ਬਚਪਨ ਤੋਂ ਹੀ ਮੇਰੇ ਪਿਤਾ ਜੀ ਨੇ ਮੂਲਮੰਤਰ ਦੇ ਜਾਪ ਦੀਆਂ ਅਜਿਹੀਆਂ ਮਹੱਤਵ ਪੂਰਨ ਮਿਸਾਲਾਂ ਦਿੱਤੀਆਂ ਸਨ ਕਿ ਮੂਲ ਮੰਤਰ ਦਾ ਜਾਪ ਮੇਰੇ ਅੰਦਰ ਘੁੱਟ ਘੁੱਟ ਕੇ ਭਰਿਆ ਗਿਆ।ਸੱਚਮੁੱਚ ਇਸ ਮਹੱਤਤਾ ਨੂੰ ਮੈਂ ਪਹਿਲੀ ਵਾਰ ਓਦੋ ਤੱਕਿਆ ਜਦੋਂ ਮੇਰੀ ਉਮਰ ਗਿਆਰਾਂ ਵਰ੍ਹਿਆ ਦੀ ਸੀ। ਇਕ ਦਿਨ ਪਿਤਾ ਜੀ ਘਰ ਨਹੀਂ ਸਨ ਅਤੇ ਨੰਬਰਦਾਰ ਭਗਵਾਨ ਸਿੰਘ ਦੇ ਘਰ ਲਾਗਲੇ ਬਾੜੇ ਕੋਲ ਕੁਝ ਪੁੱਛਾਂ ਦੇਣ ਵਾਲੇ ਸਿਆਣਿਆ ਨੇ ਇਕੱਠ ਬੁਲਾਇਆ , ਜਿਹਨਾਂ ਦੇ ਮੁਖੀ ਅੰਡਿਆਲੇ ਵਾਲੇ ਪੰਡਤ ਮਹਾਰਾਜ, ਸਾਡੇ ਪਿੰਡ ਤੋਂ ਸੂਰਮਾ ਪੰਡਿਤ ਦੇ ਓਹਦੇ ਤਿੰਨ ਚਾਰ ਸਾਥੀ ਸਨ। ਕਿਸੇ ਗੱਲੋਂ ਮੇਰਾ ਓਹਨਾ ਨਾਲ ਤਕਰਾਰ ਹੋ ਗਿਆ । ਉਹ ਚਿੜ ਕੇ ਮੇਰੇ ਤੇ ਮੰਤ੍ਰ ਛੱਡਣ ਲੱਗੇ। ਮੈਂ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ ਅਤੇ ਓਹਨਾ ਦੇ ਮੰਤਰ ਬੇਅਸਰ ਰਹੇ। ਫਿਰ ਉਹਨਾਂ ਨੇ ਇਕ ਚੌਖਟੇ ਜਹੇ ਦੇ ਆਸਪਾਸ ‘ ਕਾਰ’ ਕਰ ਦਿੱਤੀ ਅਤੇ ਚਾਰੇ ਪਾਸੇ ਚਾਰ ਦੀਵੇ ਟਿਕਾਕੇ ਧਮਕਾਇਆ ਕਿ ਇਸ ‘ ਕਾਰ ‘ ਵਿਚ ਬੈਠ ਅਸੀਂ ਤੈਨੂੰ ਭਸਮ ਕਰ ਦਿਆਂਗੇ । ਮੈਂਨੂੰ ਮੂਲ ਮੰਤਰ ਦੇ ਜਾਪ ਤੇ ਭਰੋਸਾ ਸੀ, ਮੈਂ ਇਕ ਦੀਵੇ ਨੂੰ ਪੈਰ ਨਾਲ ਠੁੱਡਾ ਮਾਰਿਆ ਤੇ ਉਸ ਕਾਰ ਵਾਲੀ ਥਾਂ ਦੇ ਵਿਚ ਦੀ ਹੁੰਦਾ ਹੋਇਆ ਘਰ ਵੱਲ ਤੁਰ ਪਿਆ।
ਉਸੇ ਰਾਤ ਅੰਡਿਆਲੇ ਵਾਲਾ ਮੁਖੀ ਤਾਂ ਖਿਸਕੰਤਰ ਹੋ ਗਿਆ, ਪਰ ਸਾਡੇ ਗੁਆਂਢ ਰਹਿਣ ਵਾਲੇ ਸੂਰਮੇ ਪੰਡਿਤ ਨੇ ਈਰਖਾ ਦੀ ਕਾੜ੍ਹਨੀ ਵਿਚ ਰਿਝ ਕੇ ਮੇਰੇ ਤੇ ਕਾਲੇ ਇਲਮ ਦੇ ਵਾਰ ਸ਼ੁਰੂ ਕਰ ਦਿੱਤੇ। ਮੈਂ ਰਾਤ ਨੂੰ ਕੀਰਤਨ ਸੋਹਿਲੇ ਦਾ ਪਾਠ ਕਰਨ ਉਪਰੰਤ ਸਿਰਹਾਣੇ ਪਾਣੀ ਅਤੇ ਸ਼੍ਰੀ ਸਾਹਿਬ ਰੱਖ ਕੇ ਸੌ ਗਿਆ। ਮੇਰੇ ਤੋਂ ਪਹਿਲਾਂ ਮੇਰੇ ਚਾਚੇ ਦੇ ਮੁੰਡੇ ਦਾ ਮੰਜਾ ਲੱਗਾ ਹੋਇਆ ਸੀ। ਸੂਰਮੇ ਪੰਡਤ ਨੇ ਟਿਕੀ ਰਾਤ ਕਾਲਾ ਇਲਮ ਮੇਰੇ ਤੇ ਛੱਡਿਆ ਪਰ ਜਦੋਂ ਉਹ ਬਲਾ ਰਾਹ ਵਿੱਚ ਚਾਚੇ ਦੇ ਮੁੰਡੇ ਕੋਲੋਂ ਗੁਜਰੀ ਤਾਂ ਉਸਨੇ ਖੂਬ ਚੀਕ ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਅਭੜਵਾਹੇ ਉਠਿਆ ਅਤੇ ਉਸੇ ਪੰਡਿਤ ਦਾ ਕੀਤਾ ਕਾਰਾ ਸਮਝਦਿਆ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ। ਬਲਾ ਜਿਵੇਂ ਆਈ ਸੀ, ਓਵੇ ਈ ਵਾਪਸ ਮੁੜ ਗਈ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਡਰਦਾ ਮਾਰਾ ਪੰਡਤ ਬੋਰੀ ਬਿਸਤਰਾ ਚੁੱਕ ਕੇ ਖਿਸਕ ਗਿਆ।
ਇਹਨਾਂ ਘਟਨਾਵਾਂ ਕਰਕੇ ਮੇਰਾ ਦ੍ਰਿੜ ਨਿਸਚਾ ਬਣਾ ਦਿੱਤਾ ਕਿ ਗੁਰਬਾਣੀ ਦਾ ਪਾਠ ਤੇ ਵਿਚਾਰ ਜੀਵ ਆਤਮਾ ਲਈ ਸਦਾ ਸੁਖਦਾਈ ਹੈ | ਪੰਜਵੇ ਪਾਤਸ਼ਾਹ ਦਾ ਫੁਰਮਾਨ ਹੈ :
ਗੁਰਬਾਣੀ ਗਾਵਹੁ ਭਾਈ ।।
ਓਹ ਸਫਲ ਸਦਾ ਸੁਖਦਾਈ ।।
ਲੇਖਕ : ਸੂਬੇਦਾਰ ਬਘੇਲ ਸਿੰਘ (ਹੱਡਬੀਤੀ)
ਪੁਸਤਕ : ਜੀਵਨ ਅਨੁਭਵ