ਕਿਰਤ ਕਰਨੀ ,ਨਾਮ ਜੱਪਣਾ , ਵੰਡ ਛਕਣਾ ਸਿੱਖੀ ਦੇ ਸੁਨਹਿਰੀ ਅਸੂਲ ਨੇ । ਕਿਰਤ ਨੂੰ ਸਿਰਮੌਰ ਮੰਨਿਆ ਗਿਆ ਏ । ਕਿਰਤ ਸ਼ੁੱਧ ਏ ਤਾਂ ਬਾਕੀ ਸਭ ਕੰਮ ਵੀ ਸ਼ੁੱਧ ਹੋਣ ਦੀ ਆਸ ਏ , ਇਕੱਲਾ ਨਾਮ ਜੱਪਣਾ ਜਾਂ ਦੂਜਿਆਂ ਦੀ ਕਮਾਈ ਆਪਸ ਵਿੱਚ ਜਾਂ ਚੰਦ ਬੰਦਿਆਂ ਵਿੱਚ ਵੰਡ ਛਕਣਾ ਪਰਮਾਰਥ ਦੇ ਰਾਹ ਤੇ ਇੱਕ ਕਦਮ ਵੀ ਨਹੀ ਪੁੱਟਣ ਦੇਵੇਗਾ ।
ਇਨਸਾਨ ਦੀ ਫ਼ਿਤਰਤ ਏ ਕਿ ਓਹਨੂੰ ਆਪਣੇ ਦੁੱਖ ਤੇ ਦੂਸਰਿਆਂ ਦੇ ਸੁਖ ਬਹੁਤ ਵੱਡੇ ਜਾਪਦੇ ਨੇ । ਏਹਨਾਂ ਉਲਾਹਮਿਆਂ ਤੇ ਅਖੌਤੀ ਕਮੀਆਂ ਦੀ ਗਿਣਤੀ ਵਿੱਚ ਈ ਅਸੀਂ ਉਲਝੇ ਰਹਿੰਦੇ ਹਾਂ, ਬੇ ਵਜ੍ਹਾ ਲਮਕੇ ਚਿਹਰੇ , ਹਰ ਵੇਲੇ ਖਿਝੂੰ ਖਿਝੂੰ, ਰੱਬ ਨਾਲ ਗਿਲੇ ਸ਼ਿਕਵੇ , ਦੂਜਿਆਂ ਵਿੱਚ ਨੁਕਸ ਕੱਢਣੇ , ਸਾਡੀ ਸ਼ਖਸ਼ੀਅਤ ਦਾ ਹਿੱਸਾ ਬਣ ਚੁੱਕੇ ਨੇ । ਪਰ ਸਿਆਣਪ ਦਾ ਤਕਾਜ਼ਾ ਏ ਕਿ ਪਰਮਾਰਥ ਦੇ ਰਸਤੇ ਤੇ ਚੱਲਣਾ ਹੋਵੇ ਤਾਂ ਆਪਣੇ ਤੋਂ ਉੱਪਰਲੇ ਵੱਲ ਤੱਕੋ , ਸੁਧਾਰ ਆਵੇਗਾ , ਕਮੀਆਂ ਨਜ਼ਰ ਆਉਣਗੀਆਂ ਖ਼ੁਦ ਦੀਆਂ । ਜੇਕਰ ਸੁਖ ਸਹੂਲਤਾਂ ਵੱਲ , ਸਰੀਰਕ ਸੁਖ ਵੱਲ ਤੱਕਣਾ ਹੋਵੇ ਤਾਂ ਆਪਣੇ ਤੋਂ ਹੇਠਾਂ ਖੜੇ ਲੋਕਾਂ ਵੱਲ ਨਿਗਾ ਮਾਰ ਲਵੋ, ਆਪਣੀ ਰੁੱਖੀ ਮਿੱਸੀ ਰੋਟੀ ਵੀ ਅੰਮ੍ਰਿਤ ਦਿਖਾਈ ਦੇਵੇਗੀ , ਸ਼ੁਕਰਾਨੇ ਨਾਲ ਭਰ ਜਾਓਗੇ ਹਿਰਦੇ ਵੱਲੋਂ ।
ਕੱਲ੍ਹ ਵੱਡੇ ਵੀਰ ਜੀ ਨਾਲ ਓਹਨਾ ਦੇ ਸਕੂਲ ਜਾਣ ਦਾ ਸਬੱਬ ਬਣਿਆ , ਜਿੱਥੇ ਕੁਝ ਨਵੀਂ ਉਸਾਰੀ ਦਾ ਕੰਮ ਚੱਲ ਰਿਹਾ ਸੀ ।ਓਥੇ ਮਜ਼ਦੂਰੀ ਕਰ ਰਹੇ ਇੱਕ ਬਜ਼ੁਰਗ ਤੇ ਨਜ਼ਰ ਪਈ , ਜੋ । ਸੱਤਰ ਸਾਲ ਦੇ ਕਰੀਬ ਹੋਵੇਗਾ । ਓਹ ਆਪ ਖ਼ੁਦ ਈ ਬੱਜਰੀ ਦੇ ਬਾਲ਼ਟੇ ਭਰ ਕੇ ਸਿਰ ਤੇ ਚੁੱਕ ਕੇ ਬਾਹਰੋਂ ਅੰਦਰ ਲਿਆ ਰਿਹਾ ਸੀ । ਦੋਵੇਂ ਗੋਡੇ ਬਾਹਰ ਨੂੰ ਲਿਫੇ ਹੋਏ ਸਨ, ਚੱਲਣ ਵਿੱਚ ਵੀ ਦਿੱਕਤ ਸੀ , ਖੱਬੇ ਹੱਥ ਤੇ ਇੱਕ ਮੈਲੀ ਜਿਹੀ ਪੱਟੀ ਬੰਨ੍ਹੀ ਹੋਈ ਸੀ , ਪੁੱਛਣ ਤੇ ਪਤਾ ਲੱਗਾ ਕਿ ਬਾਬਾ ਜੀ ਦਾ ਇਹ ਹੱਥ ਆਰੇ ਚ ਆ ਗਿਆ ਸੀ , ਜੋੜ ਸਹੀ ਨਹੀ ਪਿਆ ਤੇ ਜ਼ਖ਼ਮ ਵੀ ਠੀਕ ਨਹੀ ਹੋ ਰਿਹਾ , ਏਸ ਹਾਲਤ ਵਿੱਚ ਵੀ ਏਹ ਰੱਬ ਦਾ ਬੰਦਾ ਕਿਰਤ ਕਰਨ ਵਿੱਚ ਲੱਗਾ ਹੋਇਆ ਏ । ਸਿਰ ਤੇ ਪੀਲ਼ੀ ਗੋਲ ਦਸਤਾਰ , ਜਿਸਨੂੰ ਪਤਲੇ ਕੱਪੜੇ ਨਾਲ ਢੱਕਿਆ ਹੋਇਆ ਸੀ । ਉੱਪਰ ਇੰਨੂੰ ਰੱਖਿਆ ਹੋਇਆ ਸੀ ਤਾਂ ਜੋ ਬਾਲ਼ਟਾ ਟਿਕਾ ਸਕੇ । ਸਾਰਾ ਦਿਨ ਮਜ਼ਦੂਰੀ ਕਰਕੇ ਤਿੰਨ ਸੌ ਰੁਪਈਆ ਮਿਲਣਾ ਏ ਸ਼ਾਇਦ । ਪਰ ਵੇਖਣ ਵਾਲੀ ਗੱਲ ਏਹ ਸੀ ਕਿ ਏਸ ਭਲੇ ਪੁਰਸ਼ ਦੇ ਚਿਹਰੇ ਤੇ ਨੂਰ ਸੀ , ਸ਼ਿਕਵਾ ਨਹੀਂ, ਸ਼ੁਕਰਾਨਾ ਸੀ , ਸਬਰ ਸਿਦਕ ਸੀ,ਜੋ ਕਰੋੜਪਤੀ ਲੋਕਾਂ ਦੀ ਕਿਸਮਤ ਵਿੱਚ ਵੀ ਨਹੀ ਹੁੰਦਾ । ਕਿੱਥੇ ਏਹ ਇਨਸਾਨ ਜੋ ਅਪਾਹਜ ਹਾਲਤ ਵਿੱਚ ਵੀ ਹੱਕ ਸੱਚ ਦੀ ਕਿਰਤ ਕਰ ਰਿਹਾ ਏ , ਤੇ ਕਿੱਥੇ ਓਹ ਰਾਖਸ਼ ਬੁੱਧੀ ਲੋਕ , ਜੋ ਹੱਟੇ ਕੱਟੇ ਹੋ ਕੇ ਵੀ ਨਸ਼ੇ ਦੇ ਵਪਾਰ ਚ ਲੱਗੇ ਹੋਏ ਨੇ , ਜ਼ਹਿਰ ਵੇਚ ਰਹੇ ਨੇ ਸਮਾਜ ਲਈ , ਖ਼ੁਦ ਲਈ ਵੀ ਕੰਡੇ ਬੀਜ ਰਹੇ ਨੇ । ਸ਼ਾਇਦ ਦੁਨੀਆਂ ਚੰਦ ਇੱਕ ਭਲੇ ਲੋਕਾਂ ਦੇ ਆਸਰੇ ਈ ਚੱਲ ਰਹੀ ਏ , ਨਹੀਂ ਤਾਂ ਏਨੀ ਬੇ ਹੱਯਾਈ , ਬੇਕਿਰਕੀ , ਬੇਈਮਾਨੀ ਕਾਰਨ ਕਦੋ ਦੀ ਗਰਕ ਹੋ ਜਾਂਦੀ । ਗਰੀਬਾਂ ਕੋਲ ਹੋਰ ਕੁਝ ਵੀ ਨਹੀ ਹੁੰਦਾ , ਸਿਰਫ ਤੇ ਸਿਰਫ ਸਿਦਕ ਦੇ ਸਿਰ ਤੇ ਨੰਗੇ ਧੜ ਲੜ ਲੈਂਦੇ ਨੇ ਵਕਤ ਦੀ ਸਿਤਮਜਰੀਫੀ ਨੂੰ ।
ਪਰ ਕੁਝ ਗੱਲਾਂ ਜੋ ਬਾਰ ਬਾਰ ਅੰਦਰੋਂ ਵਾਢ ਪਾ ਰਹੀਆਂ ਨੇ , ਏਸ ਭਲੇ ਲੋਕ ਦਾ ਕੀ ਬਣੇਗਾ , ਜਿਸ ਦਿਨ ਮਜ਼ਦੂਰੀ ਤੇ ਵੀ ਜਾਣ ਯੋਗਾ ਨਾ ਰਿਹਾ, ਕੌਣ ਕਰੇਗਾ ਇਹਦੀ ਦੇਖ-ਭਾਲ਼ ?
ਕਿਵੇਂ ਪੂਰਾ ਕਰੇਗਾ ਏਹ ਆਪਣੀ ਜੀਵਨ ਯਾਤਰਾ ਦਾ ਆਖਰੀ ਹਿੱਸਾ ?
ਕੌਣ ਏ ਜੋ ਏਹਦੇ ਬਾਰੇ ਜਾਂ ਅਜਿਹੇ ਹੀ ਅਨਗਿਣਤ ਇਨਸਾਨਾਂ ਬਾਰੇ ਸੋਚੇਗਾ ਕਦੀ ?
ਮੈਨੂੰ ਤਾਂ ਨਹੀ ਦਿਸਦਾ , ਜੇਕਰ ਤੁਹਾਨੂੰ ਦਿਸੇ ਤਾਂ ਜ਼ਰੂਰ ਦੱਸਿਓ ।
ਅਖੀਰ ਵਿੱਚ ਬਾਬਾ ਨਜ਼ਮੀ ਦੀਆਂ ਏਹ ਸਤਰਾਂ ਸਾਂਝੀਆਂ ਕਰਾਂਗਾ।
ਜਿਸ ਧਰਤੀ ਤੇ ਰੱਜਵਾਂ ਟੁੱਕਰ
ਖਾਂਦੇ ਨਹੀਂ ਮਜ਼ਦੂਰ।
ਉਸ ਧਰਤੀ ਦੇ ਹਾਕਮ ਕੁੱਤੇ
ਉਸਦੇ ਹਾਕਮ ਸੂਰ ।
ਦਵਿੰਦਰ ਸਿੰਘ ਜੌਹਲ