ਆਦਤ

by Sandeep Kaur

ਹਰ ਮਨੁੱਖ ਵਿੱਚ ਕੁਝ ਆਦਤਾਂ ਹੁੰਦੀਆਂ ਨੇ ਚੰਗੀਆਂ ਜਾਂ ਬੁਰੀਆਂ । ਅਗਰ ਚੰਗੀਆਂ ਆਦਤਾਂ ਦੀ ਬਹੁਤਾਤ ਹੋਵੇ ਤਾਂ ਇਨਸਾਨ ਦਾ ਕਿਰਦਾਰ ਸੋਹਣਾ ਬਣ ਜਾਂਦਾ ਏ ਪਰ ਜੇਕਰ ਘਟੀਆ ਆਦਤਾਂ ਦੀ ਭਰਮਾਰ ਹੋਵੇ ਤਾਂ ਇਨਸਾਨ ਤੇ ਘਟੀਆ ਹੋਣ ਦੀ ਮੋਹਰ ਲੱਗ ਜਾਂਦੀ ਏ ।
ਪਰ ਮੁਸ਼ਕਿਲ ਏਹ ਹੁੰਦੀ ਏ ਕਿ ਇਨਸਾਨ ਨੂੰ ਖ਼ੁਦ ਨੂੰ ਏਹ ਨਹੀ ਪਤਾ ਲੱਗਦਾ ਕਿ ਓਹਦੀ ਕੋਈ ਖ਼ਾਸ ਆਦਤ ਉਸਦਾ ਇੱਜਤ , ਮਾਣ ਘਟਾਉਂਦੀ ਏ । ਸਗੋਂ ਕਈ ਵਾਰ ਤਾਂ ਇਹਨਾਂ ਵਹਿਬਤਾਂ ਤੋਂ ਇਨਸਾਨ ਨੂੰ ਰਸ ਮਿਲਣਾ ਸ਼ੁਰੂ ਹੋ ਜਾਂਦਾ ਏ , ਜੋ ਦੂਜਿਆਂ ਲਈ ਪੀੜਾ ਦਾ ਕਾਰਨ ਬਣਦਾ ਏ ।ਕੁਝ ਆਦਤਾਂ ਸਰੀਰਕ ਹਰਕਤਾਂ ਨਾਲ ਤੁਅੱਲੁਕ ਰੱਖਦੀਆਂ ਨੇ , ਜਿਵੇਂ ਨੱਕ ਚ ਉਂਗਲਾਂ ਮਾਰਨਾ, ਉਂਗਲਾਂ ਤੇ ਪਟਾਕੇ ਪਾਉਣੇ, ਬੈਠੇ ਬੈਠੇ ਬੇਵਜ੍ਹਾ ਲੱਤਾਂ ਹਿਲੌਣਾ, ਦੰਦਾਂ ਨਾਲ ਨਹੁੰ ਟੁੱਕਣੇ , ਕਿਤੇ ਵੀ ਤੇ ਬਾਰ ਬਾਰ ਥੁੱਕਣਾ, ਕੰਨਾਂ ਚ ਉਂਗਲਾਂ ਪੌਣਾ ਇਤਿਆਦਿ।
ਵਿਹਾਰਕ ਬੁਰੀਆਂ ਆਦਤਾਂ ਇਸਤੋਂ ਅਗਲੇ ਦਰਜੇ ਦੀਆਂ ਹੁੰਦੀਆਂ ਨੇ , ਜੋ ਇਨਸਾਨ ਦੇ ਨਾਲ ਉਸਦੇ ਦਾਇਰੇ ਵਿੱਚ ਵਿਚਰਨ ਵਾਲੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਕਰਦੀਆਂ ਨੇ , ਜੀਣਾ ਦੁਸ਼ਵਾਰ ਕਰ ਦੇਂਦੀਆਂ ਨੇ ਕਈ ਵਾਰੀ ਤਾਂ ।ਝੂਠ ਬੋਲਣਾ , ਚੁਗ਼ਲੀ ਕਰਨੀ , ਨਿੰਦਿਆ ਕਰਨੀ , ਚੋਰੀ ਕਰਨੀ , ਇਹਨਾਂ ਵਿੱਚੋਂ ਮੁੱਖ ਤੌਰ ਤੇ ਗਿਣੀਆਂ ਜਾਣ ਵਾਲੀੰਆਂ ਆਦਤਾਂ ਨੇ ।ਇਸਤੋਂ ਬਾਦ ਨਸ਼ੇ ਕਰਨੇ , ਰਿਸ਼ਵਤ ਲੈਣੀ , ਕੰਮ-ਚੋਰੀ ਕਰਨੀ , ਮਿਲਾਵਟ ਕਰਨੀ ਆਦਿ ਓਹ ਆਦਤਾਂ ਨੇ ਜੋ ਕਿਸੇ ਸਮਾਜ ਦੇ ਕਿਰਦਾਰ ਨੂੰ ਖਾ ਜਾਂਦੀਆਂ ਨੇ ਘੁਣ ਵਾਂਗ। ਸਵੈਮਾਣ ਤੋ ਹੀਣਾ , ਵਿਕਾਊ , ਨਾ ਭਰੋਸੇਯੋਗ ਸਮਾਜ ਸਿਰਜਦੀਆਂ ਨੇ ਇਹ ਆਦਤਾਂ ।
ਅੰਮ੍ਰਿਤਸਰ ਜ਼ਿਲ੍ਹੇ ਦੀ ਬਹੁਤ ਪੁਰਾਣੀ ਗੱਲ ਏ,ਇੱਕ ਬੰਦਾ ਆਪਣੀ ਭੈਣ ਦੇ ਸਹੁਰੇ ਗਿਆ , ਅਗਲਿਆਂ ਆਉ ਭਗਤ ਕੀਤੀ , ਦੇਸੀ ਮੁਰਗ਼ਾ ਬਣਾਇਆਂ , ਸ਼ਾਮ ਨੂੰ ਉਚੇਚੀ ਭੱਠੀ ਲਾ ਕੇ ਘਰ ਦੀ ਸਪੈਸ਼ਲ ਦਾਰੂ ਅੱਗੇ ਰੱਖੀ । ਓਹ ਬੰਦਾ ਖ਼ਾਨਦਾਨੀ ਮੁਖ਼ਬਰ ਸੀ, ਅੱਧੀ ਰਾਤ ਉੱਠ ਕੇ ਥਾਣੇ ਜਾ ਵੜਿਆ, ਸਕੇ ਭਣਵਈਏ ਦੀ ਭੱਠੀ ਫੜਾ ਦਿੱਤੀ ਭਲੇਮਾਣਸ ਨੇ ।
ਇੱਕ ਔਰਤ ਨੂੰ ਚੋਰੀ ਦੀ ਆਦਤ ਸੀ , ਆਪਣੀ ਧੀ ਨੂੰ ਮਿਲਣ ਗਈ ,ਚੋਰੀ ਦੀ ਆਦਤ ਉੱਸਲਵੱਟੇ ਲੈਣ ਲੱਗੀ ,ਹੋਰ ਨਾ ਕੁਝ ਸਰਿਆ ਤਾਂ ਅੱਧਾ ਕਿੱਲੋ ਵਾਲਾ ਵੱਟਾ ਚੁੱਕ ਕੇ ਨੇਫ਼ੇ ਚ ਟੰਗ ਲਿਆ , ਜਦੋਂ ਵਾਪਸ ਤੁਰਨ ਵੇਲੇ ਧੀ ਨੂੰ ਗਲ਼ੇ ਲੱਗ ਮਿਲਣ ਲੱਗੀ ਤਾਂ ਵੱਟਾ ਖਿਸਕ ਕੇ ਪੈਰਾਂ ਚ ਜਾ ਪਿਆ । ਧੀ ਨੇ ਹੈਰਾਨਗੀ ਨਾਲ ਪੁੱਛਿਆ ਕਿ ਮਾਂ ਮੇਰੇ ਘਰ ਵੀ ਚੋਰੀ ? ਮਾਂ ਨੇ ਛਿੱਥੀ ਪੈਂਦਿਆਂ ਜਵਾਬ ਦਿੱਤਾ ਕਿ ਲੈ ਧੀਏ, ਤੇਰੀ ਚੀਜ ਤੇਰੇ ਘਰ ਰਹਿਗੀ, ਮੇਰੀ ਹੁੜਕ ਮੱਠੀ ਹੋ ਗੀ।
ਬਜ਼ੁਰਗ ਗੱਲ ਸੁਣੌਂਦੇ ਹੁੰਦੇ ਸਨ ਕਿ ਪਿੰਡ ਦੇ ਇੱਕ ਅੜ੍ਹਬ ਜਿਹੇ ਬੰਦੇ ਨੂੰ ਗਾਹਲ ਕੱਢਣ ਦੀ ਆਦਤ ਸੀ , ਦੋ ਧੀਆਂ ਈ ਸਨ, ਪੁੱਤਰ ਨਹੀ ਸੀ ਕੋਈ। ਇੱਕ ਧੀ ਏਧਰ ਵਿਆਹ ਤੀ , ਪਰਾਹੁਣੇ ਨੂੰ ਘਰ ਜਵਾਈ ਬਣਾ ਲਿਆ , ਦੂਜੀ ਦਾ ਰਿਸ਼ਤਾ ਬਾਹਰ ਹੋਗਿਆ, ਸਿੰਘਾਪੁਰ । ਓਸ ਬੰਦੇ ਨੇ ਹੌਲੀ ਹੌਲੀ ਕੋਲ ਰਹਿੰਦੇ ਜਵਾਈ ਨੂੰ ਵੀ ਗਾਹਲਾਂ ਨਾਲ ਦਬੱਲਣਾ ਸ਼ੁਰੂ ਕਰ ਦਿੱਤਾ । ਇੱਕ ਵਾਰ ਸਿੰਘਾਪੁਰ ਵਾਲਾ ਧੀ ਜਵਾਈ ਮਿਲਣ ਆਏ ਤਾਂ ਰਾਤ ਨੂੰ ਬੈਠਿਆਂ ਏਧਰ ਵਾਲਾ ਜਵਾਈ ਫਟ ਪਿਆ ਕਿ ਬਾਪੂ ਨੂੰ ਸਮਝਾਓ, ਗਾਹਲ ਕੱਢਦਾ ਗੱਲ ਗੱਲ ਤੇ । ਬਾਹਰ ਵਾਲਾ ਜਵਾਈ ਸ਼ਹਿਰੀਆ ਟਾਈਪ ਸੀ ਵਿਚਾਰਾ, ਬੋਲਿਆ,” ਲੈ, ਮੈਂ ਤਾਂ ਕਦੀ ਗਾਲੀ ਕੱਢਦੇ ਨਹੀਂ ਸੁਣਿਆਂ ਹੈਗਾ ਭਾਪਾ ਜੀ ਨੂੰ, ਤੁਹਾਨੂੰ ਭੁਲੇਖਾ ਲੱਗਿਆ ਹੋਨਾ, ਏਹ ਗਾਲੀ ਨਹੀਂ ਕੱਢ ਸਕਦੇ ਹੈਗੇ “
ਬਾਪੂ ਬਾਹਰ ਵਾਲੇ ਜਵਾਈ ਨੂੰ ਮੁਖਾਤਿਬ ਹੋਇਆ,” ਤੂੰ ਮਾਮਾ ਮੇਰੇ ਕੋਲ ਈ ਨਹੀ ਰਿਹਾ , ਤੈਨੂੰ ਗਾਹਲਾਂ ਚਿੱਠੀ ਚ ਲਿਖਕੇ ਭੇਜਦਾ? “
ਖ਼ੈਰ , ਉਦਾਹਰਨਾਂ ਦਾ ਸਿਲਸਿਲਾ ਤਾਂ ਜਿੰਨਾ ਮਰਜ਼ੀ ਲੰਬਾ ਕਰ ਲਈਏ, ਪਰ ਵੇਖਣਾ ਏਹ ਬਣਦਾ ਏ ਕਿ ਕਿਤੇ ਅਸੀਂ ਵੀ ਕਿਸੇ ਅਜਿਹੀ ਬੁਰੀ ਆਦਤ ਦੇ ਸ਼ਿਕਾਰ ਤਾਂ ਨਹੀਂ ਜੋ ਸਾਨੂੰ ਪਤਾ ਈ ਨਾ ਹੋਵੇ ।

ਦਵਿੰਦਰ ਸਿੰਘ ਜੌਹਲ

You may also like