ਕੰਵਲਜੀਤ ਨੂੰ ਬਹੁਤ ਡਰ ਲੱਗ ਰਿਹਾ ਸੀ। ਉਹ ਘਰ ਵਿੱਚ ਇਕੱਲੀ ਔਰਤ ਸੀ। ਉਨ੍ਹਾਂ ਦਾ ਘਰ ਪਿੰਡ ਤੋਂ ਦੂਰ ਖੇਤਾਂ ਵਿੱਚ ਸੀ ਅਤੇ ਆਸੇ ਪਾਸੇ ਕੋਈ ਹੋਰ ਘਰ ਵੀ ਨਹੀਂ ਸੀ।
ਉਸ ਦੇ ਪਤੀ ਨੂੰ ਹਾਲੀ ਵੀ ਭਲਵਾਨੀ ਦਾ ਸ਼ੌਕ ਸੀ। ਉਹ ਘੁਲਣ ਲਈ ਮਾਝੇ ਵਿੱਚ ਗਿਆ ਹੋਇਆ ਸੀ। ਉਸ ਦਾ ਛੋਟਾ ਦਿਉਰ- ਜਿਸ ਦਾ ਉਸ ਨੂੰ ਖਾਸ ਸਹਾਰਾ ਸੀ- ਉਹ ਵੀ ਹਾਕੀ ਚੁੱਕ ਕੇ ਸ਼ਹਿਰ ਮੈਚ ਖੇਡਣ ਚਲਾ ਗਿਆ ਸੀ। ਘਰ ਦੇ ਲਾਗੇ ਉਸਦਾ ਛੜਾ ਜੇਠ ਖਾਲ ਦੀਆਂ ਵੱਟਾਂ ਸਾਫ ਕਰ ਰਿਹਾ ਸੀ। ਉਸ ਨੂੰ ਇਸ ਸਮੇਂ ਸਭ ਤੋਂ ਵੱਧ ਗੁੱਸਾ ਆਪਣੇ ਮਾਪਿਆਂ ਉੱਤੇ ਆ ਰਿਹਾ ਸੀ। ਰਿਸ਼ਤਾ ਕਰਨ ਸਮੇਂ ਉਨ੍ਹਾਂ ਇਹ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਘਰ ਵਿੱਚ ਕਿਸੇ ਹੋਰ ਜਨਾਨੀ ਤੋਂ ਬਿਨਾਂ, ਉਹ ਮੌਕੇ ਬੇਮੌਕੇ ਕਿਵੇਂ ਸਮਾਂ ਲੰਘਾਇਆ ਕਰੇਗੀ। ਆਪਣੇ ਦਿਉਰ ਨੂੰ ਤਾਂ ਉਹ ਕੁਝ ਨਹੀਂ ਕਹਿ ਸਕਦੀ ਸੀ ਪਰ ਪਤੀ ਦੇ ਬੇਫਿਕਰ ਹੋ ਕੇ ਘਰੋਂ ਨਿਕਲ ਜਾਣ ਉੱਤੇ ਉਸ ਨੂੰ ਰਹਿ ਕੇ ਗੁੱਸਾ ਆ ਰਿਹਾ ਸੀ। ਉਸ ਨੂੰ ਡਿਉਢੀ ਵਿੱਚ ਆਪਣੇ ਜੇਠ ਦੇ ਆਉਣ ਦਾ ਅੰਗੁਰਾ ਸੁਣਾਈ ਦਿੰਦਿਆਂ ਹੀ ਹੱਥਾਂ ਪੈਰਾਂ ਦੀ ਪੈ ਗਈ। ਜਿਸ ਡਰ ਤੋਂ ਉਹ ਹੁਣ ਤੱਕ ਡਰਦੀ ਆ ਰਹੀ, ਉਹ ਡਰ ਉਸ ਦੇ ਸਾਹਮਣੇ ਖੜ੍ਹਾ ਸੀ। ਇੱਕ ਪਲ ਵਿੱਚ ਉਸ ਨਾਲ ਕੀ ਬੀਤਣ ਵਾਲਾ ਸੀ, ਉਸ ਦਾ ਕਿਆਸ ਕਰਕੇ ਉਹ ਪੀਹੜੀ ਉੱਤੇ ਬੈਠੀ ਕੰਬ ਰਹੀ ਸੀ।
‘‘ਭਾਈ ਮੇਰੇ ਕੱਪੜੇ ਫੜਾਇਓ’’ ਡਿਉਢੀ ਵਿਚੋਂ ਕਿਸੇ ਦੀ ਆਵਾਜ ਆਈ। ਜੇਠ ਕੱਪੜੇ ਲੈ ਕੇ ਬਾਹਰ ਜਾ ਰਿਹਾ ਸੀ ।
“ਮੈਂ ਭਾਈ ਬਾਹਰ ਟਾਹਲੀ ਹੇਠ ਪਿਆਂ, ਤੂੰ ਬਾਰ ਨੂੰ ਅੰਦਰੋਂ ਕੁੰਡਾ ਮਾਰ ਲੈ।” ਉਹ ਬਾਹਰ ਬੂਹਾ ਲੰਘਦਾ ਕਹਿ ਗਿਆ।
ਉਹ ਆਪਣੀ ਸੋਚ ਨੂੰ ਕੋਸ ਰਹੀ ਸੀ।
ਸੋਚ
2K
previous post