ਮੁੱਠੀ

by Jasmeet Kaur

ਅੱਜ ਫ਼ੌਜੀ ਮੇਜਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਸੀ। ਘਰ ਦੇ ਇਕ ਕਮਰੇ ਵਿਚ ਭੋਗ ਦੇ ਸ਼ਲੋਕ ਉਚਾਰੇ ਜਾ ਰਹੇ ਸਨ ਦੂਜੇ ਕਮਰੇ ਵਿਚ ਸੁਰਜੀਤ ਕੌਰ ਤੇ ਦਬਾਅ ਬਣਾਇਆ ਜਾ ਰਿਹਾ ਸੀ ਕਿ ਉਹ ਆਪਣੇ ਦਿਉਰ ਕੁਲਦੀਪ ਸਿੰਘ ਨੂੰ ਪਤੀ ਸਵੀਕਾਰ ਕਰ ਲਵੇ।
ਸੁਰਜੀਤ ਦੀ ਸੱਸ ਨਿਹਾਲੋ ਨੇ ਇੱਕ ਸੁਲਝੀ ਹੋਈ ਔਰਤ ਵਾਂਗ ਸਮਝਾਂਦਿਆਂ ਕਿਹਾ, “ਸੁਰਜੀਤ ਤੂੰ ਚਾਰ-ਚਾਰ ਧੀਆਂ ਦੀ ਮਾਂ ਐ ਪੁੱਤ ਦੋਹਾਂ ਪਰਿਵਾਰਾਂ ਬਾਰੇ ਸੋਚੀ।”
“ਮਾਸੀ ਜੀ ਨਸ਼ਈ ਮਰਦ ਤਾਂ ਸਿਉਂਖੇ ਰੁੱਖ ਤੋਂ ਵੀ ਮਾੜਾ ਹੁੰਦੈ।” ਸੁਰਜੀਤ ਦੀ ਵੱਡੀ ਭੈਣ ਦਾ ਇਸ਼ਾਰਾ ਕੁਲਦੀਪ ਵੱਲ ਸੀ।
“ਨਾ ਧੀਏ ਕੌੜਾ ਬੋਲ ਨਾ ਬੋਲ, ਔਲਾਦ ਦਾ ਪਿਆਰ ਲੈ ਕੇ ਸ਼ੈਦ ਸ਼ਰਾਬ ਈ ਛੱਡ ਜੇ ਚੰਦਰਾ।” ਨਿਹਾਲੋ ਨੇ ਕੁਲਦੀਪ ਦਾ ਪੱਖ ਪੂਰਿਆ।
ਪਿੰਡ ਦੀ ਸਰਪੰਚਣੀ ਸੀਤੋ ਜੋ ਕਾਫੀ ਦੇਰ ਤੋਂ ਚੁੱਪ ਬੈਠੀ ਸੀ ਨੇ ਆਪਣੀ ਰਾਏ ਦਿੰਦਿਆਂ ਆਖਿਆ, ਧੀਏ ਮਰਦ ਪੱਖੀ ਸਮਾਜ ਵਿਚ ਮਰਦ ਬਿਨਾਂ ਰਹਿਣਾ ਉਨਾਂ ਹੀ ਔਖੈ ਜਿੰਨਾ ਬਿਨਾ ਹੱਥਾਂ ਦੇ ਰੋਟੀ ਖਾਣਾ।
ਕੋਲ ਬੈਠੀਆਂ ਔਰਤਾਂ ਨੇ ਆਪਣੀ ਰਾਏ ਦਿੱਤੀ, ਪਹਾੜ ਜਿੱਡੀ ਜ਼ਿੰਦਗੀ ਕਿਵੇਂ ਟੱਪੂ ਵਿਚਾਰੀ ਦੀ ਇਹ ਤਾਂ ਪਹਿਲਾਂ ਈ ਧੀਆਂ ਦੀ ਮਾਂ ਐ।
ਭੋਗ ਦੀ ਰਸਮ ਤੋਂ ਬਾਅਦ ਸੁਰਜੀਤ ਦੇ ਸਾਹਮਣੇ ਫੈਸਲੇ ਦੀ ਘੜੀ ਆਣ ਖੜੀ।

“ਹਾਂ, ਭਾਈ ਦੱਸੋ, ਕੀ ਵਿਚਾਰ ਐ?” ਸੁਰਜੀਤ ਦੇ ਸਹੁਰੇ ਹਰਦੇਵ ਸਿੰਘ ਨੇ ਕਮਰੇ `ਚ ਵੜਦਿਆਂ ਕਿਹਾ।
ਏਨੇ ਕੀ ਦਸਣੈ ਵਿਚਾਰੀ ਨੇ, ਕੁਲਦੀਪ ਨੂੰ ਬੁਲਾਓ ਤੇ ਚਾਦਰ ਪੁਆ ਦਿਓ।
ਹਰਦੇਵ ਸਿੰਘ ਦੇ ਪਿੱਛੇ ਖੜੇ ਠੇਕੇਦਾਰ ਗੁਰਮੁਖ ਸਿੰਘ ਨੇ ਜਿਵੇਂ ਫੈਸਲਾ ਹੀ ਸੁਣਾ ਦਿੱਤਾ ਹੋਵੇ।
ਜਿਵੇਂ ਤੇਰਾ ਮਨ ਮੰਨਦੈ ਉਵੇਂ ਹੀ ਕਰ ਬੇਟਾ। ਕੋਲ ਬੈਠੇ ਸੁਰਜੀਤ ਦੇ ਬੁੱਢੇ ਪਿਤਾ ਨੇ ਹੰਝੂ ਪੂੰਜਦਿਆਂ ਕਿਹਾ।
ਚਲੋ ਸਰਦਾਰ ਜੀ ਅਰਦਾਸ ਸੁਰਜੀਤ ਦੇ ਪਿਤਾ ਨੇ ਹਰਦੇਵ ਸਿੰਘ ਨੂੰ ਇਸ਼ਾਰੇ ਨਾਲ ਆਖਿਆ।
“ਚਲ ਠੀਕ ਐ ਪੁੱਤ ਸੋਚ ਸਮਝ ਕੇ ਦਸ ਦੇਵੀਂ, ਰੱਬ ਵੀ ਪਤਾ ਨੀ ਕਿਉਂ ਉਨ੍ਹਾਂ ਨੂੰ ਲੈ ਜਾਂਦੈ ਜਿੰਨਾਂ ਦੀ ਲੋੜ ਹੋਵੇ ਮੈਨੂੰ ਚੰਦਰੀ ਨੂੰ ਨਿਹਾਲੋ ਦਾ ਗਲ ਭਰ ਆਇਆ।
“ਪਰ ਮਾਂ ਜੀ ਮੈਂ ਕੱਲੀ ਫੈਸਲਾ ਕਿਵੇਂ ਲੈ ਲਵਾਂ? ਮੇਰੀਆਂ ਚਾਰੇ ਧੀਆਂ ਦਾ ਵੀ !
ਸੁਰਜੀਤ ਨੇ ਪ੍ਰਸ਼ਨ ਭਰੀਆਂ ਨਜ਼ਰਾਂ ਨਾਲ ਆਪਣੀਆਂ ਧੀਆਂ ਵੱਲ ਤੱਕਿਆ ਜਿਵੇਂ ਕੁੱਝ ਪੁੱਛਣਾ ਚਾਹੁੰਦੀ ਹੋਵੇ।
ਮੰਮੀ ਜੀ ਤੁਸੀਂ ਕੋਈ ਫੈਸਲਾ ਲੈ ਲਵੋ, ਅਸੀਂ ਤੁਹਾਡੇ ਨਾਲ ਹਾਂ। ਰਮਨ ਤੇ ਅਮਨ ਇਕੱਠੀਆਂ ਹੀ ਬੋਲ ਪਈਆਂ।
“ਠੀਕ ਐ ਬੱਚਿਓ ਜੇ ਤੁਸੀਂ ਚਾਰੇ ਉਂਗਲਾਂ ਬਣੋਗੀਆਂ ਤਾਂ ਮੈਂ ਅੰਗੂਠਾ ਬਣਕੇ ਮੁੱਠੀ ਦੀ ਤਾਕਤ ਪੂਰੀ ਕਰਾਂਗੀ।” ਐਨਾ ਕਹਿ ਸੁਰਜੀਤ ਨੇ ਜਿਵੇਂ ਮਨ ਹੀ ਮਨ ਫੈਸਲਾ ਕਰ ਲਿਆ ਹੋਵੇ।

ਰਣਜੀਤ ਸਿੰਘ ਭੁੱਲਰ

You may also like