ਇੱਕ ਮਿੱਤਰ ਪਿਆਰੇ ਕਨੇਡਾ ਆਉਣ ਤੋਂ ਪਹਿਲਾਂ ਫੈਕਟਰੀ ਵਿਚ ਨੌਕਰੀ ਦੇ ਦੌਰਾਨ ਦੀ ਇੱਕ ਘਟਨਾ ਬਾਰੇ ਦੱਸਣ ਲੱਗੇ..
ਮਾਲਕ ਸਰਦਾਰ ਜੀ ਦੀ ਇੱਕ ਆਦਤ ਹੁੰਦੀ ਸੀ..ਕਦੀ ਕਦਾਈਂ ਦਿੱਲੀਓਂ ਆਉਂਦੇ ਤਾਂ ਦੱਬੇ ਪੈਰੀ ਬਿਨਾ ਦੱਸਿਆ ਹੀ ਗੇੜਾ ਮਾਰ ਜਾਇਆ ਕਰਦੇ..ਫੇਰ ਅਗਲੇ ਦਿਨ ਦੱਸਦੇ ਕੇ ਮੈਂ ਰਾਤੀ ਆਇਆ ਸਾਂ!
ਇੱਕ ਵਾਰ ਰਾਤ ਕੰਮ ਤੇ ਲੱਗਣ ਤੋਂ ਪਹਿਲਾਂ ਮੈਂ ਭੁੰਜੇ ਚਾਦਰ ਵਿਛਾ ਲਈ ਤੇ ਰਹਿਰਾਸ ਸਾਬ ਦਾ ਪਾਠ ਆਰੰਭ ਕਰ ਦਿੱਤਾ..
ਪਾਠ ਮੁਕਾਇਆ ਹੀ ਸੀ ਕੇ ਬਾਹਰ ਬਿੜਕ ਜਿਹੀ ਹੋਈ..ਦੇਖਿਆ ਤਾਂ ਸਰਦਾਰ ਜੀ ਖਲੋਤਾ ਸੀ..
ਆਖਣ ਲੱਗੇ ਮਾਨ ਸਿਆਂ ਗੱਲ ਕਰਨੀ ਏ ਇੱਕ..
ਗਹੁ ਨਾਲ ਵਾਚਿਆ..ਬੱਲਬ ਦੇ ਚਾਨਣ ਵਿਚ ਸਰਦਾਰ ਹੁਰਾਂ ਦੀਆਂ ਅੱਖਾਂ ਵਿਚ ਤੈਰਦਾ ਹੋਇਆ ਸਿੱਲ੍ਹ ਦਾ ਸਮੁੰਦਰ ਸਾਫ ਦਿਸ ਰਿਹਾ ਸੀ..
ਪੁੱਛਿਆ ਸਾਬ ਜੀ ਕੀ ਗੱਲ ਏ..ਸਭ ਸੁਖ-ਸਾਂਦ ਤੇ ਹੈ?
ਅੱਖਾਂ ਸਾਫ ਕੀਤੀਆਂ..ਤੇ ਆਖਣ ਲੱਗੇ ਕੇ ਜਦੋਂ ਤੇਰੇ ਕਮਰੇ ਵਿਚ ਆਇਆ ਸਾਂ ਤੇ ਦੇਖਿਆ ਤੂੰ ਬਾਣੀ ਪੜਨ ਵਿਚ ਮਗਨ ਸੀ..ਫੇਰ ਬਾਹਰ ਨੂੰ ਗਿਆ ਤਾਂ ਦੇਖਿਆ ਭੱਠੀ ਤੇ ਕੰਮ ਕਰਦੇ ਉਹ ਦੋਵੇਂ ਪਿਓ-ਪੁੱਤ ਥੱਲੇ ਭੋਏਂ ਤੇ ਪਰਨਾ ਵਿਛਾ ਕੇ ਆਰਾਮ ਨਾਲ ਰਾਤ ਦਾ ਰੋਟੀ-ਟੁੱਕ ਖਾ ਰਹੇ ਸਨ..
ਓਹਨਾ ਅੱਗੇ ਪਈਆਂ ਰੋਟੀਆਂ,ਕੁੱਟੀ ਹੋਈ ਚਟਨੀ ਅਤੇ ਕਿੰਨੇ ਸਾਰੇ ਗੰਢੇ ਤੇ ਹੋਰ ਨਿੱਕ ਸੁੱਕ ਦੇਖ ਉਹ ਸਾਰੇ ਪਕਵਾਨ ਚੇਤੇ ਆ ਗਏ ਜਿਹੜੇ ਡਾਕਟਰਾਂ ਨੇ ਖਰਾਬ ਸਿਹਤ ਦੇ ਚੱਲਦਿਆਂ ਸਦਾ ਲਈ ਖਾਣ ਤੋਂ ਮਨਾ ਕੀਤੇ ਹੋਏ ਨੇ..ਨਾਲ ਹੀ ਹਮੇਸ਼ਾਂ ਹੀ ਟੂਰਾਂ ਤੇ ਨਿੱਕਲਿਆ ਰਹਿੰਦਾ ਕੱਲਾ-ਕੱਲਾ ਪੁੱਤ ਚੇਤੇ ਆ ਗਿਆ..ਪਤਾ ਨੀ ਕਿੰਨਾ ਚਿਰ ਹੋ ਗਿਆ ਸਾਨੂੰ ਦੋਹਾਂ ਨੂੰ ਇਕੱਠਿਆਂ ਕੋਲ ਕੋਲ ਬੈਠ ਰੋਟੀ ਖਾਦਿਆਂ..
ਤੈਨੂੰ ਦੇਖ ਮਨ ਨੇ ਫਿਟਕਾਰ ਜਿਹੀ ਪਾਈ ਕੇ ਯਾਦ ਕਰ ਸਰਦਾਰਾ..ਆਖਰੀ ਵਾਰ ਤੂੰ ਖੁਦ ਆਪ ਪਾਠ ਕਦੋਂ ਕੀਤਾ ਸੀ?
ਕਹਿੰਦਾ ਯਾਰ ਸੱਚ ਪੁਛੇਂ ਤਾਂ ਸਾਡੇ ਪੱਲੇ ਤਾਂ ਬੱਸ “ਭਟਕਣ” ਹੀ ਰਹਿ ਗਈ ਏ..ਓਹੀ ਭਟਕਣ ਜਿਸਨੂੰ ਬਾਹਰੀ ਦੁਨੀਆ ਅਮੀਰੀ ਅਤੇ ਵੱਡੇਪਣ ਦਾ ਨਾਮ ਦਿੰਦੀ ਏ..ਜਿਸਨੂੰ ਸਿਜਦੇ ਸਲਾਮਾਂ ਹੁੰਦੀਆਂ ਨੇ..ਜਿਸਦਾ ਸਾਰੀ ਲੋਕਾਈ ਰੋਹਬ ਮੰਨਦੀ ਏ..ਅਤੇ ਜਿਹੜੀ ਹਮੇਸ਼ਾਂ ਮੇਰੇ ਵਰਗਿਆਂ ਨੂੰ ਇਸ ਭਰਮ ਭੁਲੇਖੇ ਵਿਚ ਪਾਈ ਰੱਖਦੀ ਏ ਕੇ ਜਿੰਨੀ ਜਿਆਦਾ ਮਾਇਆ ਆਵੇਗੀ ਓਨੇ ਹੀ ਵੱਧ ਸੁਖੀ ਅਤੇ ਖੁਸ਼ ਹੋਵਾਂਗੇ..ਇਹ ਭੁਲੇਖਾ ਦਿਨੋਂ ਦਿਨ ਵਧੀ ਹੀ ਜਾਂਦਾ ਏ..
ਅਸਲੀਅਤ ਇਹ ਹੈ ਕੇ ਰਾਤੀ ਸੁੱਤੇ ਪਿਆ ਵੀ ਬੱਸ ਇਹੋ ਫਿਕਰ ਖਾਈ ਜਾਂਦਾ ਏ ਕੇ ਪਤਾ ਨੀ ਫਰੀਦਾਬਾਦ ਫੈਕਟਰੀ ਵਿਚ ਮਾਲ ਪੁੱਜਾ ਏ ਕੇ ਨਹੀਂ?..ਨੋਇਡਾ ਵਾਲੀ ਵਿਚ ਲੇਬਰ ਆਈ ਕੇ ਨਹੀਂ?..ਦਿੱਲੀ ਵਾਲੀ ਵਿਚ ਕੰਮ ਸ਼ੁਰੂ ਹੋਇਆ ਕੇ ਨਹੀਂ?..ਸ਼ੇਅਰ ਮਾਰਕੀਟ ਤੇ ਨਹੀਂ ਡਿੱਗ ਪਈ ਰਾਤੋ ਰਾਤ?
ਡਾਕਟਰ ਜਦੋਂ ਕਦੀ ਕਾਲ ਕਰ ਲਵੇਂ ਤਾਂ ਫੋਨ ਹੱਥੋਂ ਛੁੱਟਣ ਪੈਂਦਾ ਏ..ਧੜਕਣ ਤੇਜ ਹੋ ਜਾਂਦੀ ਏ..ਕਿਤੇ ਟੈਸਟਾਂ ਦੀ ਰਿਪੋਰਟ ਠੀਕ ਆਈ ਹੋਵੇ?
ਦੋਹਾਂ ਭਰਾਵਾਂ ਨਾਲ ਵੰਡ ਵੰਡਾਈ ਨੂੰ ਲੈ ਕੇ ਕਿੰਨੀ ਦੇਰ ਤੋਂ ਅਦਾਲਤ ਵਿਚ ਚੱਲਦੇ ਮੁੱਕਦਮੇ..ਤੇ ਹੋਰ ਵੀ ਬੜਾ ਕੁਝ..”
ਅਖੀਰ ਵਾਹਵਾ ਚਿਰ ਕੋਲ ਬੈਠ ਮਨ ਦਾ ਗੁਬਾਰ ਕੱਢ ਦੂਰ ਖਲੋਤੇ ਡਰਾਈਵਰ ਨੂੰ ਵਾਜ ਮਾਰ ਲਈ..
ਤੇ ਜਾਂਦੇ ਜਾਂਦੇ ਇੱਕ ਹੋਰ ਗੱਲ ਆਖ ਹੀ ਗਏ ਕੇ “ਯਾਰ ਈਰਖਾ ਜਿਹੀ ਹੋਈ ਜਾਂਦੀ ਏ ਤੁਹਾਨੂੰ ਲੋਕਾਂ ਨੂੰ ਦੇਖ..ਬੱਸ ਇਹੀ ਸੋਚੀਂ ਜਾਂਦਾ ਹਾਂ ਕੇ ਕੋਲ ਬਹੁਤਾ ਕੁਝ ਨਾ ਹੁੰਦੇ ਹੋਏ ਵੀ ਕਿੰਨਾ ਕੀਮਤੀ ਸਰਮਾਇਆ ਸਾਂਭੀ ਬੈਠੇ ਹੋ ਤੁਸੀਂ ਲੋਕ..ਉਹ ਸਰਮਾਇਆ ਜਿਹੜਾ ਸ਼ਾਇਦ ਮੇਰਾ ਵਰਗਾ ਭਾਵੇਂ ਸਾਰੀ ਦੌਲਤ ਵੀ ਝੋਕ ਦੇਵੇ ਤਾਂ ਵੀ ਨਸੀਬਾਂ ਵਿਚ ਨਾ ਹੋਵੇ”