492
ਕਾਲਜ ਦਾ ਗੇਟ ਲੰਘਦਿਆੰ ਈ ਸਾਹਮਣੇ ਅੰਬ ਦੀ ਛਾਵੇੰ ਤੁੱਕੇ ਖਾਣਾ ਚਿੱਟਾ ਕੁੜਤਾ ਪਜਾਮਾ ,ਤੋਤੇ ਰੰਗੀ ਪੱਗ ਬੰਨ੍ੀ ਟੌਹਰ ਕੱਢੀ ਖੜ੍ਾ ਦਿਖਿਆ . ਮੈਨੂੰ ਦੇਖਕੇ ਹਸਦਿਆੰ ਉੱਚੀ ਬੋਲਿਆ,” ਕਿੱਧਰ ਲੱਘ ਗਿਆ ਤਾ ਕਬੀਲਦਾਰਾ ? ਦੱਸਕੇ ਕੇ ਵੀ ਨੀ ਗਿਆ…
ਤੁੱਕੇ ਖਾਣੇ ਦਾ ਚਿਹਰਾ ਕਿਸੇ ਗੁੱਝੀ ਖੁਸ਼ੀ ਚ ਸੈਨਤਾੰ ਮਾਰਦਾ ਲਗਦਾ ਸੀ
ਚੰਡੀਗੜ੍ ਸੀ.. ਪੀ ਜੀ ਆਈ ਚ … ਬਾਬੇ ਦਾ ਬਲੱਡ ਫੇਰ ਉਪਰ ਥੱਲੇ ਹੋ ਗਿਆ ਤਾ…
ਕਿੱਕਣ ..? ਫੇਰ ਸ਼ੁਗਲ ਕਰ ਗਿਆ ਬਾਬਾ ?
ਆਹੋ.. ਅੰਗਲੈੰਡ ਆਲਾ ਤਾਇਆ ਲਿਆਇਆ ਤਾ ਬਾਹਰ ਤੇ …. ਬਾਬਾ ਰੋਕਦੇ ਰੋਕਦੇ ਪਿੱਤਲ੍ ਆਲੇ੍ 2-3 ਗਲਾਸ ਖਿੱਚ ਗਿਆ ਭਰਕੇ…
ਬੁੜਾ ਵੀ ਥੁਆਡਾ ਘੈੰਟ ਐ ਪੂਰਾ … ਚੰਡੀਗੜ੍ ਦੀ ਸੈਰ ਕਰਾਈਉ ਰੱਖਦੈ , ਬਾਕੀ ਦੇ ਟੱਬਰ ਦੀ ਵੀ ਨਾਲ ਏ..
ਤੂੰ ਤੁੱਕੇ ਖਾਣਿਆੰ ਕਿੱਕਣ ਮਖਾਣੇ ਡੋਲ੍ੀ ਜਾਨੈ ਅੱਜ ਸਵੇਰੇ ਸਵੇਰੇ ..?
ਕੁਸ਼ ਨੀ ਕੁਸ਼ ਨੀ..ਚੱਲ ਕਲਾਸ ਨੂੰ.. ਤੀਏ ਪੀਡ ਨੂੰ ਚਾਹ ਪਿਊੰਗੇ ਕੰਟੀਨ ਚ ਬੈਠਕੇ.. ਉੱਥੇ ਦੱਸੂੰ.
ਕਲਾਸ ਰੂਮ ਨੂੰ ਤੁਰੇ ਜਾੰਦੇ ਮੈੰ ਹੈਰਾਨ ਹੁੰਦਾ ਉਹਦੇ ਮੁਸਕੜੀਏੰ ਹਸਦੇ ਮੂੰਹ ਕੰਨੀ ਦੇਖਦਾ ਜਾ ਰਿਹਾ ਸੀ.
ਤੀਜਾ ਪੀਰਡ ਵੇਹਲਾ ਹੁੰਦਾ ਸੀ . ਕਲਾਸ ਰੂਮ ਚੋੰ ਨਿਕਲਦਿਆੰ ਈ ਸਾਹਮਣੇ ਵਰਾੰਡੇ ਚ ਬੀ ਏ ਫਾਈਨਲ ਆਲਾ੍ ਸਫਰੀ ਤੁਰਿਆ ਆਉੰਦਾ ਮਲਕ ਦੇਣੇ ਤੁੱਕੇ ਕੋਲ ਨੂੰ ਆ ਕੇ ਬੋਲਿਆ,” ਕੱਲ ਕਿੱਕਣ ਬਜਾਜ ਚੇਤਕ ਦੀ ਰੇਲ ਬਣਾਈ ਜਾੰਦਾ ਤਾ ਤੁੱਕੇ ਬਾਈ !!! ਨਾਲੇ੍ ਮਗਰ ਕੌਣ ਤੀ ?? ਸਫਰੀ ਵੀ ਰਹੱਸ ਭਰੀਆੰ ਅੱਖਾੰ ਨਾਲ ਗੁੱਝਾ ਹਸਦਾ ਲੱਗ ਰਿਹਾ ਸੀ
ਕੁਸ਼ ਨੀ ਸਫਰੀ ਕੁਸ਼ ਨੀ , ਬੈਠਕੇ ਕਰੂੰਗੇ ਗੱਲਾੰ ਕਿਸੇ ਦਿਨ ਆਖਦਿਆੰ ਤੁੱਕੇ ਖਾਣਾ ਕਾਹਲੀ ਨਾਲ ਮੈਨੂੰ ਖਿੱਚਕੇ ਕੰਟੀਨ ਵੱਲ ਲੈ ਤੁਰਿਆ..
ਕੰਟੀਨ ਕੋਲ ਅਲੀਅਰ ਦੀ ਵਾੜ ਉਹਲੇ ਪਏ ਬੈੰਚਾੰ ਉਪਰ ਸਾਡੇ ਮੰਡਲੀ ਮੈੰਬਰਾੰ ਵਿੱਚੋੰ 2-3 ਮੁੰਡੇ ਕੁੜੀਆੰ ਪਹਿਲਾੰ ਈ ਬੈਠੇ ਧੁੱਪ ਸੇਕ ਰਹੇ ਸੀ, ਸਾਨੂੰ ਆਉੰਦਿਆੰ ਦੇਖ ਮਿੱਠੀ ਮਿਸ਼ਰੀ ਸੁਭਾਅ ਮੁਤਾਬਕ ਖਿੱਲਾੰ ਡੋਹਲਦੀ ਬੋਲੀ,” ਕਬੀਲਦਾਰ ਵੀਰੇ ! ਕਿੱਥੇ ਤਾ ? ਦੋ ਦਿਨ ਦਿਖਿਆ ਏ ਨੀ .. ਤੇ ਮੇਰੇ ਕੁਛ ਬੋਲਣ ਤੋੰ ਪਹਿਲਾੰ ਈ ਫੇਰ ….
ਉ ਤੁੱਕੇ ਖਾਣੇ ਵੀਰੇ .. ਫਸਟ ਏਡ ਦਾ ਕੋਰਸ ਕਿੱਥੇ ਤੇ ਕਰਿਐ ਤੈੰ??
ਹੈੰ ?? …..ਫਸਟ ਏਡ ਦਾ ਕੋਰਸ ?? ਤੁੱਕੇ ਖਾਣੇ ਨੇ ?? ਮੈੰ ਹੈਰਾਨ ਹੁੰਦਿਆੰ ਤੁੱਕੇ ਖਾਣੇ ਵੱਲ ਤੇ ਫੇਰ ਮਿੱਠੀ ਮਿਸ਼ਰੀ ਵੱਲ ਦੇਖਿਆ ..
ਆਹੋ ਵੀਰੇ !! ਤੈਨੂੰ ਨੀ ਦੱਸਿਆ ਇਹਨੇ .. ਕਿਆ ਹੋਇਆ ਕੱਲ੍ ??
ਬਿਨਾ ਹੁੰਘਾਰਾ ਉਡੀਕੇ ਫਿਰ ਮਿੱਠੀ ਮਿਸ਼ਰੀ ਸ਼ੂਰੁ ਹੋ ਗਈ …. ਕੱਲ੍ ਨਾੰ ਵੀਰੇ ਆਹ ਜਰਾਬਾੰ ਆਲ੍ੀ ਫੁੜਕ ਚੱਲੀ ਤੀ … ਤੁੱਕੇ ਵੀਰੇ ਨੇ ਬਚਾਅ ਲੀ …
ਨਾਲ ਬੈਠੀ ਜਰਾਬਾੰ ਆਲੀ੍ ਨੀਵੀੰ ਪਾਈ ਹੱਸੀ ਜਾ ਰਹੀ ਸੀ , ਮਿੱਠੀ ਮਿਸ਼ਰੀ ਫੇਰ ਬੋਲੀ,”ਵੀਰੇ ! ਕੱਲ ਹਿਸਟਰੀ ਦਾ ਪੀਰਡ ਵਿਹਲਾ ਤਾ ! ਅਸੀੰ ਔਹ ਸਟੇਜ ਦੇ ਪਰਲੇ ਪਾਸੇ ਰਨਿੰਗ ਟਰੈਕ ਕੋਲ ਬੈਠੀਆੰ ਖੋਏ ਦੀਆੰ ਪਿੰਨੀਆੰ ਖਾੰਦੀਆੰ ਤੀਆੰ, ਆਹ ਜਰਾਬਾੰ ਆਲ੍ੀਉ ਲੈ ਕੇ ਆਈ ਤੀ, ਇਹਦੇ ਬੈਠੀ ਬੈਠੀ ਦੇ ਨਕਸੀਰ ਚੱਲ ਪੀ… ਦੇਖ ਲੈ ਕਬੀਲਦਾਰ ਵੀਰੇ … ਨਕਸੀਰ ” ਉਹ ਵੀ ਸਿਆਲ੍ ਚ….ਐਨੀ ਠੰਢ ਚ … ਇਹਨੇ ਰੁਮਾਲ ਨਾਲ ਅਪਣਾ ਨੱਕ ਘੁੱਟ ਲਿਆ, ਦੇਖਦੇ ਦੇਖਦੇ ਸਾਰਾ ਰੁਮਾਲ ਖੂੰਨ ਨਾਲ ਭਿੱਜਕੇ ਲਾਲ ਹੋ ਗਿਆ , ਇਹ ਤਾੰ ਦੇਖਕੇ ਐਨਾ ਖੂੰਨ ,, ਗਿਰਗੀ ਬੇਦਿਲ ਹੋਕੇ ਉੱਥੀ ਘਾਹ ਪਰ , ਅਸੀੰ ਵੀ ਡਰਗੀਆੰ ਬੀ ਪਤਾ ਨੀ ਕਿਆ ਹੋ ਗਿਆ ਇਹਨੂੰ, ਡਰਕੇ ਇਧਰ ਉਧਰ ਦੇਖਣ ਲੱਗੀਆੰ ਤਾੰ ਤੁੱਕਾ ਵੀਰਾ ਦੂਰ ਤੇ ਕੰਟੀਨ ਚ ਨੂੰ ਜਾੰਦਾ ਦਿਖਿਆ, ਮੈੰ ਉੱਚੀ ਦੇਣੇ ਹਾਕ ਮਾਰੀ ਇਹ ਆ ਗਿਆ ਭੱਜ ਕੇ ਫੇਰ ਸਾਹਮਣੇ ਟੂਟੀ ਤੋੰ ਅਪਣਾ ਰੁਮਾਲ ਪਾਣੀ ਨਾਲ ਭਿਉੰ ਲਿਆਇਆ, ਅਸੀੰ ਗਿੱਲੇ ਰੁਮਾਲ ਨਾਲ ਇਹਦਾ ਨੱਕ ਹੋਰ ਚੰਗੀ ਤਰਾੰ ਘੁੱਟ ਤਾ…
ਇਹ ਤਾੰ ਵੀਰੇ ਉੱਕਣੇ ਪਈ … ਨਾੰ ਕੁਸ਼ ਬੋਲੇ ਨਾੰ ਹਿੱਲੇ , ਮੈੰ ਇਹਦੇ ਹੱਥਾੰ ਦੀ ਮਾਲਸ਼ ਕਰਨ ਲੱਗ ਗੀ ਤੁੱਕੇ ਵੀਰੇ ਨੇ ਇਹਦੇ ਬੂਟ ਜਰਾਬਾੰ ਲਾਹ ਤੀਆੰ ਤੇ ਪੈਰਾੰ ਦੀਆੰ ਤਲੀ੍ਆੰ ਝੱਸਣ ਲੱਗ ਪਿਆ,, 2-3 ਮਿੰਟ ਬਾਅਦ ਇਹ ਸੁਰਤ ਫੜਿਆਈ , ਕਹਿੰਦੀ ਹੁਣ ਕੁਸ਼ ਠੀਕ ਐੰ ਮੈੰ, ਨੱਕ ਤੋੰ ਰੁਮਾਲ ਹਟਾਅ ਕੇ ਦੇਖਿਆ ਤਾੰ ਮਾੜਾ ਮਾੜਾ ਖੂੰਨ ਹਾਲੇ ਵੀ ਆਈ ਜਾੰਦਾ ਤਾ ..
ਤੁੱਕਾ ਵੀਰਾ ਕਹਿੰਦਾ ,” ਡਾਕਟਰ ਦੇ ਲੈ ਚੱਲੀਏ ਇਹਨੂੰ ?? ਮੈੰ ਪੁੱਛਿਆ,” ਠੀਕ ਐੰ ਜਰਾਬਾੰ ਆਲ੍ੀਏ ਹੁਣ? ਸਕੂਟਰ ਤੇ ਬੈਠ ਜੇੰਗੀ? ਇਹਨੇ ਮਾੜਾ ਜਿਆ ਸਿਰ ਹਿਲਾਇਆ ਤਾੰ ਤੁੱਕਾ ਵੀਰਾ ਭੱਜਕੇ ਅਪਣਾ ਬਜਾਜ ਸਕੂਟਰ ਲੈ ਆਇਆ, ਉਦੋੰ ਤੱਕ ਇਹ ਉੱਠਕੇ ਬੈਠਗੀ ਤੀ , ਕਹਿੰਦੀ ਹੁਣ ਠੀਕ ਐੰ ਮੈੰ … ਚਲੇ ਜਾੰਨੀ ਐੰ ਡਾਕਟਰ ਦੇ … ਤੇ ਬੈਠਗੀ ਤੁੱਕੇ ਖਾਣੇ ਵੀਰੇ ਦੇ ਮਗਰ ਸਕੂਟਰ ਤੇ … ਵੀਰੇ ਨੇ ਬਣਾਅ ਤਾ ਫੇਰ ਜਹਾਜ ਸਕੂਟਰ ਦਾ ….
ਅੱਛਿਆ, ਆਹ ਗੱਲ ਐ!! ਮੈੰ ਵੀ ਸਵੇਰ ਦਾ ਦੇਖੀ ਜਾਨੈ ਇਹਦੇ ਮੂੰਹ ਕੰਨੀ.. ਬੁੱਲ ਜੇ ਘੁੱਟ ਘੁੱਟਕੇ ਹੱਸੀ ਜਾੰਦੈ, ਦੱਸਦਾ ਕੁਸ਼ ਨੀ, ਪੱਗ ਵੀ ਤੋਤੇ ਰੰਗੀ ਬੰਨ੍ ਕੇ ਆਇਐ ਅੱਜ..ਤੇ ਸਵੈਟਰ ਦੇਖ ਇਹਦਾ .. ਪੀਲਾ੍ … ਭਰਿੰਡ ਦੇ ਰੰਗ ਵਰਗਾ….
ਤੇ ਤੂੰ ਜਰਾਬਾੰ ਆਲੀਏ… ਖੋਆ ਘੱਟ ਖਾ ਲਿਆ ਕਰ ….!!
ਮੈੰ ਦੋਹਾੰ ਨੂੰ ਹਸਦੇ ਹਸਦੇ ਛੇੜਿਆ …
ਲੈ… ਮੈੰ ਤਾੰ ਨੱਕ ਚੋੰ ਚੂਹਾ ਕੱਢਦੀ ਤੀ .. ਨਹੁੰ ਵੱਜ ਗਿਆ ਤਾ ਨੱਕ ਚ’ …. ਨਾਲੇ ਪਿੰਨੀਆੰ ਤਾੰ ਸਾਰੀਆੰ ਤੁਸੀੰ ਖਾ ਜਾਨੇ ਉੰ ਮੇਰੀਆੰ … ਮੈਨੂੰ ਤਾੰ ਇੱਕ ਅੱਧੀ ਮਸੀੰ ਬਚਦੀ ਐ .. ਉਹ ਵੀ ਕਦੇ ਕਦੇ …
ਦੇਖ ਲੈ, ਤੁੱਕੇ ਵੀਰੇ ਨੇ ਬਚਾਅ ਲੀ … ਹੁਣ ਗੱਲਾੰ ਮਾਰਦੀ ਐ.. ਨਾਲੇ ਮਾਲਸ਼ ਕਰੀ ਪੈਰਾੰ ਦੀ… ਕਰੀ ਐ ਕਿਸੇ ਨੇ ਐਕਣ ਸੇਵਾ ਤੇਰੀ ਕਦੇ? ਆ ਜਾਨੀ ਐੰ ਪਾ ਕੇ ਰੰਗ ਬਰੰਗੀਆੰ ਜਰਾਬਾੰ ਰੋਜ….!! ਮਿੱਠੀ ਮਿਸ਼ਰੀ ਨੇ ਛੇੜਿਆ..
ਲੈ ….ਸੇਵਾ ਕਾਹਦੀ? ਝਾੰਵੇੰ ਵਰਗੇ ਹੱਥਾੰ ਨਾਲ ਪੈਰ ਛਿੱਲਣੇ ਆਲੇ੍ ਕਰਤੇ ਮੇਰੇ….
ਹੁਣ ਗੱਲਾੰ ਆਉਨੀਐੰ ਇਹਨੂੰ… ਕੱਲ੍ ਦੇਖਿਆ ਕਿੱਕਣ ਟੱਚ ਮੀ ਨੌਟ ਆਲੇ੍ ਬੂਟੇ ਮੰਗਣ ਸੁੰਗੜੀ ਪਈ ਤੀ….. ਨੱਕ ਚੋੰ ਬੁਲਬੁਲੀਆੰ ਜਿਆੰ ਨਿਕਲਦੀਆੰ ਦੇਖਕੇ ਮੈੰ ਵੀ ਡਰ ਗਿਆ ਤਾ ਪਹਿਲਾੰ ਤਾੰ…. ਨਾਲੇ ਹੋਰ ਦੱਸਾੰ ਇੱਕ ਗੱਲ.. ਮੈੰ ਇਹਦੇ ਇੱਕ ਪੈਰਦੀ ਮਾਲਸ਼ ਕਰੀ ਜਾਵਾੰ ਦਬਾ ਦਬ …. ਦੋ ਕੁ ਮਿੰਟ ਮਗਰੋੰ ਉਹ ਪੈਰ ਪਰਾੰ ਨੂੰ ਖਿੱਚਕੇ ਦੂਆ ਪੈਰ ਕਰਤਾ ਮੇਰੇ ਕੋਲ ਨੂੰ …ਬੀ ਲੈ ਐਹਦੀ ਵੀ ਕਰ ਦੇਹ ਮਾਲਸ਼…. ਹੁਣ ਕਹਿੰਦੀ ਐ ਝਾੰਮੇ ਵਰਗੇ ਹੱਥ ਐੰ…
ਤੁੱਕੇ ਖਾਣੇ ਨੇ ਮੁੜਦਾ ਤੀਰ ਛੱਡਿਆ….
ਜਰਾਬਾੰ ਆਲੀ ਨੇ ਵਾਰ ਬੋਚਦਿਆੰ ਗੱਲ ਬਦਲੀ… ਉਹ ਤਾੰ ਛੱਡ !! ਤੂੰ ਸਕੂਟਰ ਬੜਾ ਘੈੰਟ ਚਲਾਉਨੈੰ ਬਜਾਰ ਚ’ ਐਨੀ ਭੀੜ ਚ… ਜਿਵੇੰ ਸਰਕਸ ਆਲ੍ੇ ਪਿੰਜਰੇ ਚ ਮੋਟਰ ਸੈਕਲ ਚਲਾਉੰਨੇ ਹੁੰਨੇ ਐੰ… ਕੰਮ ਕਰਿਆ ਲਗਦੈ ਸਰਕਸ ਚ ਵੀ….. ਨਾਲੇ ਹੋਰ ਗੱਲ ਦੱਸਾੰ ਥੁਆੰਨੂੰ ਇੱਕ …. ਜਦ ਅਸੀੰ ਡਾਕਟਰ ਦੀ ਕਲੀਨਿਕ ਪਹੁੰਚੇ, ਮੈੰ ਮਰੀਜਾੰ ਆਲੇ ਵਰਾੰਡੇ ਚ ਬੈੰਚ ਤੇ ਬੈਠ ਗੀ, ਇਹ ਸਾਹਮਣੇ ਕੁਰਸੀ ਤੇ ਬੈਠੀ ਨਰਸ ਕੋਲ ਜਾਕੇ ਦੱਸਣ ਲੱਗਿਆ, ਨਰਸ ਨੇ ਪੁਛਿਆ,” ਨਾਉੰ ਕੀ ਐ ਮਰੀਜ ਦਾ ?
ਫੱਟ ਦੇਕੇ ਕਹਿੰਦਾ, ” ਜੀ ਜਰਾਬਾੰ ਆਲ੍ੀ….. ਉ ਨਹੀੰ ਸੱਚ… ਰੁਕਿਉ ਜੀ…
ਕਹਿਕੇ ਛੇਤੀ ਦੇਣੇ ਮੁੜਕੇ ਮੇਰੇ ਕੋਲ ਆਕੇ ਹੌਲੀ ਕੁ ਦੇਣੇ ਬੋਲਿਆ,” ਜਰਾਬਾੰ ਆਲੀਏ! ਤੇਰਾ ਪੱਕਾ ਨਾੰਉੰ ਕੀ ਐ ਭਲਾੰ ??
ਮੇਰਾ ਤਾੰ ਭਾਈ ਹਾਸਾ ਨਾੰ ਰੁਕੇ ਤੇ ਨਰਸ ਸਾਡੇ ਕੰਨੀ ਸ਼ੱਕੀ ਨਜਰਾੰ ਨਾਲ ਦੇਖੇ ਮੁੜ ਮੁੜਕੇ … ਐਹਾ ਜਾੰ ਇਹ ਤੁੱਕੇ ਖਾਣੈੰ…
ਉ ਸੱਚ ਮੇਰੀਆੰ ਜਰਾਬਾੰ ਕਿੱਥੇ ਐੰ ?… ਉਹ ਤਾੰ ਮੋੜ ਦੇਹ ….
ਲੈ… ਮੈਨੂੰ ਕਿਆ ਪਤੈ ਕਿੱਥੇ ਐੰ .. ਉਦੋੰ ਜਰਾਬਾੰ ਸੁੱਝਦੀਆੰ ਤੀ..? ਵੀ ਲਾਹ ਕੇ ਤਹਿ ਲਾਕੇ ਰੱਖਦਾ ਤੇਰੀਆੰ ਰੇਸ਼ਮੀ ਜਰਾਬਾੰ ਨੂੰ…..
ਨਾੰ ਦੇਹ … ਕੋਈ ਨੀ ਰੱਖ ਲੈ .. ਰੱਖ ਲੈ….
ਅੱਜ ਕਈ ਸਾਲ ਬਾਅਦ ਤੁੱਕੇ ਖਾਣੇ ਨਾਲ ਫੋਨ ਤੇ ਗੱਲਾੰ ਕਰਦਿਆੰ ਸਰਕਾਰੀ ਕਾਲਜ ਰੋਪੜ ਦੇ ਉਹ ਪੁਰਾਣੇ ਸੁਨਿਹਰੀ ਦਿਨ ਫੇਰ ਯਾਦ ਆ ਰਹੇ ਸੀ , ਬੀ ਏ ਸੈਕਿੰਡ ਯੀਅਰ ਚ ਅਸੀੰ ਅਪਣੇ ਗਰੁੱਪ ਚ ਸਭ ਮੁੰਡੇ ਕੁੜੀਆੰ ਦੇ ਵੰਨ ਸੁਵੰਨੇ ਨਾਉੰ ਰੱਖੇ ਹੋਏ ਸੀ…
ਤੁੱਕੇ ਖਾਣਾ ਮੇਰਾ ਪੱਕਾ ਬੇਲੀ ਸੀ, ਰੋਪੜ ਕੋਲ ਨਦੀ ਕੰਢੇ ਦੇ ਇੱਕ ਪਿੰਡ ਦਾ ਸੈਣੀਆੰ ਦਾ ਮੁੰਡਾ. ਪੂਰਾ ਨਾਉੰ ਸੀਤਲ ਸਿੰਘ ਸੈਣੀ ਸੀ, ਥੋੜੀ ਜੀ ਘਰ ਦੀ ਜਮੀਨ ਸੀ ,ਉਹਦਾ ਬਾਪੂ ਨਦੀ ਦੇ ਨਾਲ ਲਗਦੀ ਹੋਰ ਜਮੀਨ ਠੇਕੇ ਤੇ ਲੈਕੇ ਖੇਤੀ ਕਰਦਾ ਸੀ, ਸਬਜੀਆੰ ਬੀਜਦੇ, ਗਰਮੀਆੰ ਚ ਖਰਬੂਜੇ, ਤਰਬੂਜ, ਖੀਰੇ, ਕੱਕੜੀਆੰ ਦੀ ਫਸਲ ਉਗਾਉੰਦੇ, ਉਹਨਾੰ ਦੀ ਜਮੀਨ ਚ ਨਦੀ ਦੇ ਨਾਲ ਨਾਲ ਦੇਸੀ ਕਿੱਕਰਾੰ ਦਾ ਝੁੰਡ ਸੀ, ਤੁੱਕਿਆੰ ਦੇ ਸੀਜਨ ਚ ਸੀਤਲ ਕੱਚੇ ਤੁੱਕੇ ਤੋੜ ਤੋੜਕੇ ਬੋਰੀ ਭਰ ਲਿਆਉੰਦਾ, ਉਹਦੀ ਮਾਤਾ ਤੁੱਕਿਆੰ ਦਾ ਅਚਾਰ ਪਾ ਲੈੰਦੀ, ਹਫਤੇ ਚ ਦੋ ਕੁ ਦਿਨ ਸਾਡੀਆੰ ਕਲਾਸਾੰ ਦੁਪਿਹਰ ਮਗਰੋੰ ਵੀ ਲਗਦੀਆੰ, ਅਸੀੰ ਕਈ ਜਣੇ ਘਰਾੰ ਤੋੰ ਰੋਟੀ ਲੈ ਜਾੰਦੇ, ਸੀਤਲ ਕੋਲ ਹਮੇਸ਼ਾ ਰੋਟੀ ਨਾਲ ਤੁੱਕਿਆੰ ਦਾ ਅਚਾਰ ਹੁੰਦਾ ਸੀ, ਸਾਰੀ ਮੰਡਲੀ ਇਕੱਠੇ ਹੋਕੇ ਕੰਟੀਨ ਦੇ ਬਾਹਰ ਅੰਬਾੰ ਥੱਲੇ ਬੈਠਕੇ ਰੋਟੀ ਖਾੰਦੇ ਤੇ ਸੀਤਲ ਦੇ ਤੁੱਕਿਆੰ ਦੇ ਅਚਾਰ ਦੀ ਮੰਗ ਦੂਰ ਦੂਰ ਤੱਕ ਹੁੰਦੀ , ਸੀਤਲ ਦੇ ਤੁੱਕੇ ਖਾ ਕੇ ਉਹਦਾ ਨਾੰਉੰ ਵੀ ਤੁੱਕੇ ਖਾਣਾ ਰੱਖ ਲਿਆ ਸੀ
ਮਿੱਠੀ ਮਿਸ਼ਰੀ ਦਾ ਨਾਉੰ ਸੀ ਦਿਲਜੀਤ ਕੌਰ ਕੰਗ, ਬਹੁਤ ਮਿੱਠਾ ਬੋਲਦੀ, ਹਮੇਸ਼ਾ ਖਿੜੀ ਰਹਿੰਦੀ ,ਰੋਟੀ ਖਾੰਦਿਆੰ ਸੀਤਲ ਤੋੰ ਤੁੱਕੇ ਮੰਗਦਿਆੰ ਬੋਲਦੀ,” ਤੁੱਕੇ ਵੀਰੇ !!! ਦੋ ਕ ਤੁੱਕੇ ਦਈੰ ਵੀਰ ਬਣਕੇ…!
ਮੇਰੇ ਕੋਲ ਕਾਲਜ ਆਉੰਣ ਨੂੰ ਪੁਰਾਣੀ ਜੌੰਗਾ ਜੀਪ ਹੁੰਦੀ ਸੀ, ਸਾਡਾ ਬੜਾ ਟੱਬਰ ਸੀ, ਬਾਪੂ ਉਹਨੀ ਚਾਰ ਭਾਈ ਸਾਰੇ ਇਕੱਠੇ ਸੀ, ਮੇਰਾ ਬਾਬਾ ਵੀ ਹਾਲੇ ਤਕੜਾ ਸੀ, ਬਾਪੂ ਉਹਨਾੰ ਨਾਲ ਖੇਤੀ ਦਾ ਪੂਰਾ ਕੰਮ ਕਰਾਉੰਦਾ , ਮੇਰੇ ਤੋੰ ਛੋਟੀ ਭੈਣ ਤੇ ਇੱਕ ਭਾਈ ਅਤੇ 3-4 ਚਾਚੇ ਤਾਇਆੰ ਦੇ ਨਿਆਣੇ, 2-3 ਨਿਆਣੇ ਗੁਆੰਢੀਆੰ ਦੇ ਸਭ ਰੋਪੜ ਸਕੂਲ ਚ ਪੜ੍ਂਦੇ ਸੀ, ਸਵੇਰੇ ਮੇਰੇ ਨਾਲ ਈ ਜੌੰਗੇ ਤੇ ਆਉੰਦੇ, ਉਹਨਾੰ ਸਭਨਾੰ ਨੂੰ ਸਕੂਲ ਲਾਹਕੇ ਫੇਰ ਮੈੰ ਕਾਲਜ ਆਉੰਦਾ, ਮੇਰੇ ਜੌੰਗੇ ਚ ਮਿੰਨੀ ਬੱਸ ਜਿੰਨੀਆੰ ਘਰ ਦੀਆੰ ਸਵਾਰੀਆੰ ਹੋਣ ਕਰਕੇ ਮੇਰਾ ਨਾੰਉੰ ਕਬੀਲਦਾਰ ਪੈ ਗਿਆ ਸੀ, ਅਜਮੇਰ ਸਿੰਘ ਸੋਹੀ ਉਰਫ ਕਬੀਲਦਾਰ..
ਜਰਾਬਾੰ ਆਲੀ੍ ਖੱਤਰੀਆੰ ਦੀ ਕੁੜੀ ਸੀ ਰੋਪੜ ਤੋੰ, ਉਹਦੇ ਪਿਤਾ ਜੀ ਦੀਆੰ 2-3 ਮਨਿਆਰੀ ਦੀਆੰ ਦੁਕਾਨਾੰ ਸੀ, ਰੋਜ ਨਮੇ ਨਮੇ ਰੰਗਾੰ ਦੀਆੰ ਫੁੱਲਾੰ ਬੂਟੀਆੰ ਆਲ੍ੀਆੰ ਜਰਾਬਾੰ ਪਾ ਕੇ ਕਾਲਜ ਆੰਉੰਦੀ, ਗਰਮੀਆੰ ਚ’ ਵੀ ਸੈੰਡਲਾੰ ਨਾਲ ਜਰਾਬਾੰ ਪਾ ਕੇ ਰੱਖਦੀ, ਮਿੱਠੀ ਮਿਸ਼ਰੀ ਉਹਨੂੰ ਛੇੜਦੀ,”ਮੌਜਾੰ ਨੇ ਭੈਣੇ ਜਰਾਬਾੰ ਆਲੀਏ ਤੈਨੂੰ ਤਾੰ… ਨਾੰ ਤੈੰ ਕਦੇ ਪਾਥੀਆੰ ਪੱਥਣੀਐੰ, ਨਾੰ ਕਦੇ ਧਾਰਾੰ ਚੋਣੀਐੰ..ਡੈਡੀ ਦੀ ਦਕਾੰਨ ਤੋੰ ਰੋਜ ਨਮੇੰ ਨਮੇੰ ਡੱਬਿਆੰ ਚੋੰ ਕੱਢਕੇ ਰੰਗ ਬਰੰਗੀਆੰ ਜਰਾਬਾੰ ਪਾ ਕੇ ਆ ਜਾਨੀ ਐੰ…
ਉਹਦਾ ਨਾੰਉੰ ਸੀ ਦੀਪਿਕਾ ਅਰੋੜਾ ਉਰਫ ਜਰਾਬਾੰ ਆਲ੍ੀ ਪਰ ਖੁੱਲੇ੍ ਡੁੱਲੇ ਸੁਭਾਅ ਦੀ ਸ਼ਹਿਰਨ ਕੁੜੀ ਸੀ…
ਹੋਰ ਵੀ ਸੀਗੇ੍ ਕਈ… ਇੱਕ ਮਤਾਬੀ ਡੱਬੀ ਹੁੰਦੀ ਸੀ, ਇੱਕ “ਦੱਬ ਕੇ ਕੱਢਿਆ ” ਹੁੰਦਾ ਸੀ,ਇੱਕ ਹੋਰ ਹੁੰਦਾ ਸੀ ਬਾਈ ਦੁਖੀਆ ਯੂਨੀਅਨ ਦਾ ਪਰਧਾਨ.. ਪਰ ਇਹ ਸਾਡੀ ਮੰਡਲੀ ਚ ਕਦੇ ਕਦੇ ਈ ਸ਼ਾਮਲ ਹੁੰਦੇ…
🦋🦋🦋🦋🦋
ਤੁੱਕੇ ਦੀ ਕਾਰਗੁਜਾਰੀ ਸੁਣਕੇ ਮੈੰ ਉਹਨੂੰ ਛੇੜਿਆ,”ਤੁੱਕਿਆ ਤੂੰ ਕਿੱਧਰ ਕਾਗਜੀ ਪਤੰਗੀ ਤੇ ਗਾਟ੍ੀ ਪਾਉਣ ਲੱਗ ਪਿਆ….!!
ਕਬੀਲਦਾਰਾ ਬਾਈ ! ਕੁਛ ਨੀ ਬੱਸ ਐੰਵੇੰ ਈ…
ਤੁੱਕੇ ਖਾਣੇ ਨੂੰ ਕੋਈ ਜੁਆਬ ਨਾੰ ਆਉੜਿਆ, ਕਈ ਦਿਨ ਲੰਘਿਆੰ ਤੇ ਤੁੱਕਾ ਇੱਕ ਦਿਨ ਫੇਰ ਮੇਰੇ ਨੇੜੇ ਜੇ ਨੂੰ ਹੋ ਕੇ ਹੌਲੀ ਜੇ ਬੋਲਿਆ,”ਬਾਈ ਉਹਨੇ ਅਜੇ ਤੱਕ ਮੇਰਾ ਰੁਮਾਲ ਨੀ ਮੋੜਿਆ..
ਮੈਨੂੰ ਲਗਦੈ………
ਹਾੰ ਕੀ ਲਗਦੈ….??
ਬੱਸ ਬਾਈ… ਆਪੇ ਸਮਝ ਲੈ…
ਨਾਲੇ ਕੱਲ੍ ਦੇਖਿਐ ਤੈੰ !! ਦੁਪਿਹਰੇ ਮੇਰੇ ਕੋਲ ਬੈਠਕੇ ਰੋਟੀ ਖਾਧੀ ਐ ਉਹਨੇ… ਤੁੱਕਿਆੰ ਦਾ ਅਚਾਰ ਵੀ ਦੋ ਵਾਰੀ ਲਿਐ ਮੇਤੇ…. ਨਾਲੇ ਘਰ ਪਰਵਾਰ ਦੀਆੰ ਗੱਲਾੰ ਕਰੀਆੰ ਅਸੀੰ ਦੋਹਾੰ ਨੇ…
ਨਾਲੇ ਆਹ ਦੇਖ ਬਾਈ ਇੱਕ ਚੀਜੋ ਦਖਾੰਮਾ ਤੈਨੂੰ…ਬੁੱਲ ਘੁੱਟਕੇ ਹਸਦੇ ਤੁੱਕੇ ਨੇ ਪਰ੍ਾੰ ਜੇ ਨੂੰ ਹੋ ਕੇ ਇੱਕ ਫੁੱਲਾੰ ਆਲੇ ਰੁਮਾਲ ਦੀਆੰ ਚਾਰੇ ਤਹਿਆੰ ਹੌਲੀ ਹੌਲੀ ਕਰਕੇ ਖੋਲ੍ੀਆੰ, ਦੇਖਿਆ ਤਾੰ ਰੁਮਾਲ ਚ ਚਿੱਤਮ ਚਿੱਤੀਆੰ ਬੂਟੀਆੰ ਆਲੀਆੰ ਕੁੜੀਆੰ ਆਲੀਆੰ ਜਰਾਬਾੰ ਤਹਿ ਕਰਕੇ ਰੱਖੀਆੰ ਚਮਕੀਆੰ..
ਬੱਲੇ ਉਏ ਰਾੰਝੇ ਦਿਆ ਭਤੀਜਿਆ !!! ਹੱਦ ਏ ਕਰੀ ਜਾਨੈ… ਕਿਆ ਵਧੀਆ ਕੀਮਤੀ ਖਜਾਨਾ ਸਾੰਭਕੇ ਰੱਖਿਐ ਤੁੱਕਿਆ.. ਮੈੰ ਉੱਚੀ ਹਸਦਿਆੰ ਬੋਲਿਆ…
ਹੌਲੀ ਬਾਈ ਹੌਲੀ…. ਐਮੇ ਰੌਲਾ ਨਾੰ ਪਾ ਯਾਰ ਕਬੀਲਦਾਰਾ…
ਸਮਾੰ ਲੰਘਦਾ ਗਿਆ, ਤੁੱਕੇ ਤੇ ਜਰਾਬਾੰ ਆਲੀ ਦੇ ਪਿਆਰ ਦੀ ਚੰਗਿਆੜੀ ਮਾੜ੍ੀ ਮਾੜ੍ੀ ਸੁਲਘਦੀ ਰਹੀ ਪਰ ਲਟ ਲਟ ਨਾੰ ਬਲ੍ੀ ਤੇ ਨਾੰ ਈ ਬੁਝੀ,ਤੁੱਕੇ ਖਾਣਾ ਆਰਥਿਕ ਪੱਖੋੰ ਹੌਲ੍ਾ ਹੋਣ ਕਰਕੇ ਵੀ ਬਹੁਤਾ ਜੇਰਾ ਨਾੰ ਕੱਢ ਸਕਿਆ ਤੇ ਦੀਪਿਕਾ ਨੇ ਚਾਹੁੰਦੇ ਹੋਏ ਵੀ ਅੱਗੇ ਬਹੁਤਾ ਹੱਥ ਨਾੰ ਵਧਾਇਆ, ਸ਼ਾਇਦ ਉਹ ਵੀ ਜਾਣਦੀ ਸੀ ਕਿ ਉਹਦੇ ਸ਼ਹਿਰੀ ਪਰਿਵਾਰ ਨੇ ਇਹ ਰਿਸ਼ਤਾ ਕਦੇ ਮਨਜੂਰ ਨੀ ਸੀ ਕਰਨਾ
ਫੇਰ ਅਚਾਨਕ ਸਾਡੀਆੰ ਸਭ ਦੀਆੰ ਜਿੰਦਗੀਆੰ ਕਈ ਟੇਢੇ ਮੇਢੇ ਮੋੜ ਮੁੜਦੀਆੰ ਆਪੋ ਅਪਣੇ ਰਾਹ ਪੈ ਗਈਆੰ, ਬੀ ਏ ਫਾਇਨਲ ਸ਼ੁਰੂ ਹੁੰਦੇ ਸਾਰ ਏ ਜਰਾਬਾੰ ਆਲੀ ਦਾ ਵਿਆਹ ਆਸਟਰੇਲੀਆ ਤੋੰ ਆਏ ਮੁੰਡੇ ਨਾਲ ਹੋ ਗਿਆ, ਸ਼ਾਇਦ ਚੁੰਨੀ ਚੜ੍ਾਅ ਕੇ ਈ ਫੇਰੇ ਕਰ ਦਿੱਤੇ ਸੀ,ਤੁੱਕੇ ਖਾਣੇ ਦਾ ਬਾਪੂ ਅਚਾਨਕ ਚੱਲ ਵਸਿਆ, ਪਰਿਵਾਰ ਦੀ ਸਾਰੀ ਜੁੰਮੇਵਾਰੀ ਤੁੱਕੇ ਤੇ ਆ ਗਈ ਸੀ, ਉਹ ਬੀ ਏ ਫਾਈਨਲ ਸ਼ੁਰੂ ਈ ਨਾੰ ਕਰ ਸਕਿਆ, ਪੜ੍ਾਈ ਵਿੱਚੇ ਛੱਡਕੇ ਮਿੰਨੀ ਬੱਸ ਤੇ ਕੰਡਕਟਰ ਜਾ ਲੱਗਿਆ, ਤਿੰਨ ਕੁ ਮਹੀਨੇ ਬਾਅਦ ਮੈੰ ਵੀ ਕੋਈ ਜੁਗਾੜ ਲਾਕੇ ਕਨੇਡਾ ਆ ਗਿਆ, ਇੱਥੇ ਆਕੇ ਕਈ ਸਾਲਾੰ ਦੀ ਉਡੀਕ ਬਾਅਦ ਪੱਕਾ ਹੋਕੇ ਮੁੜਕੇ ਦੇਸ ਗਿਆ..
ਸੀਤਲ ਸਿੰਘ ਤੁੱਕਾ ਪੂਰਾ ਕਬੀਲਦਾਰ ਬਣ ਗਿਆ ਸੀ, ਵਿਆਹ ਹੋ ਗਿਆ ਸੀ, ਉਹਨੇ ਅਪਣੀ ਇਨੋਵਾ ਗੱਡੀ ਲੈਕੇ ਟੂਰਿਸਟ ਪਰਮਿਟ ਨਾਲ ਟੈਕਸੀ ਪਾਈ ਹੋਈ ਸੀ, ਮੈੰ ਸਭ ਦਾ ਹਾਲ ਪੁਛਿਆ, ਮਿੱਠੀ ਮਿਸ਼ਰੀ ਬੀ ਏ ਬੀ ਐਡ ਕਰਕੇ ਭਰਤਗੜ੍ ਸਕੂਲ ਚ ਟੀਚਰ ਲੱਗ ਗਈ ਸੀ, ਜਰਾਬਾੰ ਆਲੀ ਦੀ ਕੋਈ ਖਬਰ ਨੀ ਸੀ, ਪਰ ਉਹਦਾ ਡੈਡੀ ਮਨਿਆਰੀ ਵਾਲਾ ਚੱਲ ਵਸਿਆ ਸੀ, ਕੈਨੇਡਾ ਵਾਪਸ ਮੁੜਕੇ ਆਕੇ ਹੁਣ ਮੈੰ ਤੁੱਕੇ ਨਾਲ ਫੋਨ ਤੇ ਗੱਲ ਬਾਤ ਕਰਦਾ ਰਹਿੰਦਾ ..
ਇੱਕ ਦਿਨ ਸਵੇਰੇ ਸਾਝਰੇ ਈ ਫੋਨ ਖੜਕਿਆ, ਅੱਗਿਉੰ ਤੁੱਕੇ ਖਾਣਾ ਟਹਿਕਿਆ..
ਕਿੱਕਣ ਐੰ ਕਬੀਲਦਾਰਾ..!! ਕੈ ਦਿਨ ਹੋਗੇ ਫੋਨ ਏੰ ਨੀ ਕਰਿਆ !!! ਠੀਕ ਐੰ……??
ਕਿਆ ਗੱਲ ਤੁੱਕੇ !! ਕਿੱਕਣ ਪਤਾਸੇ ਭੋਰਨ ਲੱਗ ਪਿਆ ਸਵੇਰੇ ਸਵੇਰੇ… ਕਿਆ ਲੱਭ ਗਿਆ ਤੈਨੂੰ …??
ਬੁੱਝ ਤਾੰ ਬਾਈ ਭਲਾੰ ਕਿਆ ਲੱਭਿਆ ਹੋਊ.. ਫੇਰ ਆਪੇ ਈ ਬਿਨਾ ਹੁੰਘਾਰਾ ਉਡੀਕੇ ਉਧੜ ਪਿਆ….. ਬਾਈ ਇੱਕ ਵਾਰੀ ਤਾੰ ਪੂਰਨਮਾਸ਼ੀ ਆਲੇ ਦਿਆਲੇ ਆਲੀ ਫੀਲਿੰਗ ਆਗੀ ਤੀ, ਯਾਦ ਐ ਜਦ ਸ਼ਾਮੋ ਕਿੰਨੇ ਸਾਲਾੰ ਬਾਅਦ ਦਿਆਲੇ ਦੇ ਟਾੰਗੇ ਪਰ ਚੜਦ੍ੀ ਐ….
ਮਹੀਨਾ ਕੁ ਹੋਇਆ, ਦਿੱਲੀ ਆਇਆ ਮੈੰ ਏਅਰਪੋਟ ਤੋੰ ਸਵਾਰੀ ਲੈਣ, ਬੇਲੇ ਚੌੰਕ ਤੋੰ ਬੁੱਕ ਹੋਈ ਤੀ ਗੱਡੀ, ਇੱਕ 16-17 ਸਾਲ ਦਾ ਮੁੰਡਾ ਨਾਲ ਆਇਆ ਮੇਰੇ ਦਿੱਲੀ ਨੂੰ ਕਹਿੰਦਾ ਮੇਰੀ ਭੂਆ ਜੀ ਨੇ ਆਉਣੈ, ਪੰਜ ਨੰਬਰ ਗੇਟ ਦੇ ਬਾਹਰ ਜੰਗਲੇ ਨਾਲ ਲੱਗੇ ਖੜ੍ੇ ਅਸੀੰ ਦੋਏ ਜਣੇ ਅੰਦਰੋੰ ਆੰਉੰਦੀਆੰ ਰੰਗ ਬਰੰਗੀਆੰ ਸਵਾਰੀਆੰ ਦੀਆੰ ਟੋਲੀਆੰ ਦੇਖਦੇ ਅਪਣੀ ਸਵਾਰੀ ਉਡੀਕਣ ਲੱਗੇ…
ਔਹ ਆਗੀ ਭੂਆ ਜੀ…! ਖੁਸ਼ ਹੁੰਦਿਆੰ ਮੁੰਡੇ ਨੇ ਹੱਥ ਉੱਚਾ ਕਰਕੇ ਹਿਲਾਇਆ, ਅਚਾਨਕ ਇਕ ਦਮ ਸਾਹਮਣੇ ਸਮਾਨ ਆਲੀ ਰੇੜ੍ੀ ਰੋੜ੍ੀ ਆਉੰਦੀ ਜਰਾਬਾੰ ਆਲੀ ਨੂੰ ਦੇਖਕੇ ਕਬੀਲਦਾਰਾ ਮੈੰ ਤਾੰ ਡੌਰ ਭੌਰਾ ਜਾ ਏ ਹੋ ਗਿਆ, ਨੇੜੇ ਆਕੇ ਮੈਨੂੰ ਬਿਨਾ ਦੇਖੇ ਰੇੜ੍ੀ ਛੱਡਕੇ ਭਤੀਜੇ ਨੂੰ ਘੁੱਟਕੇ ਜੱਫੀ ਪਾਕੇ ਮਿਲੀ, ਪਿਆਰ ਦਿੱਤਾ, ਐਨੇ ਚਿਰ ਨੂੰ ਮੈੰ ਸੰਭਲਦਿਆੰ ਰੇੜ੍ੀ ਫੜਕੇ ਸਤ ਸ੍ੀ ਕਾਲ ਬਲਾਈ…
ਤੁੱਕੇ ਤੂੰ……..!!! ਮੈਨੂੰ ਦੇਖਕੇ ਜਣੀ ਬਾਈ ਉਹ ਇਕ ਪਲ ਲਈ ਸਾਹ ਲੇਣਾ ਏ ਭੁੱਲ ਗੀ..
ਹਾੰ ਜੀ ਹਾੰ ਜੀ .. ਲੇਣ ਆਏ ਐੰ ਥੁਆੰਨੂੰ, ਕਹਿੰਦਿਆੰ ਮੈੰ ਰੇੜ੍ੀ ਧੱਕਦਾ ਪਾਰਕਿੰਗ ਵੱਲ ਨੂੰ ਤੁਰ ਪਿਆ, ਪਿੱਛੇ ਤੁਰੀ ਆਉੰਦਿਆੰ ਦੋ ਕੁ ਗੱਲਾੰ ਭਤੀਜੇ ਨਾਲ ਕਰੀਆੰ , ਸ਼ਾਇਦ ਮੇਰੇ ਵਾਰੇ , ਫੇਰ ਤੇਜ ਹੋਕੇ ਨਾਲ ਆ ਰਲ੍ੀ ਮੇਰੇ…
ਤੁੱਕੇ ਆਹ ਕਿਆ….?? ਡਰੈਵਰ ਬਣ ਗਿਆ… !! ਬੀ ਏ ਨੀ ਕਰੀ……??
ਨਹੀੰ ਜੀ….
ਕਿਸਮਤ ਚ ਡਰੈਵਰੀ ਉ ਤੀ ਜੀ…
ਉਏ ਆਹ ਕੀ ਜੀ ਜੀ ਲਾਈ ਐ……????
ਮੈਨੂੰ ਕਬੀਲਦਾਰਾ ਭੱਜਕੇ ਪਈ… ਮੈੰ ਚੁੱਪ ਕਰ ਗਿਆ, ਪਰ ਬਾਈ ਸੱਚ ਜਾਣੀ, ਉਹਦੀ ਇਹ ਘੂਰੀ ਨਾਲ ਮੈਨੂੰ ਧੁਰ ਅੰਦਰ ਤੱਕ ਉਹ ਸਕੂਨ ਮਿਲਿਆ… ਬੱਸ ਪੁੱਛ ਨਾੰ ਕਬੀਲਦਾਰਾ !! ਅੰਦਰ ਠਰ ਗਿਆ ਜਣੀ…
ਗੱਡੀ ਚ ਸਾਰੇ ਰਾਹ ਗੱਲਾੰ ਕਰਦੀ ਆਈ, ਮੈੰ ਉਹਦੇ ਡੈਡੀ ਦਾ ਅਫਸੋਸ ਕੀਤਾ, ਉਹਦਾ ਭਾਈ ਮੇਨ ਬਜਾਰ ਆਲੀਆੰ ਦੁਕਾਨਾੰ ਵੇਚਕੇ ਬੇਲੇ ਚੌੰਕ ਨੇੜੇ ਰਹਿਣ ਲੱਗ ਪਿਆ ਸੀ, ਭਾਈ ਵੀ ਬਿਮਾਰ ਏ ਰਹਿੰਦਾ ਸੀ, ਹੁਣ ਭਤੀਜਾ ਨਾਲ ਦੁਕਾਨ ਤੇ ਬੈਠਦਾ..
ਤੁੱਕੇ ਮੈੰ ਤਾੰ ਸੋਚਦੀ ਤੀ ਵਈ ਬੀ ਐੱਡ ਕਰਕੇ ਹੁਣ ਤੱਕ ਕਿਤੇ ਟੀਚਰ ਲੱਗ ਗਿਆ ਹੋਮੇੰਗਾ ਜਾੰ ਗਹਾੰ ਐਮ ਏ ਕਰ ਗਿਆ ਹੋਮੇੰਗਾ, ਮੈੰ ਜਦ ਬਾਪੂ ਦੇ ਤੁਰ ਜਾਣ ਵਾਰੇ ਤੇ ਮਗਰੋੰ ਮਿੰਨੀ ਬੱਸ ਦੀ ਕੰਡਕਟਰੀ ਤੋੰ ਲੈਕੇ ਆਹ ਟੈਕਸੀ ਤੱਕ ਦਾ ਸਫਰ ਸੁਣਾਇਆ ਤਾੰ ਬਾਈ ਕਬੀਲਦਾਰਾ ਉਹਨੇ ਧੁਰ ਅੰਦਰੋੰ ਹਾਉਕਾ ਭਰਿਆ.. ਮੈਨੂੰ ਗੱਡੀ ਚਲਾਉੰਦੇ ਨੂੰ ਦੂਰ ਤੱਕ ਡੂੰਘਾ ਜਾੰਦਾ ਸਾਹ ਸੁਣਿਆੰ ਉਹਦਾ, ਫੇਰ ਖਾਸਾ ਚਿਰ ਸਾਡੇ ਦੋਹਾੰ ਚੋੰ ਕੋਈ ਨਾੰ ਬੋਲਿਆ….
ਤਿੰਨ ਹਫਤੇ ਦੀ ਛੁੱਟੀ ਚ ਮੈੰ ਈ ਉਹਨੂੰ ਕਈ ਰਿਸ਼ਤੇਦਾਰਾੰ ਦੇ ਮਿਲਾਉਣ ਲੇਕੇ ਗਿਆ, ਆਨੰਦਪੁਰ ਸਾਹਿਬ, ਨੰਗਲ ਤੇ ਇਕ ਦਿਨ ਨੈਣਾ ਦੇਵੀ ਦਰਸ਼ਣ ਕਰਵਾ ਕੇ ਲਿਆਇਆ, ਥੁਆਡਾ ਸਭਨਾ ਦਾ ਹਾਲ ਪੁੱਛਦੀ ਰਹੀ, ਕੌਣ ਕਿਆ ਕਰਦੈ, ਕਿੱਥੇ ਐ, ਸਭ ਪੁੱਛਿਆ ਉਹਨੇ ਬਾਈ…. ਕਬੀਲਦਾਰਾ ਮੇਰਾ ਵੀ ਦਿਲ ਕਰਿਆ ਬੀ ਉਹਦੀ ਜਿੰਦਗੀ ਦਾ ਵਰਕਾ ਫੋਲਾੰ ਪਰ ਹਿੰਮਤ ਨਾੰ ਪਈ ਪੁੱਛਣ ਦੀ, ਪਹਿਰਾਵੇ ਤੋੰ ਤਾੰ ਅਮੀਰੀ ਝਲਕਦੀ ਤੀ ਉਹ ਦਪਿਹਰ ਖਿੜੀ ਆਲਾ ਹਾਸਾ ਨੀ ਸੁਣਿਆੰ , ਸੱਤਰੰਗੀਆੰ ਜਰਾਬਾੰ ਦਾ ਰੰਗ ਵੀ ਮੱਧਮ ਪੈਕੇ ਉਦਾਸ ਭੂਰੇ ਜੇ ਰੰਗ ਚ ਬਦਲ ਗਿਆ ਤਾ, ਸਾਰੀਆੰ ਛੁੱਟੀਆੰ ਉਹੀ ਰੰਗ ਰਿਹਾ…
ਤਿੰਨ ਹਫਤੇ ਮਗਰੋੰ ਮੈੰ ਈ ਉਹਨੂੰ ਦਿੱਲੀ ਛੱਡਣ ਆਇਆ, ਭਾਈ ਤੇ ਭਤੀਜੇ ਨੇ ਦੁਕਾਨ ਬੰਦ ਨਾ ਕਰੀ…ਦੀਪਿਕਾ ਅੰਦਰ ਜਾਣ ਨੂੰ ਤਿਆਰ ਤੀ ਡੀਪਾਰਚਰ ਗੇਟ ਦੇ ਸਾਹਮਣੇ ਅਸੀੰ ਦੋਏ ਬਰਾੰਡੇ ਚ ਖੜ੍ੇ ਤੇ…
ਚੰਗਾ ਫੇਰ ਤੁੱਕੇ..! ਵਧੀਆ ਵੀ ਲੱਗਿਆ, ਐਨੇ ਚਿਰ ਬਅਦ ਮਿਲਕੇ ਤੇ ਦੁਖੀ ਵੀ ਹੋਈ ਤੇਰੀ ਤੋਤੇ ਰੰਗੀ ਪੱਗ ਦਾ ਘਸਮੈਲ੍ਾ ਹੋਇਆ ਰੰਗ ਦੇਖਕੇ….
ਉਹੀ ਪੁਰਾਣੇ ਸੁਭਾਅ ਮੰਗਣ ਸਿੱਧੀ ਉ ਬੋਲੀ..
ਚਲ ਕੋਈ ਨੀ ਖੁਸ਼ ਰਿਹਾ ਕਰ …..
ਚੰਗਾ ਜਰਾਬਾੰ ਆਲੀਏ..! ਤੂੰ ਵੀ ਖਿਆਲ ਰੱਖਿਆ ਕਰੀੰ ਅਪਣਾ… ਖਬਰ ਸਾਰ ਭੇਜਦੀ ਰਹੀੰ…. ਹਿੰਮਤ ਕਰਕੇ ਮੈੰ ਵੀ ਪੁਰਾਣੇ ਅੰਦਾਜ ਚ ਬੋਲ ਗਿਆ…. ਇੱਕ ਦਮ ਚਮਕਦੀਆੰ ਅੱਖਾੰ ਨਾਲ ਉਹਨੇ ਮੇਰੇ ਕੰਨੀੰ ਦੇਖਿਆ.. ਉਹਦੇ ਬੁਲ੍ਾੰ ਤੇ ਉਹੀ ਕਾਲਜ ਟੈਮ ਆਲਾ੍ ਸ਼ਰਾਰਤੀ ਹਾਸਾ ਉਭਰ ਆਇਆ ਤੀ…
ਜੁਗੜਿਆੰ ਮਗਰੋੰ ਤੇਰੇ ਮੂੰਹੋੰ ਜਰਾਬਾੰ ਆਲੀ ਨਾਉੰ ਸੁਣਕੇ ਲੱਗਿਐ ਜਿਕਣ ਪਤਾ ਨੀ ਕਦ ਦੀ ਮੇਲੇ ਚ ਖੋਈ ਹੋਈ ਮੁੜਕੇ ਘਰ ਆਗੀ ਹੋਮਾੰ… ਤਿੰਨ ਹਫਤੇ ਹੋਗੇ ਤੇ ਉਡੀਕਦੀ ਨੂੰ… ਪਰ ਭਰੋਸਾ ਤਾ ਵਈ ਇੱਕ ਵਾਰੀ ਕਹੇੰਗਾ ਜਰੂਰ .. ਚਾਹੇ ਜਾਣ ਲੱਗੀ ਨੂੰ ਕਹੇੰ…
ਜਰਾਬਾੰ ਆਲੀ ਅਪਣਾ ਨਾਉੰ ਸੁਣਕੇ ਫੁਲਝੜੀ ਮੰਗਣ ਜਗਣ ਲੱਗਪੀ ਤੀ ਬਾਈ….
ਤੁੱਕੇ ਹੁਣ ਤਾੰ ਦੱਸ ਦੇਹ ਫੇਰ ਕਿੱਥੇ ਐੰ ਜਰਾਬਾੰ ਜਿਹੜੀਆੰ ਨਕਸੀਰ ਚੱਲੀ ਟੈਮ ਲਾਹੀਆੰ ਤੀ ਤੂੰ….? ਮੈੰ ਪਈ ਪਈ ਨੇ ਚੋਰੀ ਦੇਣੇ ਦੇਖ ਲਿਆ ਤਾ ਤੈਨੂੰ ਚੱਕ ਕੇ ਖੀਸੇ ਚ ਪਾਉੰਦੇ ਨੂੰ……
ਪਹਿਲਾੰ ਤਾੰ ਸਾੰਭ ਕੇ ਰੱਖੀਆੰ… ਫੇਰ ਵਿਆਹ ਤੋੰ ਬਾਅਦ ਘਰ ਆਲੀ੍ ਨੂੰ ਦੇ ਤੀਆੰ… ਦਿਨ ਸੁਦ ਨੂੰ ਪਾ ਲੈੰਦੀ ਤੀ…. ਜਦ ਮੈੰ ਕਹਿੰਦਾ ਤਾ ਪਾਉਣੇ ਨੂੰ…. ਫੇਰ ਹੌਲੀ ਹੌਲੀ ਘਸਕੇ ਪਾਟ ਗੀਆੰ … ਪਾਉਣੇ ਜੋਗੀਆੰ ਨੀ ਰਹੀਆੰ… ਸਿੱਟੀਆੰ ਤਾੰ ਨੀ… ਪਰ ਫੇਰ ਟਿੱਡੀਆੰ ਨੇ ਖਾ ਲੀਆੰ ਟਰੰਕ ਚ ਪਈਆੰ ਪਈਆੰ…..
ਤੇਰੇ ਆਹੀ ਸਿੱਧ ਪੁੱਧਰੇ ਬੋਲਾੰ ਨੇ ਦੂਰ ਹੋਕੇ ਵੀ ਦੂਰ ਨੀ ਹੋਣ ਦਿੱਤਾ ਤੇਰੇ ਤੋੰ ਹੁਣ ਤੱਕ ਤੁੱਕੇ…
ਦੀਪਿਕਾ ਨੇ ਅਪਣੇ ਦੋਨਾੰ ਹੱਥਾੰ ਚ ਮੇਰਾ ਸੱਜਾ ਹੱਥ ਘੁੱਟ ਕੇ ਫੜ ਲਿਆ ਤਾ…
ਤੁੱਕਿਆ !! ਜੇ ਕਿਤੇ ਤੇਰੀ ਕਿੱਕਰ ਛਾੰਮੇ ਈ ਬੈਠ ਲੈੰਦੀ ਦੋ ਘੜੀਆੰ… ਤੁੱਕਿਆੰ ਦੇ ਕਾੰਟੇ ਪਾ ਕੇ…..ਆਹ ਸੋਨੇ ਦੇ ਕਾੰਟਿਆੰ ਨੇ ਤਾੰ ਮੇਰੇ ਕੰਨ ਤੋੜਨੇ ਆਲੇ ਕਰਤੇ…..
ਤੂੰ ਹਾਮ੍ੀ ਤਾੰ ਭਰਦੀ ਜਰਾਬਾੰ ਆਲੀਏ… ਰੇਸ਼ਮੀ ਡੋਰੀਆੰ ਦੀ ਪੀੰਘ ਪਾ ਦਿੰਦਾ ਕਿੱਕਰ ਪਰ ਤੇਰੇ ਵਾਸਤੇ…ਕਿੱਕਰ ਨੂੰ ਵੀ ਪਤਾਸੇ ਲੱਗਿਆ ਕਰਨੇ ਤੇ ਫੇਰ ਤਾੰ …
ਅਸੀੰ ਦੋਏ ਜਣੇ ਇੱਕ ਪਲ ਲਈ ਮੁੜਕੇ ਫੇਰ ਰੋਪੜ ਕਾਲਜ ਦੀ ਕੰਟੀਨ ਆਲੇ ਅੰਬ ਥੱਲੇ ਜਾ ਖੜ੍ੇ ਤੇ ….
ਮੇਰਾ ਹੱਥ ਹਾਲੇ ਵੀ ਉਹਨੇ ਘੁੱਟਕੇ ਫੜਿਆ ਹੋਇਆ ਤਾ…
ਝਾੰਮੇ ਵਰਗਾ ਹੱਥ ਐ, ਜਰਾਬਾੰ ਆਲੀਏ !! ਦੇਖੀੰ ਕਿਤੇ ਤੇਰੇ ਹੱਥਾੰ ਪਰ …..
ਕਹਿੰਦਾ ਮੈੰ ਹੱਸ ਪਿਆ…
ਖਰਖਰੇ ਨਾਲੋੰ ਤਾੰ ਮਲਾਇਮੇੰ ਹੁੰਦੈ ਝਾੰਮਾ….
ਲੰਬਾ ਸਾਹ ਲੈੰਦਿਆੰ ਦੀਪਿਕਾ ਇੱਕੇ ਸ਼ਬਦ ਚ ਅਪਣੀ ਜਿੰਦਗੀ ਦੀ ਕਿਤਾਬ ਖੋਲ੍ ਕੇ ਦਿਖਾਅ ਚੱਲੀ ਤੀ….
ਫੇਰ ਹਸਦਿਆੰ ਮੇਰਾ ਹੱਥ ਛੱਡਕੇ ਅਲਵਿਦਾ ਕਹਿੰਦਿਆੰ ਉਹ ਗੇਟ ਵੱਲ ਨੂੰ ਤੁਰ ਪਈ,
ਅੰਦਰ ਵੜਨ ਤੋੰ ਪਹਿਲਾੰ ਮੁੜਕੇ ਦੇਖਿਆ ਤੇ ਉੱਚੀ ਦੇਣੇ ਬੋਲੀ…..
“”ਰੁਮਾਲ ਹੈਗਾ ਹਾਲੇ ਵੀ ਤੁੱਕੇ……
ਨਾੰ ਘਸਿਐ …… ਨਾੰ ਟਿੱਡੀਆੰ ਨੇ ਟੁੱਕਿਐ…
ਕਹਿਕੇ ਚਾੰਦੀ ਰੰਗੀ ਕੰਧ ਉਹਲੇ ਹੋ ਗਈ…
. .
ਸੁਣਦੈੰ ਕਬੀਲਦਾਰਾ ….???
ਉ ਕਬੀਲਦਾਰਾ …… ਕੱਟ ਗਿਆ ਫੋਨ ……??
ਨਹੀੰ ਨਹੀੰ ਸੁਣੀ ਜਾਨੈ…. ਹਾੰ ਹਾੰ ਬੋਲ ….
ਬੱਸ ਫੇਰ ਕਬੀਲਦਾਰਾ … ਮੈੰ ਅਰ ਉਹ ਚਾੰਦੀ ਰੰਗੀ ਕੰਧ …ਕਿੰਨਾ ਈ ਚਿਰ ਇੱਕ ਦੂਜੇ ਕੰਨੀ ਦੇਖ ਦੇਖ ਮੁਸਕਰਾਉੰਦੇ ਰਹੇ….
ਮੈਨੂੰ ਤੁੱਕੇ ਖਾਣਾ ਅਪਣੀ ਕਿੱਕਰ ਥੱਲੇ ਬਾਗੋ ਬਾਗ ਹੋਇਆ ਬੈਠਾ ਦਿਖਾਈ ਦੇ ਰਿਹਾ ਸੀ, …ਉਹਦੇ ਪਿੱਛੇ ਕਿੱਕਰ ਦੇ ਉਪਰ ਦੀ ਬੁੜ੍ੀ ਮਾਈ ਦੀ ਸਤਰੰਗੀ ਪੀੰਘ ਪਈ ਹੋਈ ਸੀ…
ਦੂਰ ਰੋਪੜ ਥਰਮਲ ਦੀਆੰ ਚਿਮਨੀਆੰ ਚੋੰ ਯਾੰਦਾੰ ਦਾ ਸੁਰਮੇ ਰੰਗਾੰ ਧੂੰਆੰ ਮਹਿਕਾੰ ਛੱਡਦਾ ਉੱਠ ਰਿਹਾ ਸੀ……