ਕਹਿੰਦੇ ਇਟਲੀ ਦਾ 93 ਸਾਲਾ ਬਜ਼ੁਰਗ ਪਿਛਲੇ ਦਿਨੀਂ ਬੇਹੱਦ ਬਿਮਾਰ ਹੋ ਗਿਆ। ਨਕਲੀ ਸਾਹ ਲੈਣ ਲਈ ਵੈਂਟੀਲੇਟਰ ਤੇ ਰਿਹਾ। ਬਚਣ ਦੀ ਕੋਈ ਆਸ ਨਹੀਂ ਸੀ ਪਰ ਡਾਕਟਰਾਂ ਦੀ ਮਿਹਨਤ ਸਦਕਾ ਬਚ ਗਿਆ।
ਹਸਪਤਾਲ ਤੋਂ ਛੁੱਟੀ ਮਿਲਣ ਸਮੇਂ ਡਾਕਟਰ ਨੇ ਕਿਹਾ ਕਿ ਉਂਝ ਤਾਂ ਹਸਪਤਾਲ ਦਾ ਕੋਈ ਬਿੱਲ ਨਹੀਂ ਹੈ ਪਰ ਜੇਕਰ ਤੁਸੀਂ ਦਾਨ ਕਰਨਾ ਚਾਹੋ ਤਾਂ ਆਪਣਾ ਇੱਕ ਦਿਨ ਦਾ ਵੈਂਟੀਲੇਟਰ ਦਾ ਖਰਚਾ ਪੰਜ ਸੌ ਯੂਰੋ ਦਾਨ ਕਰ ਸਕਦੇ ਹੋ।
ਇਹ ਗੱਲ ਸੁਣ ਬਜ਼ੁਰਗ ਰੋਣ ਲੱਗ ਪਿਆ। ਡਾਕਟਰ ਕਹਿਣ ਲੱਗਾ ਕਿ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਤੇ ਨਾ ਦਿਉ ਕੋਈ ਜ਼ਰੂਰੀ ਨਹੀਂ ਹੈ। ਪਰ ਰੋਵੋ ਨਾ।
ਬਜ਼ੁਰਗ ਨੇ ਜੁਆਬ ਦਿੱਤਾ ਕਿ ਪੈਸੇ ਤਾਂ ਮੇਰੇ ਕੋਲ ਬਥੇਰੇ ਨੇ ਮੈਂ ਤੁਹਾਨੂੰ ਆਪਣੇ ਸਾਰੇ ਦਿਨਾਂ ਦੇ ਵੈਂਟੀਲੇਟਰ ਵਰਤੋਂ ਦਾ ਖਰਚਾ ਦੇ ਦਿਆਂਗਾ।
ਫੇਰ ਰੋਂਦੇ ਕਿਉਂ ਹੋ?? ਡਾਕਟਰ ਨੇ ਹੈਰਾਨ ਹੁੰਦੇ ਪੁੱਛਿਆ!!
ਬਜ਼ੁਰਗ ਕਹਿਣ ਲੱਗਾ ਰੋਂਦਾ ਤਾਂ ਮੈਂ ਤਾਂ ਹਾਂ ਕਿ ਮੈਨੂੰ ਕੁਝ ਕੁ ਦਿਨ ਨਕਲੀ ਸਾਹਾਂ ਦੀ ਲੋੜ ਪਈ ਤਾਂ ਉਸ ਦੇ ਪੈਸੇ ਦੇਣੇ ਪੈ ਰਹੇ ਨੇ। ਪਰ ਸਾਰੀ ਉਮਰ ਮੈਂ ਕੁਦਰਤ ਦੇ ਬਖ਼ਸ਼ੇ ਮੁਫ਼ਤ ਦੇ ਸਾਹ ਲੈਦਾ ਰਿਹਾ ਪਰ ਕਦੇ ਉਸਦਾ ਸ਼ੁਕਰਾਨਾ ਵੀ ਨਾ ਕੀਤਾ। ਕਦੇ ਅਹਿਸਾਸ ਹੀ ਨਾ ਹੋਇਆ ਕਿ ਕਿੰਨ੍ਹੀ ਕੀਮਤੀ ਸੌਗਾਤ ਮੈਨੂੰ ਕੁਦਰਤ ਬਿਨ੍ਹਾ ਮੰਗੇ ਹੀ ਦਿੰਦੀ ਜਾ ਰਹੀ ਹੈ!! ਹੁਣ ਮੈਂਨੂੰ ਸਮਝ ਹੀ ਨਹੀਂ ਆ ਰਹੀ ਕਿ ਮੈਂ ਬੀਤੇ ਦਾ ਕਿੰਝ ਕਰਜ਼ ਚੁਕਾਵਾਂ? ਕਿੰਝ ਸ਼ੁਕਰਾਨਾ ਕਰਾਂ?
ਡਾਕਟਰ ਤੇ ਬਜ਼ੁਰਗ ਕਿੰਨ੍ਹਾ ਚਿਰ ਹੰਝੂ ਵਹਾਉਂਦੇ ਰਹੇ ਨੋਟਾਂ ਦੀ ਥੱਬੀ ਟੇਬਲ ਤੇ ਰੱਖ ਬਜ਼ੁਰਗ ਅੱਜ ਕੁਦਰਤ ਦਾ ਸ਼ੁਕਰਾਨਾ ਕਰਨ ਹਸਪਤਾਲੋਂ ਬਾਹਰ ਨਿਕਲ ਗਿਆ।
ਆਉ, ਆਪਾਂ ਵੀ ਸਮਾਂ ਰਹਿੰਦੇ ਕੁਦਰਤ ਦੀਆਂ ਬਿਨ ਮੰਗੇ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸਿੱਖੀਏ। ਹੱਥ ਜੋੜੀਏ, ਪਛਤਾਵੇ ਦੇ ਦੋ ਹੰਝੂ ਕੇਰੀਏ।
ਗੁਰਤੇਜ ਸਿੰਘ