ਤੈਨੂੰ ਕੱਲ ਸਮਝਾਇਆ ਨੀਂ ਉਇ ਇਹ ਸੁਆਲ? ਫੇਰ ਆ ਖੜੈ ਬੋਤੇ ਆੜੂ ਧੌਣ ਕੱਢਕੇ , ਦਿਮਾਗ ਐ ਕਿ ਤੂੜੀ ਭਰੀ ਐ? ਪਤਾ ਨੀਂ ਕੀ ਖਾਕੇ ਜੰਮਦੀਐ, ਜਿੰਨਾ ਮਰਜ਼ੀ ਮੱਥਾ ਮਾਰੀ ਜਾਓ, ਸਾਲਿਆਂ ਦੇ ਕੱਖ ਪੱਲੇ ਨੀਂ ਪੈਂਦਾ ਫ਼ਰ ਨਾ ਹੋਣ ਤਾਂ ਕਿਤੋਂ ਦੇ ਜਦੋਂ ਲਘੱਤਮ ਈ ਗਲਤ ਐ ਤਾਂ ਸੁਆਲ ਠੀਕ ਕਿੱਥੋਂ ਹੋ ਜੂ?
ਗ਼ਲਤ ਸੁਆਲ ਵਾਲੀ ਸਲੇਟ ਅਧਿਆਪਕ ਦੇ ਸਾਹਮਣੇ ਪਈ ਹੈ ਤੇ ਉਹ ਮੁੰਡੇ ਉਤੇ ਲਗਾਤਾਰ ਖਿਝ ਰਿਹਾ ਹੈ। ਉਸਦਾ ਸਿਰ ਦੁਖਣ ਲੱਗ ਪੈਂਦਾ ਹੈ।
ਪਤਾ ਨੀਂ ਕਿਹੜੀ ਚੰਦਰੀ ਘੜੀ ਸੀ ਜਦੋਂ ਏਸ ਮਹਿਕਮੇਂ ’ਚ ਆ ਫਸੇ ਹੁਣ ਮਾਰੀ ਜਾਓ ਮੱਥਾ ਸਾਰੀ ਉਮਰ ਇਨ੍ਹਾਂ ਡੰਗਰਾਂ ਨਾਲ ਸਾਹਮਣੇ ਨੀਵੀਂ ਪਾਈ ਖੜਾ ਮੁੰਡਾ ਉਸਨੂੰ ਵਿਹੁ ਵਰਗਾ ਲਗਦਾ ਹੈ। ਉਸਦੇ ਮੂੰਹ ਦਾ ਸੁਆਦ ਕੌੜਾ ਕੌੜਾ ਹੋ ਜਾਂਦਾ ਹੈ ਜਿਵੇਂ ਕੁਨੈਣ ਖਾਧੀ ਹੋਵੇ | ਅਚਾਨਕ ਬੜੇ ਜ਼ੋਰ ਨਾਲ ਉਸਨੂੰ ਚਾਹ ਦੀ ਤਲਬ ਮਹਿਸੂਸ ਹੁੰਦੀ ਹੈ।
‘ਦੁੱਧ ਦੀਆਂ ਵਾਰੀਆਂ ਲਾ ਤੀਆਂ ਉਇ ਚਰਨਿਆਂ? ਉਹ ਮਨੀਟਰ ਨੂੰ ਪੁੱਛਦਾ ਹੈ। ਜੀ ਵਾਰੀ ਆਲਾ ਤਾਂ ਕੋਈ ਨੀਂ ਲਿਆਇਆ।
ਮੁੰਡੇ ਵੱਲੋਂ ਜਵਾਬ।
ਕਿਉਂ?
ਜੀ! ਸਮਸ਼ੇਰ ਕੀ ਤਾਂ ਕੱਟੀ ਚੁੰਘਗੀ ਤੇ ਵਿਸਾਖੀ ਕਹਿੰਦਾ ਸਾਡੇ ਘਰੇ ਨੀਂ ਕੋਈ, ਕੁਲਵੰਤ ਕਿਆਂ ਨੇ ਥੇਈ ਕਰ ਲੀ ਜੀ।
‘ਫੇਰ?’ ਚਾਹ ਦੀ ਤਲਬ ਫੇਰ ਉਸਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਹੁੰਦੀ ਹੈ।
‘ਜੀ ਮੈਂ ਲਿਆਵਾਂ?’ ਸਾਹਮਣੇ ਖੜਾ ਗਲਤ ਸੁਆਲ ਵਾਲਾ ਮੁੰਡਾ ਆਖਦਾ ਹੈ। ਉਸਦੇ ਮਾੜਾ ਜਿਹਾ ਸਿਰ ਹਿਲਾਉਣ ਤੇ ਹੀ ਮੁੰਡਾ ਬਹੁ-ਵੀਟ ਜਾਂਦਾ ਹੈ ਜਿਵੇਂ ਕੋਈ ਕੈਦੀ ਜੇਲੋਂ ਛੁੱਟ ਗਿਆ ਹੋਵੇ। ਰੱਸਾ ਤੁੜਾ ਕੇ ਭੱਜੇ ਪਸ਼ੂ ਵਾਗ ਉਹ ਦੁੜੰਗੇ ਮਾਰਦਾ ਗੇਟੋਂ ਬਾਹਰ ਹੋ ਜਾਂਦਾ ਹੈ।
ਉਹ ਦੁੱਧ ਦੀ ਗੜਵੀ ਹਾਜ਼ਰੀ ਰਜਿਸਟਰ ਨਾਲ ਢਕ ਕੇ ਪਿਛਲੇ ਤਾਕ ਵਿਚ ਰੱਖ ਦਿੰਦਾ ਹੈ।
ਦੇਖ ਬੇਟੇ! ਜੇ ਕੋਈ ਸੁਆਲ ਨਾ ਆਵੇ ਤਾਂ ਪੁੱਛ ਲਈਦੈ ਸੰਗੀਦਾ ਨੀਂ ਅਸੀਂ ਕਾਹਦੇ ਵਾਸਤੇ ਬੈਠੇ ਆਂ ਦੇਖ! ਏਥੇ ਲਾ ਤੀਆ।
ਅਧਿਆਪਕ ਦੇ ਬੋਲਾਂ ਵਿਚ ਹੁਣ ਮਿਸਰੀ ਘੁਲਦੀ ਜਾ ਰਹੀ ਹੈ ਤੇ ਮੁੰਡਾ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੱਕ ਰਿਹਾ ਹੈ।
ਜਸਬੀਰ ਢੰਡ