ਸ਼ਹਿਰ ਦੇ ਬਾਹਰਵਾਰ ਠੇਕਾ, ਠੇਕੇ ਦੇ ਨਾਲ ਦੋ ਢਾਬੇ।
ਢਾਬਿਆਂ ਦੇ ਸਾਹਮਣੇ ਕੰਧ ਦੇ ਨਾਲ ਸੜਕ ਉੱਤੇ ਉਹ ਆਂਡਿਆਂ ਦੀ ਰੇਹੜੀ ਲਾਉਂਦਾ। ਆਮ ਤੌਰ ਤੇ ਉਹ ਕਚਹਿਰੀਆਂ ਦੇ ਬੰਦ ਹੋਣ ਤੇ ਹੀ ਆਉਂਦਾ। ਰੁਲਿਆ-ਖੁਲਿਆ ਜਿਹਾ, ਜਿਹੋ ਜਿਹਾ ਉਹ ਆਪ ਸੀ ਉਹੋ ਜਿਹੇ ਉਹਦੇ ਗਾਹਕ ਸਨ। ਦਿਹਾੜੀ-ਦੱਪਾ ਕਰਕੇ ਸਾਈਕਲਾਂ ਤੇ ਪਿੰਡਾਂ ਨੂੰ ਪਰਤ ਰਹੇ ਥੱਕੇ-ਟੁੱਟੇ ਦਿਹਾੜੀਦਾਰ ਜਾਂ ਦਿਨ-ਭਰ ਸਵਾਰੀਆਂ ਜ਼ੋ ਥੱਕੇ ਰਿਕਸ਼ਿਆਂ ਵਾਲੇ। ਸ਼ਹਿਰ ਦੀ ਭੀੜ ਤੋਂ ਬਾਹਰ ਇਕਾਂਤ ਜਿਹੀ ਥਾਂ ਠੇਕੇ ਤੋਂ ਅਧੀਆਪਊਆ ਲੈਂਦੇ। ਉਹਦੀ ਰੇਹੜੀ ਤੋਂ ਗਲਾਸ ਮਿਲ ਜਾਂਦਾ। ਘਸਮੈਲੇ ਜਿਹੇ ਪਲਾਸਟਿਕ ਦੇ ਟੀਨ ਵਿੱਚੋਂ ਬੱਬਲ-ਵੱਡਾ ਜਿਹਾ ਪਾਣੀ ਦੇ ਦਿੰਦਾ। ਪੰਜਾਂ ਰੁਪਈਆਂ ਦੇ ਦੋ ਉੱਬਲੇ ਆਂਡੇ- ਸਸਤੇ ਜਿਹੇ ਵਿਚ ਉਹ ਉਨ੍ਹਾਂ ਦਾ ਡੰਗ ਲਾਹ ਦਿੰਦਾ। ਢਾਬਿਆਂ ਵਾਲੇ ਤਾਂ ਲੁੱਟਦੇ ਸਨ। ਖਾਲੀ ਗਲਾਸ ਦੇ ਵੀ ਪੈਸੇ ਮੰਗਦੇ।
ਸਾਹਮਣੇ ਢਾਬਿਆਂ ਵਾਲੇ ਅਕਸਰ ਉਸਨੂੰ ਲਲਕਾਰੇ ਮਾਰਦੇ, “ਵਗ ਜਾ ਉਇ! ਅੱਡੇ ਤੇ ਚਲਾ ਜਾ ਐਥੇ ਬਾਹਲਾ ਦੁੱਧ ਐ ਕਿੱਥੋਂ ਰੋਡਾ ਲੱਗਿਐ ਸਾਲਾ!”
ਉਹ ਆਪਣੀ ਰੇੜੀ ਤੇ ਖਲੋਤਾ ਈ ਘੁਰ-ਘੁਰ ਕਰੀ ਜਾਂਦਾ, “ਸੜਕ ਤੇ ਖੜਾ ਕਿਉਂ? ਸੜਕ ਕਿਸੇ ਦੇ ਪਿਓ ਦੀ ਐ? ਤੁਸੀਂ ਵਗ ਜੋ ਅੱਡੇ ਤੇ ਜੇ ਬਾਹਲੇ ਔਖੇ ਓ!) ਉਹ ਢਾਬਿਆਂ ਵਾਲੇ ਨੂੰ ਘੱਟ ਪਰ ਆਪਣੇ ਗਾਹਕਾਂ ਨੂੰ ਹੀ ਜਿਵੇਂ ਸੁਣਾਉਤੀ ਕਰੀ ਜਾਂਦਾ।
ਆਪ ਹੀ ਗੱਲਾਂ ਕਰੀ ਜਾਂਦਾ। ਆਪਣੇ ਗਾਹਕਾਂ ਦਾ ਜੀਅ ਲਵਾਈ ਰੱਖਦਾ।
ਕਈ ਵਾਰੀ ਮੈਂ ਸੋਚਦਾ ਦੋ ਰੁਪਈਆਂ ਦਾ ਤਾਂ ਕੱਚਾ ਆਂਡਾ ਹੀ ਵਿਕੀ ਜਾਂਦੈ। ਇਹਨੂੰ ਕੀ ਬਚਦਾ ਹੋਊ?
ਇਕ ਸ਼ਾਮ ਮੈਂ ਸੈਰ ਲਈ ਕਚਹਿਰੀਆਂ ਮੂਹਰਦੀ ਲੰਘਿਆ ਤਾਂ ਵੇਖਿਆ ਉਸਦੀ ਰੇੜੀ ਕੰਧ ਨਾਲ ਟੇਢੀ ਹੋਈ ਪਈ ਸੀ। ਟੁੱਟੇ ਹੋਏ ਆਂਡੇ ਖਿੱਲਰੇ ਪਏ ਸਨ ਜਿਨ੍ਹਾਂ ਤੇ ਮੱਖੀਆਂ ਭਿੰਨਭਿੰਨ ਕਰ ਰਹੀਆਂ ਸਨ। ਆਪ ਉਹ ਕਿਧਰੇ ਨਜ਼ਰ ਨਹੀਂ ਆਇਆ।
ਇੱਕ ਰਿਕਸ਼ੇ ਵਾਲੇ ਤੋਂ ਪੁੱਛਿਆ ਤਾਂ ਉਸਨੇ ਦੱਸਿਆ, “ਰਾਤ ਨੇਰੇ ਹੋਏ ਬੰਦੇ ਆਏ ਤੇ ਰੇ ਹੜੀ ਭੰਨ ਗਏ, ਨਾਲੇ ਸਾਰੇ ਆਂਡੇ। ਉਹਦੇ ਸਿਰ ‘ਚ ਪਿੱਛੋਂ ਦੀ ਡਾਂਗ ਮਾਰੀ। ਉਹ ਤਾਂ ਹਸਪਤਾਲ ‘ਚ ਦਾਖਲ ਐ। ਆਹ ਢਾਬੇ ਵਾਲਿਆਂ ਦੀ ਬੇੜੀ `ਚ ਵੱਟੇ ਪਏ ਜਾਪਦੇ ਐ।”
ਉਸਨੇ ਢਾਬਿਆਂ ਵੱਲ ਕੈਰੀ ਅੱਖ ਨਾਲ ਵੇਖਦਿਆਂ ਜ਼ੋਰ ਦੀ ਜਰਦੇ ਦੀ ਪਿਚਕਾਰੀ ਮਾਰੀ।
ਜਸਬੀਰ ਢੰਡ