਣ ਸ਼ੱਕ ਕਰ ਸਕਦਾ ਹੈ ਜੋ ਮਰਜੀ ਹੇਰਾ ਫੇਰੀ ਕਰੀਏ, ਅਗਲੇ ਸਰਦਾਰ ਜੀ, ਸਰਦਾਰ ਜੀ ਕਰਦੇ ਫਿਰਦੇ ਆ।
ਸਾਧੂ