ਅਸੀਂ ਦੋ ਕੁ ਸਾਲ ਹੋਏ ਜਦੋਂ ਅਸੀਂ ਹਫ਼ਤੇ ਦੀਆਂ ਛੁੱਟੀਆਂ ਮੈਕਸੀਕੋ ਵਿੱਚ ਕੱਟਣ ਗਏ ! ਤੇ ਉੱਥੇ ਜਾ ਕੇ ਇਕ ਦੋ ਟੂਰ ਵੀ ਕੀਤੇ !
ਇਕ ਦਿਨ ਅਸੀਂ ਉਹ ਪੈਰਾਮਿਡ ਦੇਖਣ ਗਏ ਜੋ ਦੁਨੀਆਂ ਭਰ ਦੇ ਅਜੂਬਿਆਂ ਵਿੱਚੋਂ ਇਕ ਹੈ । ਦੁਪਹਿਰ ਨੂੰ ਪੂਰੀ ਗਰਮੀ ਤੇ ਅਸੀਂ ਉੱਥੇ ਦਰਖ਼ਤਾਂ ਥੱਲੇ ਨਿੱਕੀਆਂ ਨਿੱਕੀਆਂ ਦੁਕਾਨਾਂ ਤੋਂ ਸਮਾਨ ਵੇਚ ਰਹੇ ਲੋਕਾਂ ਕੋਲੋਂ ਕੁਝ ਚੀਜ਼ਾਂ ਦੇਖਣ ਲੱਗ ਪਏ ! ਹੱਥੀਂ ਬਣੀਆਂ ਸੈਂਕੜੇ ਚੀਜ਼ਾਂ ਲੋਕ ਵੇਚ ਰਹੇ ਸੀ ਤੇ ਉਹ ਇੰਡੀਆ ਵਾਂਗ ਕੀਮਤਾਂ ਵਧਾ ਕੇ ਦੱਸਦੇ ਹਨ ਤੇ ਫੇਰ ਜੇ ਭਾਅ ਤੋੜਨ ਲੱਗ ਜਾਉ ਤਾਂ ਬਹੁਤ ਥੱਲੇ ਵੀ ਆ ਜਾਂਦੇ ਹਨ ! ਅਸੀਂ ਦੋ ਚਾਰ ਚੀਜ਼ਾਂ ਖਰੀਦ ਕੇ ਉੱਥੇ ਹੀ ਠੰਢਾ ਜਿਹਾ ਥਾਂ ਦੇਖ ਕੇ ਛਾਂਵੇ ਬਹਿ ਗਏ ਕਿਉਂਕਿ ਸਾਡੇ ਟੂਰ ਵਾਲੀ ਬੱਸ ਚੱਲਣ ਵਿੱਚ ਹਾਲੇ ਘੰਟਾ ਪਿਆ ਸੀ ! ਥੋੜੀ ਦੇਰ ਬਾਅਦ ਇਕ ਬਜ਼ੁਰਗ ਮਾਈ ਜੋ 80 ਸਾਲ ਦੇ ਕਰੀਬ ਹੋਣੀ ਹੈ ਉਹ ਹੱਥ ਨਾਲ ਕੱਢੇ ਰੁਮਾਲ ਵੇਚ ਰਹੀ ਸੀ ! ਮੈਨੂੰ ਸਿੰਘਣੀ ਕਹਿੰਦੀ ਕਿ ਚੱਲ ਇਹਦੇ ਕੋਲੋਂ ਇਕ ਲੈ ਲੈ ! ਵਿਚਾਰੀ ਗਰੀਬ ਹੈ ! ਮੈ ਜਦੋਂ ਰੁਮਾਲ ਦੀ ਕੀਮਤ ਪੁੱਛੀ ਤਾਂ ਉਹ ਕਹਿੰਦੀ ਇਕ ਡਾਲਰ ਦਾ ਇਕ ਰੁਮਾਲ ਹੈ !
ਉਹ ਅਮਰੀਕਾ ਦੇ ਡਾਲਰ ਵਿੱਚ ਸਮਾਨ ਵੇਚਦੇ ਹਨ ! ਮੈ ਉਹਨੂੰ ਕਿਹਾ ਕਿ ਡਾਲਰ ਦੇ ਦੋ ਦੇ ਦੇ ! ਉਹ ਨਹੀਂ ਮੰਨੀ ਤੇ ਮੈ ਦੋ ਚਾਰ ਵਾਰ ਕਿਹਾ ਜਦੋਂ ਨਾ ਮੰਨੀ ਤਾਂ ਮੈ ਕਿਹਾ ਮੈ ਨਹੀਂ ਲੈਣੇ ! ਤੇ ਮੈ ਮਨ ਹੀ ਮਨ ਸੋਚਿਆ ਕਿ ਇਹ ਬਾਹਰੋਂ ਆਇਆਂ ਨੂੰ ਕਿੱਦਾਂ ਲੁੱਟਦੇ ਹਨ !
ਉਹ ਔਰਤ ਦੂਰ ਚਲੇ ਗਈ ਤੇ ਸਿੰਘਣੀ ਕਹਿੰਦੀ ਮੈ ਦੁਕਾਨ ਤੋਂ ਲੈ ਕੇ ਆਉਂਦੀ ਹਾਂ ਉਹ ਸਸਤਾ ਦੇ ਦੇਣਗੇ ! ਮੈਨੂੰ ਰੁਮਾਲ ਵਧੀਆ ਲੱਗਾ ਤੇ ਮੈ ਇਕ ਜ਼ਰੂਰ ਲੈ ਕੇ ਜਾਣਾ ! ਮੈ ਕਿਹਾ ਤੂੰ ਲੈ ਆ ਮੈ ਇੱਥੇ ਹੀ ਬਹਿੰਨਾ ਨਹੀਂ ਸੀਟਾਂ ਮੱਲੀਆਂ ਜਾਣੀਆਂ ! ਤੇ ਉਹ ਦਸ ਕੁ ਮਿੰਟ ਬਾਅਦ ਦੋ ਰੁਮਾਲ ਲੈ ਕੇ ਆ ਗਈ ! ਮੈ ਪੁਛਿਆ ਕਿੰਨੇ ਦੇ ? ਕਹਿੰਦੀ ਡਾਲਰ ਦੇ ਦੋ ਮਿਲ ਗਏ ! ਮੈ ਬੜਾ ਖੁਸ਼ ਕਿ ਮਾਈ ਐਵੇਂ ਵੱਧ ਪੈਸੇ ਲਾਉਂਦੀ ਸੀ !
ਜਦੋਂ ਅਸੀਂ ਘਰੇ ਆ ਕੇ ਸੂਟਕੇਸ ਖੋਲੇ ਤਾਂ ਵਿੱਚੋਂ 20 ਰੁਮਾਲ ਨਿਕਲੇ ? ਮੈ ਕਿਹਾ ਇਹ ਕੀ ?
ਮੈਨੂੰ ਕਹਿੰਦੀ ਮੈ ਉਸ ਮਾਈ ਕੋਲੋਂ ਸਾਰੇ ਹੀ ਖਰੀਦ ਲਏ ਸੀ ! 20 ਡਾਲਰ ਦੇ 20 ! ਮੈ ਕਿਹਾ ਤੂੰ ਐਵੇਂ ਉਹਨੂੰ ਪੈਸੇ ਲੁਟਾ ਆਈ ! ਉਹ ਮੈਨੂੰ ਪੁੱਛਣ ਲੱਗੀ ਕਿ ਜਦੋਂ ਦੋ ਹਜ਼ਾਰ ਡਾਲਰ ਦੀ ਟਿਕਟ ਲਈ ਕਿਸੇ ਨੇ ਡਾਲਰ ਘੱਟ ਕੀਤਾ ? ਹੋਟਲ ਵਾਲ਼ਿਆਂ ਨੇ ਪੈਸਾ ਘੱਟ
ਕੀਤਾ ? ਟੈਕਸੀ ਵਾਲੇ ਨੇ ? ਥਾਂ ਥਾਂ ਤੇ ਟਿਪ ਦਿੰਦੇ ਆਏ ਹਾਂ ਤੇ ਇਕ ਗਰੀਬ ਦੀ ਕਮਾਈ ਮੋਹਰੇ ਤੈਨੂੰ ਡਾਲਰ ਦੁਖਦਾ ਸੀ ! ਉਹ ਤੇਰੀ ਮਾਂ ਵਰਗੀ ਸੀ ! ਉਹਦਾ ਦਿਲ ਕਿੰਨਾ ਦੁਖਿਆ ਹੋਊ ? ਤੇ ਉਹ ਇਹ ਕਹਿ ਕੇ ਰੋਣ ਲੱਗ ਪਈ !
ਮੈ ਉਦੋਂ ਚੁੱਪ ਸਾਂ !
ਲੱਗਦਾ ਅੱਜ ਪਿਆਰ ਮੋਹਰੇ ਗਿਆਨ ਹਾਰ ਗਿਆ ਸੀ !
ਗਿਆਨ ਤੇ ਪਿਆਰ
391
previous post