ਗਲੀ ਚੋ ਟੁੱਟੀ ਜਿਹੀ ਰੇਹੜੀ ਤੇ ਬੋਤਲਾਂ ਵੇਚ, ਪੁਰਾਣਾ ਕਬਾੜ ਵੇਚ, ਲੋਹਾ ਵੇਚ ਲੋ ਦਾ ਨਸੀਬੂ ਹੋਕਾ ਦਿੰਦਾ ਦਿੰਦਾ ਸੀ ਤੇ ਨਾਲ ਹੀ ਓਹਦਾ ਛੋਟਾ ਜਿਹਾ ਲੜਕਾ ਬਾਬੂ ਸੀ, ਅਰਜੁਨ ਦੀ ਕੋਠੀ ਮੁਹਰਿਓ ਲੰਘ ਰਿਹਾ ਸੀ ਕਿ ਏਨੇ ਨੂੰ ਕੋਠੀ ਚੋ ਗਰਜਵੀ ਜਿਹੀ ਆਵਾਜ ਆਈ,,, ਓਏ ਇਧਰ ਆ,,,, ਆਹ ਚੱਕ ਲੈ ਬੋਤਲਾਂ,, ਮਹਿੰਗੀ ਦਾਰੂ ਦੀਆਂ 20,22 ਖਾਲੀ ਬੋਤਲਾਂ ਚੁੱਕ ਕੇ ਨਸੀਬੂ ਨੂੰ ਫੜਾਉਂਦਾ ਫੜਾਉਂਦਾ ਮੂੰਹ ਚ ਬੋਲ ਰਿਹਾ ਸੀ,,, ਫਿਕਰਾਂ, ਟੈਂਸ਼ਨਾ ਚ ਇਕ ਤਾਂ ਇਹਦੇ ਬੀਨਾ ਨੀਂਦ ਵੀ ਨਹੀਂ ਆਉਂਦੀ,,,,, ਨਸੀਬੂ ਨੇ ਬੋਤਲਾਂ ਫੜੀਆਂ ਹਿਸਾਬ ਕੀਤਾ ਤੇ ਸ਼ੁਕਰੀਆ ਕਹਿਕੇ ਉਥੋਂ ਤੁਰ ਪਿਆ।
,,,,, ਉਸ ਘਰ ਇਹ ਗੱਲ ਆਮ ਸੀ। ਅਰਜੁਨ ਖੇਤੀਬਾੜੀ ਕਰਦਾ ਸੀ। 7,8 ਕੀਲੇ ਜਮੀਨ ਸੀ। ਪਰ ਕੁਝ ਸਮੇਂ ਤੋਂ ਕੰਮ ਥਲੇ ਤੋਂ ਥੱਲੇ ਜਾਈ ਜਾ ਰਿਹਾ ਸੀ। ਉਪਰੋਂ ਤਕੜੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਬਹਿਣੀ ਉਠਣੀ ਕਰਕੇ ਰਹਿਣ ਸਹਿਣ ਓਹਨਾ ਵਾਂਗ ਰੱਖਣਾ ਪੈਂਦਾ ਸੀ।
,,,,,, ਕੁਝ ਦਿਨਾਂ ਬਾਦ ਦੁਪਹਿਰ ਨੂੰ ਓਹਦਾ ਛੋਟਾ ਭਰਾ ਸੁਖਦੇਵ ਓਹਨੂੰ ਮਿਲਣ ਆਇਆ। ਜੋ ਉਸ ਤੋਂ ਅਲੱਗ ਸ਼ਹਿਰ ਰਹਿ ਰਿਹਾ ਸੀ। ਘਰ ਸਾਰੇ ਖੁਸ਼ ਸੀ ਪਰ ਅਰਜੁਨ ਉਸ ਨਾਲ ਨਾਰਾਜ਼ ਸੀ। ਕਿਉਂਕਿ ਸੁਖਦੇਵ ਸ਼ਹਿਰ ਜੂਸ ਦੀ ਰੇਹੜੀ ਲਾਉਂਦਾ ਸੀ ਜਿਸ ਕਰਕੇ ਅਰਜੁਨ ਨੂੰ ਬੇਇਜਤੀ ਮਹਿਸੂਸ ਹੁੰਦੀ ਸੀ। ਸੋ ਉਸ ਦਿਨ ਵੀ ਗੱਲਾਂ ਕਰਦੇ ਕਰਦੇ ਅਚਾਨਕ ਅਰਜੁਨ ਫਿਰ ਗਰਮ ਹੋ ਗਿਆ ਤੇ ਸੁਖਦੇਵ ਨੂੰ ਬੋਲਣ ਲੱਗ ਗਿਆ ਕਿ,,, ਜਾ ਓਏ ਬੇ-ਗੈਰਤਾ ਤੁ ਸਾਡੀ ਸਰਦਾਰੀ, ਸਾਡੀ ਉੱਚੀ ਜਾਤ, ਸਾਡੇ ਪਿਓ ਦਾਦੇ ਦੇ ਨਾਮ ਨੂੰ ਲਾਜ ਲਾ ਦਿੱਤੀ,,,, ਤੇਰਾ ਕਰਕੇ ਮੈਂ ਸ਼ਹਿਰ ਕਿਤੇ ਖੜਾ ਹੋਣ ਜੋਗਾ ਨਹੀਂ ਰਿਹਾ।,, ਨਿਕਲਜਾ ਮੇਰੇ ਘਰੋਂ,,,
ਸੁਖਦੇਵ:- ਪਰ ਵੀਰ ਜੀ ਤੁਹਾਨੂੰ ਵੀ ਪਤਾ ਹੈ ਅੱਜਕਲ ਖੇਤੀ ਚੋ ਕੀ ਬੱਚਦਾ ਏ,,, ਭੁੱਖਾ ਪੇਟ ਤੇ ਤਰਸਦੀ ਔਲਾਦ ਦਾ ਚਿਹਰਾ ਬਹੁਤ ਕੁਝ ਕਰਨ ਲਈ ਮਜਬੂਰ ਕਰ ਦਿੰਦਾ ਏ,,, ਐਨਾ ਕਹਿ ਕੇ ਓਹ ਘਰੋਂ ਚਲੇ ਗਿਆ।
5,7 ਦਿਨ ਬਾਅਦ ਅਰਜੁਨ ਦੇ ਪੁੱਤਰ ਚੰਨੇ ਦੇ ਸਕੂਲੋ ਫੋਨ ਆਇਆ ਕਿ ਪਿਛਲੇ6 ਮਹੀਨੇ ਦੀ ਫੀਸ ਦੇ ਕੇ ਬਕਾਇਆ ਸਾਫ ਕਰੋ ਨਹੀਂ ਤਾਂ ਤੁਹਾਡੇ ਬੱਚੇ ਨੂੰ ਸਕੂਲੋ ਕੱਢ ਦਿੱਤਾ ਜਾਵੇਗਾ। ਲਾਗੇ ਹੀ ਕੁਰਸੀ ਤੇ ਕੁਝ ਯਾਰ ਦੋਸਤ ਬੈਠੇ ਸੀ ਸੋ ਅਰਜੁਨ ਨੇ ਠੀਕ ਹੈ,,, ਬਾਅਦ ਚ ਫੋਨ ਕਰਦਾ ਹਾਂ,,, ਕਹਿਕੇ ਫੋਨ ਕੱਟ ਦਿੱਤਾ ਤਾ ਕਿ ਕਿਸੇ ਨੂੰ ਇਹ ਪਤਾ ਨਾ ਲੱਗ ਜਾਵੇ। ਸੋ ਸ਼ਾਮ ਨੂੰ ਫਿਰ ਟੈਨਸ਼ਨ ਦੁਰ ਕਰਨ ਲਈ ਬਈਏ ਤੋਂ ਬੋਤਲ ਮੰਗਵਾ ਕੇ ਯਾਰਾਂ ਦੋਸਤਾਂ ਨਾਲ ਬਹਿ ਕੇ ਪੈਗ ਲਗਾਉਣ ਲੱਗ ਗਿਆ।
ਕਿਸੇ ਤਰਾਂ ਪੈਸਿਆਂ ਦਾ ਜੁਗਾੜ ਕਰ ਕੇ ਫੀਸ ਭੇਜਤੀ।
ਮੂਹਰੇ ਵੋਟਾਂ ਦਾ ਦੌਰ ਚਲਣ ਲੱਗ ਗਿਆ। ਪਿੰਡ ਚ ਹਰ ਵਾਰ ਤਰਾਂ ਅਰਜੁਨ ਦੀ ਕੋਠੀ ਚ ਖਾਣ ਪੀਣ ਚੱਲਣ ਲੱਗਾ। ਮੰਤਰੀਆਂ ਦਾ ਆਉਣਾ ਜਾਣਾ ਲੱਗਣ ਲੱਗਾ। ਰੋਜ ਕਾਫੀ ਖਰਚਾ ਹੁੰਦਾ।ਮਹਿਫਲਾਂ ਲੱਗੀਆਂ ਰਹਿੰਦੀਆਂ। ਜਿਸ ਕਰਕੇ 2 ਕੀਲੇ ਵੇਚਣੇ ਵੀ ਪਏ। ਪਰ ਪਿੱਠ ਨਹੀਂ ਲੱਗਣ ਦਿਤੀ ਤੇ ਉਸ ਮੰਤਰੀ ਪਿਛੇ ਪੁਰਾ ਜੋਰ ਲੱਗਾ ਕੇ ਉਸਨੂੰ ਜਿਤਾ ਦਿਤਾ।
ਫਿਰ ਕੁਝ ਦਿਨ ਬਾਦ ਨਸੀਬੂ ਦੀ ਅਵਾਜ ਸੁਣਾਈ ਦਿਤੀ। ਟੁੱਟਾ ਭੱਜਾ ਪੁਰਾਣਾ ਲੋਹਾ ਵੇਚ ਲੋ, ਬੋਤਲਾਂ ਬੋਰੀਆਂ ਵੇਚ ਲੋ। ਇਸ ਵਾਰ ਨਸੀਬੂ ਟੁੱਟੀ ਜੇਹੀ ਰੇਹੜੀ ਤੇ ਨਹੀਂ,,,, ਇਕ ਮੋਟਰਸਾਈਕਲ ਵਾਲੀ ਰੇਹੜੀ ਤੇ ਸੀ।
ਅਰਜੁਨ ਨੇ ਫਿਰ ਅਵਾਜ ਮਾਰ ਕੇ ਬੁਲਾਇਆ ਤੇ 200,250, ਖਾਲੀ ਬੋਤਲ ਚਕਾਉਂਦਾ ਹੋਇਆ ਹੱਸ ਕੇ ਬੋਲਿਆ ਵਾਹ ਓਏ ਨਸੀਬੂ ਤੁ ਤਾਂ ਤਰੱਕੀ ਕਰ ਗਿਆ।
ਨਸੀਬੂ:- ਬਸ ਸ਼ਾਹ ਜੀ ਤੁਹਾਡੀ ਕਿਰਪਾ ਏ।
ਇਕ ਗੱਲ ਦਸੋ ਗੁੱਸਾ ਨਾ ਕਰਿਓ,,, ਤੁਸੀਂ ਐਨੀ ਦਾਰੂ ਕਿਉ ਪੀਂਦੇ ਹੋ? ਅਰਜੁਨ- ਇਹ ਤਾਂ ਵੋਟਾਂ ਖਾਤਿਰ ਪਿੰਡ ਨੂੰ ਪਿਲਾਈ ਸੀ ,,, ਬੜਾ ਕੁਝ ਕਰਨਾ ਪੈਂਦਾ ਏ ਨਸੀਬੂਆ ਸੁਰਖੀਆਂ ਚ ਰਹਿਣ ਲਈ।,,,, ਨਸੀਬੂ ਤੇਰਾ ਮੁੰਡਾ ਨਹੀਂ ਆਉਂਦਾ ਹੁਣ ਨਾਲ?
ਨਹੀਂ ਜੀ ਓਹ ਸਕੂਲ ਜਾਂਦਾ ਏ, ਬਸ ਛੁਟੀ ਵਾਲੇ ਦਿਨ ਕਦੇ ਕਦੇ ਜਿਦ ਕਰਕੇ ਆ ਜਾਂਦਾ ਏ,,, ਇਹ ਕਹਿਕੇ ਨਸੀਬੂ ਨੇ ਫਿਰ ਹਿਸਾਬ ਕੀਤਾ ਤੇ ਉਥੋਂ ਤੁਰ ਪਿਆ। ਬਾਹਰ ਨਿਕਲਦੇ ਸਾਰ ਫਿਰ ਕੁਝ ਵੱਡੇ ਬੰਦਿਆਂ ਦੀਆਂ ਗੱਡੀਆਂ ਆਈਆਂ ਤੇ ਵਧਾਇਆ, ਪਾਰਟੀ ਹੋ ਗਈ, ਮੁਬਾਰਕਾਂ ਦੀਆਂ ਆਵਾਜ਼ਾਂ ਗਲੀ ਤੱਕ ਸੁਣਾਈ ਦੇਣ ਲੱਗੀਆਂ।
ਸਾਲ ਗੁਜ਼ਰਦੇ ਗਏ।
ਸੁਖਦੇਵ ਦੀ ਜੂਸ ਦੀ ਰੇਹੜੀ ਦੀ ਜਗਾਹ ਅੱਜ ਜੂਸ ਬਾਰ ਨਾਮ ਦਾ ਰੈਸਟੋਰੈਂਟ ਸੀ। ਬੜੀ ਕਮਾਈ ਸੀ। ਐਨੇ ਨੂੰ ਇਕ ਫੋਨ ਆਇਆ। ਫੋਨ ਸੁਣਦੇ ਸਾਰ ਸੁਖਦੇਵ ਦੀਆਂ ਅੱਖਾਂ ਚ ਪਾਣੀ ਆ ਗਿਆ।
ਓਹ ਆਪਣੇ ਪੁੱਤਰ ਬਚਿੱਤਰ ਨਾਲ ਮੋਟਰਸਾਈਕਲ ਤੇ ਬਹਿ ਕੇ ਸ਼ਹਿਰ ਦੇ ਇੱਕ ਹਸਪ੍ਤਾਲ ਪਹੁੰਚਿਆ। ਜਾ ਕੇ ਦੇਖਿਆ ਕਿ ਵੱਡੀ ਭਰਜਾਈ ਤੇ ਭਤੀਜਾ ਚੰਨਾ ਇਕ bed ਦੇ ਆਸੇ ਪਾਸੇ ਖੜੇ ਸੀ। ਅਰਜੁਨ ਬਹੁਤ ਔਖੇ ਔਖੇ ਸਾਹ ਲੈ ਰਿਹਾ ਸੀ।
ਸੁਖਦੇਵ;- ਭਾਬੀ ਇਹ ਸਭ ਕਿਵੇਂ? ਕੀ ਹੋਇਆ ਵੀਰ ਨੂੰ,
ਭਾਬੀ ਰੋਂਦੀ ਰੋਂਦੀ ਬੋਲੀ:- ਭਾਜੀ ਸਭ ਖਤਮ ਹੋ ਗਿਆ,,, ਅਸੀਂ ਕਾਸੇ ਜੋਗੇ ਨਹੀਂ ਰਹੇ,
ਸੁਖਦੇਵ:- ਪਰ ਹੋਇਆ ਕੀ?
ਭਾਬੀ:- ਤੁਹਾਡੇ ਵੀਰ ਦੀ ਸ਼ਾਹੀ ਆਦਤ ਨੇ, ਫੋਕੀ ਬੱਲੇ ਬੱਲੇ ਤੇ ਝੂਠੀ ਸਰਦਾਰੀ ਨੇ ਸਾਰਾ ਕੁਝ ਗਹਿਣੇ ਕਰਵਾਤਾ। ਬੈੰਕਾਂ ਤੋਂ ਤੇ ਆਸੇ ਪਾਸੇ ਦੇ ਲੋਕਾਂ ਕੋਲੋਂ ਵੀ ਕਾਫੀ ਉਧਾਰ ਲੈ ਕੇ ਜਦ ਨਾ ਚੁਕਾ ਹੋਇਆ ਤਾਂ ਹਰ ਕੋਈ ਘਰ ਦੇ ਗੇਟ ਕੋਲ ਖੜ ਕੇ ਬੇਇਜਤੀ ਕਰਨ ਲੱਗਾ। ਐਨੇ ਬੁਰੇ ਦਿਨ ਦੇਖ ਕੇ ਇਹਨਾਂ ਨੇ ਆਪਣੀ ਜਿੰਦਗੀ ਖਤਮ ਕਰਨ ਲਈ ਕੋਈ ਨਸ਼ੀਲੀ ਚੀਜ ਖਾ ਲਈ। ਸੱਚ ਪੁਛੋ ਤਾਂ ਅੱਜ ਸਾਡੇ ਕੋਲ ਇਹਦੇ ਇਲਾਜ ਲਈ ਵੀ ਪੈਸੇ ਨਹੀਂ ਨੇ।
ਸੁਖਦੇਵ:- ਤੁਸੀਂ ਫਿਕਰ ਨਾ ਕਰੋ। ਇਹ ਕਹਿਕੇ ਉਸਨੇ ਇਲਾਜ ਸ਼ੁਰੂ ਕਰਵਾਇਆ। ਅਪਰੇਸ਼ਨ ਹੋਇਆ। ਅਰਜੁਨ ਦੀ ਜਾਨ ਬਚ ਗਈ।
ਉਸ ਨੂੰ ਸ਼ਹਿਰ ਸੁਖਦੇਵ ਆਪਣੇ ਘਰ ਲੈ ਗਿਆ ਤੇ ਜਮੀਨ ਘਰ ਵੇਚ ਕੇ ਸਭ ਦੇ ਉਧਾਰ ਚੁਕਾਉਣ ਦੀ ਸਲਾਹ ਦਿਤੀ। ਕਿਉਂਕਿ ਜਮੀਨ ਦਾ ਗਹਿਣੇ ਦਾ ਥੋੜਾ ਹੀ ਰੇਟ ਲੱਗਾ ਸੀ। ਜਦ ਕਿ ਜਮੀਨ ਦੀ ਕੀਮਤ ਜ਼ਿਆਦਾ ਸੀ। ਸੋ ਜਮੀਨ ਵੇਚ ਕੇ ਸਭ ਦਾ ਕਰਜ਼ਾ ਵੀ ਉਤਰ ਗਿਆ ਤੇ ਥੋੜੇ ਪੈਸੇ ਬੱਚ ਵੀ ਗਏ। ਜਿਸਦਾ ਸ਼ਹਿਰ ਛੋਟਾ ਜਿਹਾ ਘਰ ਖਰੀਦ ਕੇ ਅਰਜੁਨ ਤੇ ਓਹਦਾ ਪਰਿਵਾਰ ਰਹਿਣ ਲੱਗ ਗਏ। ਚੰਨੇ ਨੂੰ ਸੁਖਦੇਵ ਨੇ ਆਪਣੇ ਕੰਮ ਚ ਨਾਲ ਰੱਖ ਲਿਆ।
,,,,,,,,, ਅਰਜੁਨ ਨੂੰ ਇਕ ਦਿਨ ਬਹੁਤ ਤੇਜ਼ ਬੁਖਾਰ ਹੋਇਆ। ਘਰ ਡਾਕਟਰ ਬੁਲਾਇਆ ਗਿਆ। ਟੀਕੇ ਦਵਾਈਆਂ ਦੇਣ ਬਾਅਦ ਜਦ ਅਗਲੇ ਦਿਨ ਡਾਕਟਰ ਫਿਰ ਆਇਆ ਤਾਂ ਅਰਜੁਨ ਦੀ ਹਾਲਤ ਕਾਫੀ ਠੀਕ ਸੀ,,,,
ਡਾਕਟਰ:- ਅੰਕਲ ਜੀ ਤੁਸੀਂ ਓਹੀ ਹੋ ਨਾ ਜਿਹਨਾ ਦੀ ਨਾਲ ਦੇ ਪਿੰਡ ਸੜਕ ਤੇ ਬਹੁਤ ਵੱਡੀ ਕੋਠੀ ਹੁੰਦੀ ਸੀ?
ਅਰਜੁਨ:- ਹਾਂਜੀ ਪੁੱਤਰ ਜੀ। ਪਰ ਮੈਂ ਤੁਹਾਨੂੰ ਪਛਾਣਿਆ ਨਹੀਂ । ਤੁਹਾਨੂੰ ਇਹ ਸਭ ਕਿਵੇਂ ਪਤਾ?
ਡਾਕਟਰ:- ਤੁਹਾਨੂੰ ਯਾਦ ਏ ਤੁਹਾਡੇ ਇਕ ਨਸੀਬੂ ਆਉਂਦਾ ਹੁੰਦਾ ਸੀ ਕਬਾੜ ਲੈਣ? ਉਸ ਨਾਲ ਇਕ ਛੋਟਾ ਜਿਹਾ ਬੱਚਾ ਹੁੰਦਾ ਸੀ।
ਅਰਜੁਨ:- ਹਾਂ ਪੁੱਤਰ,,,, ਉਹ ਛੁਟੀ ਵਾਲੇ ਦਿਨ ਆਪਣੇ ਮੁੰਡੇ ਨੂੰ ਨਾਲ ਲੈ ਆਉਂਦਾ ਹੁੰਦਾ ਸੀ।
ਡਾਕਟਰ:- ਜੀ ਮੈਂ ਓਹੀ ਛੋਟਾ ਜਿਹਾ ਬੱਚਾ ਬਾਬੂ ਹਾਂ। ਜਿਹੜੀਆਂ ਬੋਤਲਾਂ ਟੈਂਸ਼ਨ ਚ, ਖਾਲੀ ਕਰ ਕਰ ਕੇ ਸੁੱਟਦੇ ਰਹੇ,,,, ਓਹੀ ਤੁਹਾਡੀਆਂ ਸੁੱਟੀਆਂ ਬੋਤਲਾਂ ਮੇਰੇ ਬਾਪੂ ਦੀਆਂ ਟੈਂਸ਼ਨਾ ਨੂੰ ਦੂਰ ਕਰਦੀਆਂ ਰਹੀਆਂ। ਤੁਹਾਨੂੰ ਨੀਂਦ ਨਾ ਆਉਣ ਦਾ ਫਿਕਰ ਸੀ ਤੇ ਦੂਜੇ ਪਾਸੇ ਮੇਰੇ ਬਾਪੂ ਨੂੰ ਸਵੇਰੇ time ਨਾਲ ਉੱਠਣ ਦਾ ਫਿਕਰ ਸੀ।
ਚੰਗਾ ਜੀ ਸਤ ਸ਼੍ਰੀ ਅਕਾਲ,,,, ਇਹ ਕਹਿਕੇ ਡਾਕਟਰ ਬਾਬੂ ਤਾਂ ਚਲੇ ਗਿਆ। ਪਰ ਅਰਜੁਨ ਨੂੰ ਫਿਰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਕਰਵਾ ਗਿਆ।
ਓਹਦੀਆਂ ਅੱਖਾਂ ਮੂਹਰੇ ਅਤੇ ਦਿਮਾਗ ਵਿਚ ਇਕ ਪਾਸੇ ਨਸੀਬੂ ਘੁੰਮ ਰਿਹਾ ਸੀ ਜਿਸਨੇ1,1 ਰੁਪਏ ਦਾ ਕਬਾੜ ਇੱਕਠਾ ਕਰਕੇ, ਮੇਹਨਤ ਕਰ ਕੇ ਆਪਣੇ ਪੁੱਤਰ ਦੀ ਜਿੰਦਗੀ ਕਬਾੜ ਹੋਣ ਤੋਂ ਬਚਾ ਲਈ।
ਦੂਜੇ ਪਾਸੇ ਛੋਟਾ ਭਰਾ ਸੁਖਦੇਵ ਜਿਸਨੇ ਕਦੇ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਿਆ ਅਤੇ ਆਪਣੀ ਖੁਦ ਦੀ ਇਕ ਅਲੱਗ ਪਹਿਚਾਣ ਬਣਾ ਲਈ। ਜਿਸਨੂੰ ਕਿਸੇ ਵੇਲੇ ਚੰਗਾ ਨਾ ਸਮਝਣ ਵਾਲਾ ਅਰਜੁਨ ਅੱਜ ਓਹਦਾ ਅਹਿਸਾਨਮੰਦ ਸੀ।
ਤੇ ਅਖੀਰ ਤੇ ਜਦ ਆਪਣੇ ਵੱਲ ਦੇਖਿਆ ਤਾਂ ਅੰਦਰੋਂ ਅੰਦਰ ਆਪਣੇ ਆਪ ਨੂੰ ਕੋਸਣ ਲੱਗਾ। ਕਿਉਂਕਿ ਅੱਜ ਓਹਨੂੰ ਆਪਣੇ ਅੰਦਰ ਇਕ ਦਿਮਾਗੋ ਬਿਮਾਰ ਸ਼ਕਸ ਦਿਖ ਰਿਹਾ ਸੀ ਜਿਸਨੇ ਆਪਣੀ ਝੂਠੀ ਸਰਦਾਰੀ ਦੇ ਨਸ਼ੇ ਚ, ਫੋਕੀ ਸ਼ਾਨ ਲਈ, ਲੋਕ ਦਿਖਾਵੇ ਦੇ ਚੱਕਰ ਚ ਆਪਣੇ ਅੰਦਰ ਬਿਨਾ ਵਜਾਹ ਹੀ ਇਕ *ਫਿਕਰਾਂ ਦੀ ਸੀਉਂਕ* ਲਵਾ ਲਈ ਸੀ। ਜਿਸ ਨੇ ਉਸ ਦਾ ਸਭ ਕੁਝ ਭੋਰ ਭੋਰ ਕੇ ਖਾ ਲਿਆ।
Raj Bajwa