ਐਤਵਾਰ ਦਾ ਦਿਨ ਸੀ। ਮੈਂ ਕੇਸੀ ਇਸ਼ਨਾਨ ਕਰਕੇ ਧੁਪੇ ਕੁਰਸੀ ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ। ਸਾਡੀ ਬਰਤਨ ਸਾਫ ਕਰਨ ਵਾਲੀ ਧਿਆਨੋ ਸਫ਼ਾਈ ਕਰਦੀ-ਕਰਦੀ ਬੋਲੀ ਜਾਂਦੀ ਸੀ। ਮੈਂ ਕੀ ਕਰਾਂ, ਕਿੱਥੇ ਜਾਵਾਂ ਮੈਂ ਸਾਰਾ ਦਿਨ ਕੋਠੀਆਂ ਵਿੱਚ ਕੰਮ ਕਰਕੇ ਬੱਚੇ ਪਾਲਾਂ ਅਤੇ ਉਹ ਸ਼ਾਮ ਨੂੰ ਜੋ ਕਮਾਏ, ਉਸ ਦੀ ਸ਼ਰਾਬ ਪੀ ਲਵੇ। ਉਸ ਨੂੰ ਘਰ ਦੇ ਰਾਸ਼ਨ ਦਾ ਕੋਈ ਫ਼ਿਕਰ-ਫਾਕਾ ਨਹੀਂ। ਬੱਚਿਆਂ ਦੀ ਪੜ੍ਹਾਈ ਦਾ ਕੋਈ ਖਿਆਲ ਨਹੀਂ। ਉਸਨੂੰ ਸਿਰਫ਼ ਸ਼ਰਾਬ ਦਾ ਪਤਾ ਹੈ। ਹਰ ਰੋਜ਼ ਸ਼ਾਮ ਨੂੰ ਉਹ ਪੀ ਕੇ ਆਉਂਦਾ ਹੈ ਅਤੇ ਗਾਲਾਂ ਕੱਢਣ ਲੱਗ ਜਾਂਦਾ ਹੈ। ਮੈਂ ਕਰਾਂ ਤਾਂ ਕੀ ਕਰਾਂ। ਜਦੋਂ ਉਹ ਬੋਲ ਹਟੀ ਤਾਂ ਮੈਂ ਆਖਿਆ “ਧਿਆਨੋ ਤੂੰ ਅਜਿਹੇ ਪਤੀ ਨੂੰ ਬਰਦਾਸ਼ਤ ਕਿਉਂ ਕਰਦੀ ਏ। ਜਦੋਂ ਕਿ ਉਸਨੂੰ ਤੇਰਾ ਅਤੇ ਬੱਚਿਆਂ ਦਾ ਕੋਈ ਧਿਆਨ ਨਹੀਂ, ਤੂੰ ਤਲਾਕ ਹੀ ਦੇ ਛੱਡ ਉਸ ਨੂੰ।’ ਮੇਰੀ ਗੱਲ ਸੁਣ ਕੇ ਉਹ ਇਕਦੱਮ ਭੜਕ ਪਈ ‘ਤਲਾਕ ਦੇ ਦਿਆਂ ਤੁਸੀਂ ਆਂਟੀ ਨੂੰ ਤਲਾਕ ਕਿਉਂ ਨਹੀਂ ਦੇ ਦਿੰਦੇ। ਮੈਨੂੰ ਸਲਾਹ ਦੇ ਰਹੇ ਹੋ, ਮੈਂ ਕਿਉਂ ਦਿਆਂ ਤਲਾਕ ਉਸ ਨੂੰ, ਉਹ ਤਾਂ ਮੇਰੇ ਸਿਰ ਦਾ ਸਾਂਈ ਹੈ। ਤਲਾਕ ਦੇ ਕੇ ਮੈਂ ਸ਼ਾਮਲਾਟ ਜ਼ਮੀਨ ਬਣ ਜਾਵਾਂ?
ਅਵੱਲ ਸਰਹੱਦੀ