ਮੀਣੇ

by Sandeep Kaur

ਮੈਂ ਉਦੋਂ ਨਿੱਕਾ ਜਾ ਹੁੰਦਾ ਸੀ ਉਦੋਂ ਕੋਈ ਸਾਡੇ ਪਿੰਡ ਸੁੰਨੀ ਜੀ ਗਾਂ ਛੱਡ ਗਿਆ। ਵਿਚਾਰੀ ਮਰੀਅਲ ਜਿਹੀ ਪਿੰਡੇ ਤੇ ਲਾਸ਼ਾਂ ਪਈਆਂ ਜਿਵੇ ਕਿਸੇ ਨੇ ਬਹੁਤ ਮਾਰੀ ਹੋਵੇ। ਸਾਡੀ ਖੇਲ ਤੇ ਆ ਕੇ ਪਾਣੀ ਪੀਣ ਲੱਗੀ ਮੈਂ ਵੀ ਰੋਕੀ ਨਾ ਮੈਂ ਅੰਦਰੋ ਟੋਕਰੇ ਚ ਹਰਾ ਪਾ ਲਿਆਇਆ ਉਹ ਹੋਲੀ ਹੋਲੀ ਖਾਣ ਲੱਗੀ।ਗਾਂ ਰੋਜ ਆਇਆ ਕਰੇ ਮੈਂ ਹਰਾ ਪਾਇਆ ਕਰਾਂ ਉਹ ਰਾਜੀ ਹੋਣ ਲੱਗ ਗੀ ਮੈਂ ਬਾਪੂ ਨੂੰ ਕਿਹਾ ਵੀ ਇਹਨੂੰ ਘਰੇ ਹੀ ਰੱਖ ਲੈਨੇ ਆ ਉਂਞ ਵੀ ਤਾਂ ਆਪਾਂ ਹੀ ਹਰਾ ਪਾਨੇ ਆ ਬਾਪੂ ਮੰਨ ਗਿਆ ਗਾਂ ਨਵੇ ਦੁੱਧ ਹੋਗੀ ਟੈਮ ਲੰਗਦਾ ਗਿਆ ।ਇੱਕ ਦਿਨ ਬਾਪੂ ਕਹਿੰਦਾ ਅੱਜ ਖੁੰਢ ਤੇ ਨਾ ਜਾਈ ਗਾਂ ਦੇ ਦਿਨ ਪੂਰੇ ਹੋਗੇ ਸੂਣ ਆਲੀ ਆ ਅਗਲੀ ਸਵੇਰ ਗਾਂ ਨੇ ਬਹੁਤ ਸੋਹਣਾ ਵੱਛਾ ਦਿੱਤਾ ਮੈਂ ਉਸਦਾ ਨਾ ਮੀਣਾ ਰੱਖਿਆ ਨਰਮ ਕੂਲੇ ਕੰਨ ਮਲਮਲ ਵਰਗਾ ਪਿੰਡਾ ਸਰੂ ਵਰਗਾ ਕੱਦ ਮੈ ਪਛਾਣ ਲਿਆ ਵੀ ਇਹ ਚੋਬਰ ਵੈੜਕਾ ਬਣੂਗਾ  ।ਕੁਝ ਦਿਨਾਂ ਬਾਅਦ ਗਾਂ ਮਰ ਗਈ ,ਮੈਨੂੰ ਬਹੁਤ ਦੁੱਖ ਹੋਇਆ ਮੈਂ ਮੀਣੇ ਨਾਲ ਬਹੁਤ ਲਾਡ ਕਰਦਾ ਉਹਨੂੰ ਬੋਤਲ ਨਾਲ ਦੁੱਧ ਪਿਆਉਦਾ  ਉਹ ਵੀ ਮੇਰਾ ਬਿੰਦ ਦਾ ਵਸਾਹ ਨਾ ਕਰਦਾ ਹੋਲੀ ਹੋਲੀ ਉਹ ਵਧੀਆ ਵੈੜਾ ਨਿਕਲ ਆਇਆ ਮੈਂ ਰੋਜ ਉਸ ਨੂੰ ਰੇਹੜੇ ਚ ਜੋੜ ਕੇ ਪੱਠੇ ਲੈਣ ਜਾਂਦਾ ਤੇ ਉਹਨੂੰ ਟਾਹਲੀ ਦੇ ਹੇਠਾ ਬੰਨ ਦਿੰਦਾ ਉਹ ਜਗਾਲੀ  ਕਰਦਾ ਅਸੀਂ ਕੱਠੇ ਹੀ ਸਦੀਕ ਸੁਣਦੇ ਮੈਂ ਉਹਦੇ ਨਾਲ ਹਲ ਵਾਹੁੰਦਾ  ਇੱਕ ਵਾਰ ਮੈਂ ਵਿਸਾਖੀ ਦੇ ਮੇਲੇ ਤੋ ਉਹਦੇ ਲਈ ਘੁੰਗਰੂ ਲਿਆਇਆ ਜਿਹੜੇ ਉਹਦੇ ਜੋਬਨ ਨੂੰ ਚਾਰ ਚੰਨ ਲਾਉਦੇ ਜੇ ਕੋਈ ਆਖਦਾ  ਨਾਜਰਾ ਵੈੜਾ ਵੇਚਣਾ ਮੈਂ ਉਹਨੂੰ ਚੱਕ ਕੇ ਪੈ ਜਾਂਦਾ ।ਲੋਕ ਗੱਲਾਂ ਕਰਦੇ ਵੀ ਪਤੰਦਰ ਵੈੜਾ ਤਾਂ ਨਾਜਰ ਦੈ ਬਈ ਜਮਾਂ ਅੱਗ ਦੀ ਨਾਲ ਅਐ ਪਤੰਦਰ ਜਾਨ ਵਾਰਦੈ ਉਹਦੇ ਤੋਂ।ਦਿਨ ਹੱਸਦੇ ਖੇਡਦੇ ਲੰਘਦੇ ਗਏ । ਭੈਣ ਦਾ ਵਿਆਹ ਪੱਕਾ ਹੋ ਗਿਆ 10 ਦਿਨਾਂ ਨੂੰ ਬਰਾਤ ਸੀ ਮੁੰਡੇ ਆਲਿਆਂ ਨੇ ਐਨ ਮੌਕੇ ਤੇ ਕਹਿ ਤਾਂ ਵੀ ਮੁੰਡਾ ਪੂਰੇ ਪੰਜ ਪੜਿਆ ਉਹ ਤਾਂ ਸੈੰਕਲ ਮੰਗਦੈ ਹੁਣ ਖੜੇ ਪੈਰਾਂ ਤੇ ਕਿੱਥੋਂ ਕਰੀਏ ਹੱਲ ਬਾਣੀਏ ਤੋਂ ਪਹਿਲਾਂ ਹੀ ਮੰਗੇ ਬੈਠੇ ਸੀ ਮਾਂ ਦੇ ਅੱਧੇ ਗਹਿਣੇ ਭੈਣ ਨੂੰ ਪਾਤੇ ਅੱਧੇ ਬਾਣੀਏ ਦੇ ਰੱਖੇ ਪਏ ਆਥਣੇ ਜੇ ਸਾਰਿਆਂ ਨੇ ਸਲਾਹ ਕੀਤੀ ਵੀ ਮੀਣੇ ਨੂੰ ਵੇਚ ਦਿੰਨੇ ਆ ਮੇਰੀ ਜਾਨ ਨਿਕਲਣ ਆਲੀ ਹੋਗੀ।ਪਰ ਹੁਣ ਕਰ ਵੀ ਕਿ ਸਕਦੇ ਆਂ ਅੱਕ ਚੱਬਣਾ ਪਿਆ  ਅਗਲੇ ਦਿਨ ਮੀਣਾ ਚਾਲੀ ਰੁਪਏ ਦਾ ਵੇਚ ਤਾ। ਮੇਰੇ ਹੱਥ ਤੇ ਧਰੇ ਪੈਸੇ ਕਲੇਜਾ ਚੀਰਦੇ ਗਏ  ।ਮੈਂ ਅਪਣੇ ਹੱਥੀ ਮੀਣੇ ਦਾ ਰੱਸਾ ਖੋਲਿਆ ਉਹੂਨੰ ਹੌਸਲਾ ਤੇ ਥਾਪੀ ਦਿੱਤੀ ਵੀ ਕੋਈ ਨਾ ਬੱਸ ਕਣਕਾਂ ਤੋਂ ਬਾਅਦ ਤੈਨੂੰ ਵਾਪਸ ਲੈ ਆਉਣੈ ।ਮੀਣਾ ਡਿੰਗਦਾ ਹੋਇਆ ਅੱਖਾਂ ਤੋ ਦੂਰ ਹੋ ਗਿਆ ਸਾਰੇ ਟੱਬਰ ਨੂੰ ਚਾਅ ਚੜਿਆ ਪਿਆ ਸੀ ਸਾਰੇ ਵਿਆਹ ਦੇ ਗੀਤ ਗਾਉਣ ਲੱਗ ਪੈ ।ਮੈਂ ਬੇਬੇ ਨੂੰ ਕਹਿ ਗਿਆ ਬੇਬੇ ਰੋਟੀ ਨਾ ਪਕਾਈ ਮੇਰੀ ਮੈਂ ਖੇਤ ਚੱਲਿਆਂ ਉਥੇ ਹੀ ਸੋਊਂਗਾ ।

ਜਾ ਕੇ ਉਸੇ ਟਾਹਲੀ ਹੇਠਾਂ ਬਹਿ ਕੇ ਮੀਣੇ ਨੂੰ ਯਾਦ ਕਰਦਾ ਰਿਹਾ ਉਹਦੀ ਟੱਲੀਆਂ ਹਾਲੇ ਵੀ ਮੇਰੇ ਕੰਨਾਂ ਵਿੱਚ ਵੱਜਦੀਆਂ ਸੀ ਮੇਰਾ ਹੱਥ ਆਪ ਮੁਹਾਰੇ ਉਹਦਾ ਸਿਰ ਪਲੋਸਣ ਨੂੰ ਤਰਸਿਆ   ਆਥਣ ਹੋ ਗਿਆ ਮੈ ਵੈਰਾਗ ਨਾਲ ਭਰਿਆ ਪਿਆ ਸੀ ।ਇੰਨੇ ਨੂੰ ਤੇਜੇ ਤਾਏ ਨੇ ਆਪਦਾ ਜੀਟਰ ਮੇਰੇ ਕੋਲ ਹੋਲੀ ਕੀਤਾ ਅਖੇ ਆਜਾ ਭਤੀਜ ਚੱਲੀਏ ਕਵੇਲਾ ਹੋ ਰਿਹੈ ਮੈ ਕਿਹੇ ਬੱਸ ਤਾਇਆ ਮੈਂ ਪਾਣੀ ਲਾਉਗਾਂ ਰਾਤ ਨੂੰ ਤਾਇਆ ਕਹਿੰਦਾ ਚੰਗਾ ਸ਼ੇਰਾ ਉਹਨੇ ਗੀਤ ਲਾ ਕੇ ਡੈਕ ਦੀ ਅਵਾਜ ਚੱਕਤੀ  —-ਨਹੀਉਂ ਲੱਭਣੇ ਲਾਲ ਗੁਆਚੇ ਉ ਮਿੱਟੀ ਨਾ ਫਰੋਲ ਜੋਗੀਆ  ਮੇਰੀ ਭੁੱਬ ਨਿੱਕਲ ਗੀ ਮੈ ਟਾਹਲੀ ਨੂੰ ਘੁੱਟ ਕੇ ਜੱਫੀ ਪਾ ਲਈ।

ਸੋਨ ਚਿੜੀ ਪੰਜਾਬ

ਨਵੀ ਕਿਤਾਬ

You may also like