ਕਈ ਦਿਨ ਹੋ ਗਏ, ਬਾਬਾ ਮਿੰਦਰ ਦੇਖਿਆ ਨੀ। ਪਹਿਲਾਂ ਤਾਂ ਸੱਥ ‘ਚ’ ਮੰਜਾ ਡਾਹੀ ਪਿਆ ਰਹਿੰਦਾ ਸੀ, ਆਹੋ ਸੁਣਿਆ ਤਾਂ ਸੀ ਕੇਰਾਂ, ਨਿੰਮੋ ਦੇ ਬਾਪੂ ਨੂੰ ਆਖੀ ਜਾਂਦਾ ਸੀ, ਬਈ ਨੂੰਹ ਰੋਟੀ ਨੀ ਦਿੰਦੀ, ਕਹਿੰਦੀ ਘਰ ‘ਚ’ ਪਿਆ ਬੁਰਾ ਲਗਦੈ। ਤੈਨੂੰ ਤਾਂ ਪਤਾ ਈ ਐ ਲੰਬਰਦਾਰਨੀਏ, ਪੁੱਤ ਵਲੈਤੋਂ ਚਿਰਾਂ ਪਿੱਛੋਂ ਹੀ ਆਉਂਦੈ। ਉਹ ਕਿਹੜਾ ਮੇਰੀ ਸਾਰ ਲੈਂਦੈ, ਫੇਰ ਬੇਗਾਨੀ ਧੀ ਨੇ ਕਿੱਥੋਂ ਪੁੱਛਣੈ। ਬਾਕੀ ਘਰ ਘਰ ਦੀ ਕਹਾਣੀ ਆ ਇਹ ਤਾਂ।
ਬਾਬੇ ਦੇ ਲਫਜ਼ਾਂ ਨੂੰ ਚੇਤੇ ਕਰਦਿਆਂ ਜੱਗੂ ਦੇ ਪੈਰ ਮਿੰਦਰ ਬਾਬੇ ਕੇ ਘਰ ਵੱਲ ਨੂੰ ਮੁੜ ਗਏ। ਤਕੜਾਂ ਬਾਬਾ ? ਕਹਿੰਦਿਆਂ ਜੱਗੂ ਬਾਬੇ ਦੀ ਬੈਠਕ ‘ਚ’ ਵੜਿਆ । ਉਹਨੂੰ ਅਜੀਬ ਜੀ ਬਦਬੂ ਆਈ। ਬਸ ਸ਼ੇਰਾ, ਬੋਲਦਿਆਂ ਬਾਬੇ ਦਾ ਵੀ ਗਲ ਭਰ ਗਿਆ। ਜੱਗੂ ਨੇ ਆਖਿਆ ਬਾਪੂ ਆਹ ਲੱਤ ਨੂੰ ਕੀ ਕਰੀਂ ਬੈਂਠੈਂ ? ਬਸ ਸੱਟ ਜੀ ਲੱਗ ਗੀ ਸੀ ਮਾੜੀ ਜੀ।ਜੱਗੂ ਨੇ ਬਾਬੇ ਦੀ ਨੂੰਹ ਨੂੰ ਆਖਿਆ ਓ ਭਾਬੀ ਆਹ ਡਾਕਟਰ ਨੂੰ ਦਿਖਾਓ ਬਾਬੇ ਦੀ ਲੱਤ ਕਿੰਨੀ ਖਰਾਬ ਹੋਈ ਪਈ ਆ ਤੇ ਪੀਕ ਵੀ ਪਈ ਪਈ ਆ। ਜੱਗੂ ਨੇ ਜੈਲੇ ਦੀ ਘਰ ਵਾਲੀ ਮਤਲਬ ਬਾਬੇ ਦੀ ਨੂੰਹ ਨੂੰ ਲੱਤ ਦਿਖਾਉਦਿਆਂ ਕਿਹਾ। ਅੱਗੋਂ ਜੈਲੇ ਦੀ ਘਰਵਾਲੀ ਵੇ ਭਾਈ ਤੂੰ ਕੁੰਡੀ ਲਾ ਦੇ ਬਾਹਰੋਂ , ਇਹਨੇ ਆਪੇ ਮਰ ਜਾਣਾ, ਕੋਈ ਲੋੜ ਨੀ ਡਾਕਟਰਾਂ ਦੀ।
ਬਾਬੇ ਦਾ ਪਿੰਜ਼ਰ ਬਣਿਆ ਸਰੀਰ ਦਸਦਾ ਸੀ ਉਹਨੂੰ ਸੱਚੀਂ ਕਈ ਦਿਨਾਂ ਤੋਂ ਖਾਣ -ਪੀਣ ਨੂੰ ਨਹੀਂ ਮਿਲਿਆ ਸੀ। ਜੱਗੂ ਕੋਲੋਂ ਬਾਬੇ ਦੀ ਹਾਲਤ ਦੇਖੀ ਨਾ ਗਈ ਤੇ ਉਹਨੇ ਸਹਾਰਾ ਕਲੱਬ ਆਲਿਆਂਂ ਨੂੰ ਫੂਨ ਕਰਤਾ। ਬਾਬੇ ਨੂੰ ਸ਼ਹਿਰ ਲੈ ਗਏ, ਹਸਪਤਾਲ ਆਲਿਆਂ ਨੇ ਐਂਬੂਲੈਂਸ ‘ਚੋ’ ਉਤਰਣ ਹੀ ਨਾ ਦਿੱਤਾ, ਅਖੇ ਲੱਤ ‘ਚ’ ਕੀੜੇ ਪੈ ਗੇ, ਦਿਲ ਤੱਕ ਪਹੁੰਚਣ ਆਲੇ ਆ, ਮਾਫ ਕਰਨਾ ਤੁਸੀਂ ਲੇਟ ਹੋ ਗੇ। ਮੋੜ ਲਿਆਏ ਘਰ ਬਾਬੇ ਨੂੰ। ਬਸ ਹੁਣ ਤਾਂ ਬਾਬਾ ਆਪਣੀ ਆਖਰੀ ਘੜੀ ਦੀ ਉਡੀਕ ਕਰ ਸਕਦਾ ਸੀ, ਹੋਰ ਕੀਹਨੇ ਆਉਣੈ ਉਹਦੇ ਕੋਲ।
ਨੀ ਕੁੜੀਏ ਜੈਲੇ ਨੂੰ ਫੂਨ ਕਰਦੇ ਥੋੜਾ ਬਾਪੂ ਅੱਜ ਕੱਲ੍ਹ ਦਾ ਈ ਆ। ਜੱਗੂ ਦੀ ਬੇਬੇ ਜੈਲੇ ਦੀ ਬਹੂ ਨੂੰ ਆਖਣ ਆਈ। ਅੱਗੋਂ ਜੈਲੇ ਦੀ ਘਰਵਾਲੀ ਬਾਬੇ ਦੀ ਨੂੰਹ ਕਹਿੰਦੀ ਊਂ ਉਹ ਨੀ ਆਉਂਦਾ , ਕਿਥੇ ਟੈਮ ਆ? ਉਹ ਤਾਂ ਪਹਿਲਾਂ ਹੀ ਕਹਿੰਦਾ ਸੀ ਆਪੇ ਚੱਕ ਕੇ ਫੂਕ ਦਿਓ ਬੁੜੇ ਨੂੰ, ਮੈਨੂੰ ਨਾ ਉਡੀਕਿਓ। ਟੁਕਵਾਂ ਜਵਾਬ ਸੁਣ ਕੇ ਬੇਬੇ ਹੈਰਾਨ ਹੁੰਦੀ ਮੁੜ ਆਈ। ਆਖਰ ਤੜਕੇ 4ਵਜੇ ਮੌਤ ਨੇ ਬਾਬੇ ਨੂੰ ਗਲ ਨਾਲ ਲਾ ਲਿਆ। ਸਸਕਾਰ ਕਰਨ ਆਏ ਮੁੰਡਿਆਂ ਨੇ ਬੜੀ ਮੁਸ਼ਕਿਲ ਨਾਲ ਬਾਬੇ ਨੂੰ ਚੁੱਕਿਆ। ਅੰਦਰ ਕੀੜਿਆਂ ਨੇ ਖਾ ਲਿਆ ਸੀ, ਤੇ ਮਾਸ ਦੇ ਬੁਰਕ ਝੜੀ ਜਾਂਦੇ ਸੀ। ਗਲੀ ‘ਚ’ਲੰਘਦਿਆਂ ਬੁੜੀਆਂ ਦੇ ਗੱਲਾਂ ਕਰਦੀਆਂਂ ਦੀ ਮੇਰੇ ਕੰਨਾਂ ਚ ਅਵਾਜ਼ ਪਈ, ਕੁੜੇ ਲੈ ਦੱਸ ਮਿੰਦਰ ਬੁੜੇ ਨੇ ਕਿਸੇ ਦਾ ਬੁਰਾ ਨੀ ਸੀ ਕੀਤਾ, ਪਤਾ ਨੀ ਰੱਬ ਨੇ ਐਡੀ ਮਾੜੀ ਮੌਤ ਕਾਹਤੋਂ ਦਿੱਤੀ ਆ। ਮੈ ਮਨ ਹੀ ਮਨ ਉਹਦੀ ਗੱਲ ਦਾ ਜਵਾਬ ਦਿੱਤਾ, ਬੇਬੇ ਮੌਤ ਨੀ ਮਾੜੀ, ਔਲਾਦ ਮਾੜੀ ਆ।
ਨਵਜੋਤ ਕੌਰ