ਗੁਰੂ ਗ੍ਰੰਥ ਸਾਹਿਬ ‘ਚ ਸ਼ਹੀਦਾਂ ਦੀ ਬਾਣੀ

by Amanjot Singh Sadhaura

ਗੁਰੂ ਗ੍ਰੰਥ ਸਾਹਿਬ ‘ਚ ਸ਼ਹੀਦਾਂ ਦੀ ਬਾਣੀ
ਬਾਣੀ ਕੇ ਬੋਹਿਥ, ਸਰਵਰ – ਏ – ਕਾਇਨਾਤ, ਨਾਮ ਕੇ ਜਹਾਜ਼, ਚਵਰ – ਤਖ਼ਤ ਦੇ ਮਾਲਕ, ਹਾਜ਼ਰਾ – ਹਜੂਰ, ਧੰਨ – ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਵਰਤਮਾਨ ਤੇ ਸ਼ਬਦ ਗੁਰੂ ਹਨ। ਗੁਰੂ ਗ੍ਰੰਥ ਸਾਹਿਬ ਜੀ ਸਰਬ ਸਾਂਝੇ ਗੁਰੂ ਹਨ। ਗੁਰੂ ਗ੍ਰੰਥ ਸਾਹਿਬ ਜੀ ਇੱਕੋ-ਇੱਕ ਸਦੀਵੀ ਸ਼ਬਦ ਗੁਰੂ ਹਨ ਜਿਸ ਵਿਚ ਗੁਰੂ ਸਹਿਬਾਨ ਅਤੇ ਹੋਰ ਸੰਤਾਂ – ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਹਨ।
ਸੰਨ 1604 ਈ. ‘ਚ ਪੰਜਵੇਂ ਪਾਤਸ਼ਾਹ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਪਹਿਲੇ ਪੰਜ ਗੁਰੂ ਸਹਿਬਾਨ, ਭਾਰਤ ਦੇ ਵਖ – ਵਖ ਸੂਬਿਆਂ ਦੇ ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਤੇ ਤਿੰਨ ਗੁਰਸਿੱਖਾਂ ਦੀ ਬਾਣੀ ਸੰਕਲਿਤ ਕਰਕੇ ਇਕ ਗ੍ਰੰਥ ਤਿਆਰ ਕਰਵਾਇਆ ਜਿਸ ਨੂੰ ਅਸੀਂ ‘ਆਦਿ ਗ੍ਰੰਥ’ ਦੇ ਨਾਂ ਨਾਲ ਸੰਬੋਧਿਤ ਕਰਦੇ ਹਾਂ। ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ‘ਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਸ਼ਾਮਲ ਕੇ ਇਕ ਸੰਪੂਰਨ ਗ੍ਰੰਥ ਤਿਆਰ ਕਰਵਾਇਆ ਤੇ ਸੰਨ 1708 ਈ. ‘ਚ ਨੰਦੇੜ (ਮਹਾਰਾਸ਼ਟਰ) ਆਦਿ ਗ੍ਰੰਥ ਨੂੰ ਗੁਰਗੱਦੀ ਬਖਸ਼ ਕੇ ਹੁਕਮ ਦਿੱਤਾ- “ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।”
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਪੈਂਤੀ ਮਹਾਂਪੁਰਸ਼ਾਂ ਦੀ ਬਾਣੀ ਇਕੱਤੀ ਰਾਗਾਂ ਵਿਚ ਦਰਜ ਹੈ। ਜਿਨ੍ਹਾਂ ‘ਚੋਂ ਚਾਰ ਮਹਾਂਪੁਰਸ਼ ਸ਼ਹੀਦ ਹੋਏ ਹਨ :-
1) ਗੁਰੂ ਅਰਜਨ ਸਾਹਿਬ ਜੀ
2) ਭੱਟ ਮਥੁਰਾ ਜੀ
3) ਭੱਟ ਕੀਰਤ ਜੀ
4) ਗੁਰੂ ਤੇਗ਼ ਬਹਾਦਰ ਜੀ
(1) ਸ੍ਰੀ ਗੁਰੂ ਅਰਜਨ ਸਾਹਿਬ ਜੀ :- ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਧੀਰਜ ਅਤੇ ਉਪਕਾਰ ਦੀ ਮੂਰਤ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ 15 ਅਪ੍ਰੈਲ 1563 ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਜੀ ਦੇ ਘਰ ਹੋਇਆ। ਆਪ ਜੀ ਦੇ ਨਾਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਸੀ, “ਦੋਹਿਤਾ ਬਾਣੀ ਕਾ ਬੋਹਿਥਾ”। ਆਪ ਜੀ ਦਾ ਵਿਆਹ 17 ਸਾਲ ਦੀ ਉਮਰ ‘ਚ ਪਿੰਡ ਮਾਉ ਤਹਿਸੀਲ ਫਿਲੌਰ (ਜਲੰਧਰ) ਦੇ ਵਸਨੀਕ ਸ੍ਰੀ ਕ੍ਰਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ। 2 ਸਿਤੰਬਰ 1581 ਈ. ਨੂੰ ਆਪ ਜੀ ਗੁਰੂ ਨਾਨਕ ਜੀ ਦੀ ਗੱਦੀ ਦੇ ਵਾਰਸ ਬਣੇ। ਆਪ ਜੀ ਨੇ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਉਨ੍ਹਾਂ ਦੇ ਅਰੰਭੇ ਕਾਰਜਾਂ ਨੂੰ ਸੰਪੂਰਨ ਕਰਾਇਆ।
ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ‘ਚ ਸ਼ਾਮਿਲ ਇਕੱਤੀ ਰਾਗਾਂ ਵਿਚੋਂ ਜੈਜੈਵੰਤੀ ਰਾਗ ਨੂੰ ਛੱਡ ਕੇ ਬਾਕੀ 30 ਰਾਗਾਂ ‘ਚ ਬਾਣੀ ਉਚਾਰਣ ਕੀਤੀ। ਆਪ ਜੀ ਨੇ 2218 ਸ਼ਬਦ ਉਚਾਰਣ ਕੀਤੇ। ਗੁਰੂ ਜੀ ਦੀਆਂ ਪ੍ਰਮੁੱਖ ਬਾਣੀਆਂ ਗਉੜੀ ਸੁਖਮਨੀ, ਬਾਰਹ ਮਾਹਾ (ਮਾਝ ਰਾਗ), ਬਾਵਨ ਅਖਰੀ, ਬਿਰਹੜੇ, ਗੁਣਵੰਤੀ, ਅੰਜੁਲੀ, ਪਹਿਰੇ, ਦਿਨ ਰੈਣ, ਆਦਿ ਰਾਗ ਬੱਧ ਬਾਣੀਆਂ ਹਨ। ਸਲੋਕ ਵਾਰਾਂ ਦੇ ਵਧੀਕ, ਗਾਥਾ, ਫੁਨਹੇ, ਚਉਬੋਲੇ, ਸਲੋਕ ਸਹਸਕ੍ਰਿਤੀ, ਮੁੰਦਾਵਨੀ ਮਹਲਾ ਪ ਆਦਿ ਰਾਗ ਮੁਕਤ ਬਾਣੀਆਂ ਹਨ।
ਸਿੱਖੀ ਦਾ ਪ੍ਰਚਾਰ – ਪ੍ਰਸਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੀ ਅਸਲ ‘ਚ ਗੁਰੂ ਅਰਜਨ ਸਾਹਿਬ ਜੀ ਸਹਾਦਤ ਦੇ ਮੁੱਖ ਦੋ ਕਾਰਣ ਸਨ। ਗੁਰੂ ਜੀ ਨੇ ਮਈ 1606 ਈ. ਨੂੰ ਆਪ ਜੀ ਨੇ ਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਬਖਸ਼ ਦਿੱਤੀ। 30 ਮਈ 1606 ਈ. ਨੂੰ ਯਾਸਾ – ਬਾਬਾ – ਸਿਆਸਤ ਕਾਨੂੰਨ ਅਨੁਸਾਰ ਗੁਰੂ ਸਾਹਿਬ ਨੂੰ ਪਹਿਲਾਂ ਦੇਗ ‘ਚ ਉਬਾਲ ਕੇ ਫਿਰ ਤੱਤੀ ਤਵੀ ‘ਤੇ ਬੈਠਾ ਕੇ ਸਿਰ ‘ਤੇ ਰੇਤ ਪਾ ਕੇ ਸ਼ਹੀਦ ਕੀਤਾ ਗਿਆ।
(2 ਤੇ 3) ਭੱਟ ਮਥੁਰਾ ਜੀ ਤੇ ਭੱਟ ਕੀਰਤ ਜੀ :- ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਦੀ 21ਵੀਂ ਪਉੜੀ ਵਿਚ ਭੱਟ ਭਿੱਖਾ ਜੀ ਨੂੰ ਸੁਲਤਾਨਪੁਰ(ਲੋਧੀ) ਜਿਲ੍ਹਾ ਕਪੂਰਥਲਾ ਦੇ ਵਾਸੀ ਦੱਸਿਆ ਹੈ –
ਭਿਖਾ ਟੋਡਾ ਭਟ ਦੁਇ ਧਾਰੂ ਸੂਦ ਮਹਲ ਤਿਸੁ ਭਾਰਾ।
……………………………
ਸੁਲਤਾਨ ਪੁਰਿ ਭਗਤਿ ਭੰਡਾਰਾ ।।
ਭੱਟ ਭਿੱਖਾ ਤੇ ਭੱਟ ਟੋਡਾ, ਭੱਟ ਭਗੀਰਥ ਦੀ ਵੰਸ਼ ਵਿਚੋਂ ਭੱਟ ਰਈਏ ਦੇ ਛੇ ਪੁੱਤਰਾਂ ਵਿਚੋਂ ਸਨ। ਭੱਟ ਕੀਰਤ ਜੀ, ਭੱਟ ਜਾਲਪ ਜੀ ਤੇ ਭੱਟ ਮਥੁਰਾ ਜੀ – ਭੱਟ ਭਿੱਖਾ ਜੀ ਦੇ ਪੁੱਤਰ ਸਨ। ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿਨ੍ਹਾਂ ਗਿਆਰਾਂ ਭੱਟਾਂ ਦੀ ਬਾਣੀ ਦਰਜ ਹੈ, ਉਹ ਸਾਰੇ ਆਪਸ ‘ਚ ਰਿਸ਼ਤੇਦਾਰ ਸਨ।
ਭੱਟ ਕੀਰਤ ਜੀ ਦੇ ਅੱਠ ਸਵੱਯੇ ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜ ਹਨ ਜਿਨ੍ਹਾਂ ਵਿਚੋਂ ਚਾਰ ਸਵੱਯੇ ਸ੍ਰੀ ਗੁਰੂ ਅਮਰਦਾਸ ਜੀ ਤੇ ਚਾਰ ਸਵੱਯੇ ਸ੍ਰੀ ਗੁਰੂ ਰਾਮਦਾਸ ਜੀ ਦੀ ਉਪਮਾ ‘ਚ ਰਚੇ। ਭੱਟ ਮਥੁਰਾ ਜੀ ਦੇ 14 ਸਵੱੱਯੇ ਗੁਰੂ ਗ੍ਰੰਥ ਸਾਹਿਬ ‘ਚ ਦਰਜ ਹਨ ਜਿਨ੍ਹਾਂ ਵਿਚੋਂ ਸੱਤ ਸਵੱਯੇ ਸ੍ਰੀ ਗੁਰੂ ਰਾਮਦਾਸ ਜੀ ਤੇ ਸੱਤ ਸਵੱਯੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਉਪਮਾ ‘ਚ ਰਚੇ।
ਆਪ ਦੋਵੇਂ ਭਰਾਵਾਂ (ਭੱਟ ਕੀਰਤ ਜੀ ਤੇ ਭੱਟ ਮਥੁਰਾ ਜੀ) ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿਚ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਭੱਟ ਕੀਰਤ ਜੀ ਚੱਕ ਰਾਮਦਾਸ (ਅੰਮ੍ਰਿਤਸਰ) ਦੀ ਜੰਗ ‘ਚ ਸੈਨਾਪਤੀ ਮੁਖ਼ਲਿਸਖਾਨ ਤੇ ਉਸਦੀ ਸੱਤ ਹਜ਼ਾਰ ਤੋਂ ਵੀ ਵੱਧ ਫੌਜ ਦਾ ਮੁਕਾਬਲਾ ਕਰਦੇ ਹੋਏ 14 ਅਪ੍ਰੈਲ 1634 ਈ. ਨੂੰ ਸ਼ਹੀਦ ਹੋ ਗਏ। ਭੱਟ ਮਥੁਰਾ ਜੀ ਹਰਿਗੋਬਿੰਦਪੁਰ ਦੀ ਜੰਗ ‘ਚ ਮੁਗਲ ਜਰਨੈਲ ਬੈਰਮ ਖਾਂ ਤੇ ਇਮਾਮ ਬਖ਼ਸ਼ ਨੂੰ ਮਾਰ ਕੇ ਸ਼ਹੀਦੀ ਪ੍ਰਾਪਤ ਕਰ ਗਏ ਸਨ।
(4) ਗੁਰੂ ਤੇਗ਼ ਬਹਾਦਰ ਜੀ :- ਸ੍ਰਿਸ਼ਟੀ ਦੀ ਚਾਦਰ, ਮਨੁੱਖੀ ਹੱਕਾਂ ਦੇ ਰਖਵਾਲੇ, ਮਨੁੱਖਤਾ ਦੀ ਢਾਲ, ਨੌਵੇਂ ਨਾਨਕ, ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਈ. ਨੂੰ ‘ਗੁਰੂ ਕੇ ਮਹਿਲ’ ਅਮ੍ਰਿਤਸਰ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੇ ਮਾਤਾ ਨਾਨਕੀ ਜੀ ਦੇ ਘਰ ਹੋਇਆ। ਆਪ ਤੇਗ ਚਲਾਉਣ ‘ਚ ਮਾਹਿਰ ਸਨ। ਜੁਲਾਈ 1934 ਈ. ਨੂੰ ਕਰਤਾਰਪੁਰ ਦੀ ਜੰਗ ਵਿੱਚ ਤੇਗ ਦੇ ਜੌਹਰ ਦਿਖਾਉਣ ਕਾਰਣ ਆਪਦੇ ਪਿਤਾ ਜੀ ਨੇ ਆਪਦਾ ਨਾਮ ਤਿਆਗ ਮੱਲ ਤੋਂ ਤੇਗ ਬਹਾਦਰ ਰੱਖ ਦਿੱਤਾ।
ਗੁਰੂ ਤੇਗ਼ ਬਹਾਦਰ ਸਾਹਿਬ ਦਾ ਵਿਆਹ 3 ਫਰਵਰੀ 1633 ਈ. ਨੂੰ ਸ੍ਰੀ ਲਾਲ ਚੰਦ ਜੀ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ। ਗੁਰੂ ਜੀ 20 ਮਾਰਚ 1665 ਈ. ਨੂੰ ਗੁਰਗੱਦੀ ‘ਤੇ ਬਿਰਾਜਮਾਨ ਹੋਏ।
ਗੁਰੂ ਤੇਗ਼ ਬਹਾਦਰ ਜੀ ਨੇ ਕਹਿਲੂਰ ਦੇ ਰਾਜਾ ਦੀਪ ਚੰਦ ਪਾਸੋਂ ਪਿੰਡ ਮਾਖੋਵਾਲ, ਮਟੌਰ ਤੇ ਲੋਧੀਪੁਰ ਦੀ ਜਮੀਨ 2200 ਰੁਪਏ ਵਿਚ ਖਰੀਦ ਕੇ ਇਕ ਸ਼ਹਿਰ ‘ਚੱਕ ਨਾਨਕੀ’ ਵਸਾਇਆ। ਆਪ ਜੀ ਨੇ 15 ਰਾਗਾਂ ‘ਚ 59 ਸ਼ਬਦ ਤੇ ਸ਼ਲੋਕ ਉਚਾਰੇ ਜੋ ਗੁਰੂ ਗ੍ਰੰਥ ਸਾਹਿਬ ਜੀ ‘ਚ ਦਰਜ ਹਨ।
ਇਕ ਵਾਰ ਗੁਰੂ ਤੇਗ਼ ਬਹਾਦਰ ਜੀ ਕੋਲ, ਪੰਡਤ ਕਿਰਪਾ ਰਾਮ ਜੀ ਦੀ ਅਗਵਾਈ ਹੇਠ ਕੁੱਝ ਕਸ਼ਮੀਰੀ ਪੰਡਤ ਮਦਦ ਲੈਣ ਆਏ ਸਨ। ਉਨ੍ਹਾਂ ਨੇ ਗੁਰੂ ਜੀ ਨੂੰ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ ਕਿ ਔਰੰਗਜ਼ੇਬ ਜਬਰਦਸਤੀ ਉਨ੍ਹਾਂ ਦਾ ਧਰਮ, ਇਸਲਾਮ ਵਿੱਚ ਬਦਲਵਾ ਰਿਹਾ ਹੈ ਤੇ ਗੁਰੂ ਜੀ ਨੇ ਕਿਹਾ ਕਿ ਇਸ ਅਤਿਆਚਾਰ ਨੂੰ ਰੋਕਣ ਲੲੀ ਲੋੜ ਹੈ। ਬਾਲ ਗੋਬਿੰਦ ਰਾਏ (ਸਿੰਘ) ਜੀ ਨੇ ਕਿਹਾ ਕਿ ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕੌਣ ਹੋ ਸਕਦਾ ਹੈ? ਬਾਲ ਗੋਬਿੰਦ ਰਾਏ (ਸਿੰਘ) ਜੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਸ਼ਹਾਦਤ ਦੇਣ ਦਾ ਨਿਰਣਾ ਕੀਤਾ।
ਅੰਤ ‘ਚ ਹਿੰਦੂ ਧਰਮ ਤੇ ਦੇਸ਼ ਦੀ ਸੁਰੱਖਿਆ ਲਈ 11 ਨਵੰਬਰ 1675 ਈ. ਨੂੰ ਚਾਂਦਨੀ ਚੌਂਕ, ਦਿੱਲੀ ਵਿਖੇ ਸ਼ਹੀਦੀ ਪ੍ਰਾਪਤ ਕੀਤੀ।

ਅਮਨਜੋਤ ਸਿੰਘ ਸਢੌਰਾ

Amanjot Singh Sadhaura

You may also like