ਸਵੇਰੇ ਅੱਖ ਖੁਲਦੇ ਹੀ ਜਦੋਂ ਮੈਂ ਉੱਠ ਕੇ ਬਾਹਰ ਆਇਆ ਤਾਂ ਸ਼੍ਰੀਮਤੀ ਜੀ ਰਸੋਈ ਦੇ ਕੰਮ ਵਿਚ ਰੁਝੀ ਹੋਈ ਸੀ। ਮੈਂ ਲਾਬੀ ਵਿਚ ਕੁਰਸੀ ਤੇ ਬੈਠਾ ਤਾਂ ਉਹ ਮੇਰੇ ਲਈ ਪਾਣੀ ਦਾ ਗਿਲਾਸ ਲੈ ਆਈ। ਉਸਦੀ ਤੋਰ ਦੱਸਦੀ ਸੀ ਕਿ ਕਮਰ ਦਾ ਦਰਦ ਫੇਰ ਸ਼ੁਰੂ ਹੋ ਗਿਆ ਹੈ । ਮੈਨੂੰ ਉਸ ਉਪਰ ਬੜਾ ਤਰਸ ਆਇਆ, ਨੋਕਰੀ, ਘਰ ਦਾ ਕੰਮ ਤੇ ਉਪਰੋਂ ਬੱਚਿਆਂ ਦੀ ਜਿੰਮੇਵਾਰੀ ਉਸ ਨੂੰ ਅਰਾਮ ਕਿਹੜਾ ਕਰਨ ਦਿੰਦੀ ਸੀ। ਚਾਹ ਦਾ ਕੱਪ ਫੜਾਉਣ ਲੱਗੀ ਤਾਂ ਮੈਂ ਕਿਹਾ, ਅੱਜ ਐਤਵਾਰ ਹੈ, ਥੋੜਾ ਅਰਾਮ ਕਰ ਲੈਂਦੀ ਘੜੀ ਪਲ। ਉਹ ਸਿਰਫ ਫਿੱਕਾ ਜਿਹਾ ਮੁਸਕਰਾਈ ਤਾਂ ਮੈਂ ਕਿਹਾ, ਛੱਡ ਕੁਝ ਕਰਨ ਨੂੰ, ਮੈਂ ਬਜਾਰੋ ਫੜ ਲਿਆਉਂਣਾ ਸਵੇਰ ਦੇ ਨਾਸਤੇ ਲਈ ਕੋਈ ਚੀਜ਼ । ਤੂੰ ਪੈ ਜਾ ਅਰਾਮ ਨਾਲ ਸ਼ਾਇਦ ਕੁਝ ਠੀਕ ਹੋ ਜਾਵੇ। ਮੇਰੀ ਗੱਲ ਤੇ ਉਸਨੇ ਸਹਿਮਤੀ ਭਰ ਦਿੱਤੀ। ਦੋਵੇਂ ਬੱਚੇ ਵੀ ਲੇਟ ਉੱਠੇ । ਜਦੋਂ ਉਹਨਾਂ ਨੂੰ ਪਤਾ ਲੱਗਿਆਂ ਵੀ ਬਜਾਰੋ ਨਾਸਤਾ ਲੈਣ ਚੱਲਿਆ ਤਾਂ ਦੋਵੇਂ ਝਟ-ਪਟ ਤਿਆਰ ਹੋ ਕੇ ਨਾਲ ਹੀ ਤੁਰ ਪਏ । ਅਸੀਂ ਨਾਸਤਾ ਪੈਕ ਕਰਵਾ ਲਿਆਏ।
ਨਾਸਤਾ ਖਤਮ ਕਰਕੇ ਮੈਂ ਅਖਬਾਰ ਦੀਆਂ ਇਕ ਦੋ ਸੁੱਰਖੀਆਂ ਹੀ ਦੇਖਿਆਂ ਸਨ ਕਿ ਘਰ ਦੀ ਕਾਲਬੈਲ ਖੜਕੀ ਤੇ ਮੈਂ ਦੇਖਿਆਂ ਮਾਮਾ-ਮਾਮੀ ਜੀ ਅੰਦਰ ਆ ਰਹੇ ਸਨ।ਸ਼੍ਰੀਮਤੀ ਜੀ ਤੁੰਰਤ ਉਠ ਕੇ ਆ ਹਾਜ਼ਰ ਹੋਏ। ਮੱਥਾ ਟੇਕ ਕੇ ਚਾਹ ਪਾਣੀ ਵਿਚ ਰੁਝ ਗਏ। ਹੁਣ ਲਗਦਾ ਸੀ ਜਿਵੇਂ ਉਹ ਬਿਲਕੁੱਲ ਠੀਕ ਹੋਵੇ। ਗਲਾਬਾਤਾਂ ਕਰਦਿਆਂ ਦੁਪਹਿਰ ਹੋ ਗਈ। ਮਾਮਾ-ਮਾਮੀ ਜੀ ਨੇ ਸ਼ਹਿਰ ਵਿਚ ਕਿਸੇ ਵਿਆਹ ਤੇ ਜਾਣਾ ਸੀ। ਉਹ ਉਠ ਕੇ ਗਏ ਤਾਂ ਉਰੀ ਵਾਗੂ ਘੁੰਮ ਰਹੀ ਸ਼੍ਰੀਮਤੀ ਇਕ ਦਮ ਬੈਠ ਗਈ। ਅੱਖਾਂ ਵਿਚਲੇ ਹੰਝੂ ਉਸ ਦੇ ਦੁੱਖ ਨੂੰ ਬਿਆਨ ਕਰ ਰਹੇ ਸਨ। ਮੈਂ ਉਸ ਨੂੰ ਦਰਦ ਦੀ ਗੋਲੀ ਦਿੱਤੀ ਅਤੇ ਅਰਾਮ ਕਰਨ ਲਈ ਆਖਿਆ। ਮੈਂ ਦੁਪਹਿਰ ਦਾ ਖਾਣਾ ਵੀ ਬਜਾਰੋ ਹੀ ਲੈ ਆਉਣ ਦਾ ਕਹਿ ਉਸ ਨੂੰ ਆਰਾਮ ਕਰਨ ਲਈ ਬੜੀ ਮੁਸ਼ਕਿਲ ਨਾਲ ਮਨਾਈਆਂ।
ਮੈਂ ਦੋਵਾਂ ਬੱਚਿਆਂ ਨੂੰ ਨਾਲ ਲੈ ਕੇ ਬਾਜ਼ਾਰ ਵੱਲ ਤੁਰਨ ਤੋਂ ਪਹਿਲਾਂ ਬੈਡਰੂਮ ਵਿਚ ਆ ਕੇ ਦੇਖਿਆ ਦਰਦ ਦੀ ਗੋਲੀ ਦੇ ਅਸਰ ਹੇਠ ਉਸਦੀ ਅੱਖ ਲੱਗ ਗਈ ਸੀ।ਮੈਂ ਮੁੜਨ ਹੀ ਲੱਗਾ ਸੀ ਕਿ ਦਰਵਾਜ਼ੇ ਦੀ ਘੰਟੀ ਨੇ ਕਿਸੇ ਦੇ ਆਉਣ ਦੀ ਸੂਚਨਾ ਦਿੱਤੀ। ਮੈਂ ਮਨ ਵਿੱਚ ਖਿਝਿਆ ਦੁਪਹਿਰ ਦੇ ਦੋ ਵਜੇ ਕੌਣ ਆ ਗਿਆ।ਬਾਹਰ ਆ ਕੇ ਦੇਖਿਆ ਭੂਆ ਜੀ ਦੀ ਵੱਡੀ ਬੇਟੀ ਤੇ ਉਸਦਾ ਪਤੀ ਆ ਪਹੁੰਚੇ ਸਨ। ਉਹ ਇਥੇ ਕਿਸੇ ਭੋਗ ਤੇ ਜਾ ਕੇ ਆਏ ਸਨ। ਪਤਨੀ ਤੁਰੰਤ ਉੱਠ ਕੇ ਉਹਨਾਂ ਦੀ ਸੇਵਾ ਵਿਚ ਜੁੱਟ ਗਈ । ਉਹਨਾਂ ਦੇ ਨਾਂਹ-ਨਾਂਹ ਕਰਦੇ ਖਾਣਾ ਤਿਆਰ ਕੀਤਾ। ਖਾਣੇ ਤੋਂ ਬਾਅਦ ਕਾਫੀ ਤੇ ਕਾਫੀ ਸਾਰਾ ਸਮਾਂ ਦੋਵੇਂ ਨਣਾਨ-ਭਰਜਾਈ ਗੱਲਾਂ ਮਾਰਦੀਆਂ ਰਹੀਆਂ । ਹੁਣ ਫੇਰ ਉਸਦੇ ਚਿਹਰੇ ਤੇ ਮੁਸਕਰਾਹਟ ਸੀ। ਸ਼ਾਮ ਦੀ ਚਾਹ ਪੀ ਕੇ ਮਹਿਮਾਨਾਂ ਨੇ ਵਿਦਾ ਲਈ ਤਾਂ ਬੇਟੇ ਨੇ ਦੱਸਿਆਂ ਮੰਮੀ ਕਮਰੇ ਵਿਚ ਪਈ ਰੋ ਰਹੀ ਹੈ। ਉਸਦਾ ਚਿਹਰਾ ਦੁੱਖਾਂ ਨਾਲ ਭਰਿਆਂ ਪਿਆ ਸੀ। ਮੈਂ ਕਿਹਾ ਕੀ ਗੱਲ ਹੋਈ ਤਾਂ ਉਸਨੇ ਦੱਸਿਆਂ ਕਿ ਦਰਦ ਬਰਦਾਸ਼ਤ ਦੇ ਬਾਹਰ ਹੈ।
ਕੰਮ ਵਾਲੀ ਦਾ ਫੋਨ ਉਸਦੇ ਫੋਨ ਤੇ ਆਇਆ ਤੇ ਉਸ ਨੇ ਆਉਣ ਤੋਂ ਮਨਾ ਕਰ ਦਿੱਤਾ ਸੀ। ਉਸ ਨੇ ਆਪਣੇ ਆਪ ਨੂੰ ਠੀਕ ਕੀਤਾ ਤੇ ਸਾਡੇ ਰੋਕਦੇ-ਰੋਕਦੇ ਕੰਮ ਵਿਚ ਲੱਗ ਗਈ । ਬੱਚਿਆਂ ਤੇ ਮੈਂ ਵੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਉਹ ਹੁਣ ਦਰਦ ਨੂੰ ਜਬਤ ਕਰਕੇ ਸ਼ਾਤ ਚਿੱਤ ਕੰਮ ਕਰ ਰਹੀ ਸੀ । ਹੁਣ ਮੈਂ ਧਿਆਨ ਦਿੱਤਾ ਕਿ ਦਫਤਰ ਦੀ ਬੇਚੈਨੀ ਵਿਚ ਜਦੋਂ ਮੈਂ ਗੁੱਸੇ ਵਿਚ ਬੋਲਦਾ ਸੀ ਤਾਂ ਉਹ ਚੁੱਪ ਕਰਕੇ ਸੁਣ ਲੈਂਦੀ ਸੀ। ਬੱਚਿਆਂ ਨੂੰ ਇਕ ਮਿੰਟ ਵਿਚ ਅੱਗ ਬੁਗੁਲਾ ਹੋਈ ਝਿੜਕਾਂ ਦੇ ਰਹੀ ਹੁੰਦੀ ਤੇ ਦਸ ਮਿੰਟਾਂ ਬਾਅਦ ਉਹਨਾਂ ਨਾਲ ਖੇਡ ਰਹੀ ਹੁੰਦੀ। ਅੱਜ ਮਹਿਸੂਸ ਹੋ ਰਿਹਾ ਸੀ ਕਿ ਔਰਤ ਨੂੰ ਗ੍ਰਹਿਸਥੀ ਦੀ ਗੱਡੀ ਖਿਚਣ ਲਈ ਕਿੰਨੇ ਚਿਹਰੇ ਧਾਰਨ ਕਰਨੇ ਪੈਂਦੇ ਹਨ।
ਭੁਪਿੰਦਰ ਸਿੰਘ ਮਾਨ
831
previous post