ਬਨਸਪਤੀ ਵਿਚ ਖਿੜਨਾ ਵੀ ਹੈ, ਮੁਰਝਾਉਣਾ ਵੀ ਹੈ। ਇਹ ਮੌਸਮੇ ਬਹਾਰ ਤੋਂ ਵੀ ਪ੍ਰਭਾਵਿਤ ਹੁੰਦੀ ਹੇੈ, ਮੌਸਮੇ ਖ਼ਿਜ਼ਾਂ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਇਹ ਸਰਦੀ ਤੋਂ ਵੀ ਪ੍ਰਭਾਵਿਤ ਹੁੰਦੀ ਹੈ, ਗਰਮੀ ਤੋਂ ਵੀ ਪ੍ਰਭਾਵਿਤ ਹੁੰਦੀ ਹੈ। ਸੂਰਜ ਡੁੱਬ ਗਿਆ ਹੈ, ਦਰਖ਼ਤਾਂ ਦੇ ਪੱਤੇ ਸੁੱਕੜ ਜਾਂਦੇ ਹਨ।ਸੂਰਜ ਦੀਆਂ ਕਿਰਨਾਂ ਪਈਆਂ ਹਨ ਤਾਂ ਫੁੱਲ ਖਿੜਦੇ ਹਨ, ਪੱਤੇ ਖਿੜਦੇ ਹਨ। ਤੁਸੀਂ ਪੱਤਾ ਤੋੜੋ ਤਾਂ ਪਾਣੀ ਵੀ ਨਿਕਲੇਗਾ। ਵਿਗਿਆਨ ਤਾਂ ਇਹ ਆਖੇਗਾ ਕਿਉਂਕਿ ਬਨਸਪਤੀ ਵਿਚ ਬਹੁਤਾ ਪਾਣੀ ਹੈ, ਇਸ ਵਾਸਤੇ ਨਿਕਲਦਾ ਹੈ। ਇਹ ਕੋਈ ਦਲੀਲ ਨਹੀਂ।
ਮਨੁੱਖ ਦੇ ਸਰੀਰ ਵਿਚ ਵੀ ੭੦-੭੫ % ਪਾਣੀ ਹੈ। ਪਰ ਅੱਖਾਂ ਵਿਚੋਂ ਉਦੋਂ ਹੀ ਪਾਣੀ ਨਿਕਲਦਾ ਹੈ ਜਦੋਂ ਕੋਈ ਦਿਲ ਤੇ ਚੋਟ ਲੱਗੇ। ਪਾਣੀ ਹੈ, ਪੱਤਾ ਤੋੜਿਆ ਇਸ ਵਾਸਤੇ ਨਿਕਲ ਗਿਆ ਹੈ? ਨਹੀ, ਮੈਂ ਕਹਿੰਦਾ ਹਾਂ ਕਿ ਹੰਝੂ ਨਿਕਲੇ ਹਨ। ਤੂੰ ਫਲ ਤੋੜਦਾ ਪਿਆ ਹੈਂ, ਇਹ ਉਸਦੇ ਬੱਚੇ ਹਨ। ਤੇਰੀ ਵੀ ਅੌਲਾਦ ਤੇਰਾ ਫਲ ਹੈ। ਉਸਨੂੰ ਕੋਈ ਤੋੜੇ ਮਰੋੜੇ, ਤੈਨੂਂ ਦੁੱਖ ਹੁੰਦਾ ਹੈ। ਓੁਸਨੂੰ ਵੀ ਹੁੰਦਾ ਹੈ। ਦੁਨੀਆਂ ਵਿਚ ਇਸ ਤਰ੍ਹਾਂ ਦੇ ਸੰਤ ਵੀ ਹੋਏ ਸਨ, ਜੋ ਤੋੜ ਕੇ ਫਲ ਨਹੀਂ ਖਾਂਦੇ ਸਨ। ਕਹਿੰਦੇ ਡਿੱਗ ਪਏ ਫਿਰ ਖਾਣਾ ਹੈ। ਇੰਨੇ ਕੋਮਲ ਹਿਰਦੇ ਸਨ ਅੋਰ ਇਸ ਤਰ੍ਹਾਂ ਦੇ ਕੋਮਲ ਹਿਰਦੇ ਵਾਲੇ ਮਨੁੱਖ ਵੀ ਮੈਂ ਦੇਖੇ ਹਨ। ਦੁੱਖ ਜਾਗਣ ਨਾਲ ਸ਼ੁਰੂ ਹੁੰਦਾ ਹੈ। ਪੱਥਰ ਤਾਂ ਸੁੱਤਾ ਹੀ ਪਿਆ ਹੈ।ਬਨਸਪਤੀ ਥੋੜੀ ਜਾਗੀ ਹੈ।
ਸੰਤ ਸਿੰਘ ਜੀ ਮਸਕੀਨ