ਇੱਕ ਸ਼ਹਿਰ ਚ ਇੱਕ ਨਵੀਂ ਦੁਕਾਨ ਖੁੱਲੀ। ਜਿੱਥੇ ਕੋਈ ਵੀ ਨੌਜਵਾਨ ਜਾਕੇ ਆਪਣੇ ਲਈ ਯੋਗ ਪਤਨੀ ਲੱਭ ਸਕਦਾ ਸੀ। ਇੱਕ ਨੌਜਵਾਨ ਉਸ ਦੁਕਾਨ ਤੇ ਪਹੁੰਚਿਆ।
ਦੁਕਾਨ ਦੇ ਅੰਦਰ ਉਸਨੂੰ ਦੋ ਦਰਵਾਜੇ ਮਿਲੇ, ਇੱਕ ਤੇ ਲਿਖਿਆ ਸੀ ਜਵਾਨ ਪਤਨੀ ਤੇ ਦੂਜੇ ਤੇ ਲਿਖਿਆ ਸੀ ਜਿਆਦਾ ਉਮਰ ਆਲੀ ਪਤਨੀ। ਨੌਜਵਾਨ ਨੇ ਪਹਿਲੇ ਦਰਵਾਜੇ ਨੂੰ ਧੱਕਾ ਮਾਰਿਆ ਤੇ ਅੰਦਰ ਪਹੁੰਚਿਆ। ਫੇਰ ਅੰਦਰ ਦੋ ਦਰਵਾਜੇ ਮਿਲੇ, ਪਤਨੀ ਵਗੈਰਾ ਕੁੱਛ ਵੀ ਨਾ ਮਿਲੀ; ਫੇਰ ਦੋ ਦਰਵਾਜੇ! ਪਹਿਲੇ ਤੇ ਲਿਖਿਆ ਸੀ ਸੋਹਣੀ, ਦੂਜੇ ਤੇ ਲਿਖਿਆ ਸੀ ਸਾਧਾਰਣ। ਜਵਾਨ ਫੇਰ ਪਹਿਲੇ ਦਰਵਾਜੇ ਚ ਦਾਖਿਲ ਹੋਇਆ। ਨਾ ਕੋਈ ਸੋਹਣੀ ਸੀ ਉੱਥੇ ਨਾ ਸਾਧਾਰਣ।
ਸਾਹਮਣੇ ਫੇਰ ਦੋ ਦਰਵਾਜੇ ਸੀ; ਜਿੰਨਾ ਤੇ ਲਿਖਿਆ ਸੀ, ਚੰਗਾ ਭੋਜਨ ਬਣਾਉਣ ਵਾਲੀ, ਤੇ ਭੋਜਨ ਨਾ ਬਣਾਉਣ ਵਾਲੀ। ਜਵਾਨ ਨੇ ਫੇਰ ਪਹਿਲਾ ਦਰਵਾਜਾ ਚੁਣਿਆ। ਸੁਭਾਵਿਕ… ! ਤੁਸੀਂ ਵੀ ਇਹੀ ਕਰਦੇ। ਸਾਹਮਣੇ ਫਿਰ ਦੋ ਦਰਵਾਜੇ, ਜਿਨ੍ਹਾਂ ਤੇ ਲਿਖਿਆ ਸੀ; ਚੰਗਾ ਗਾਉਣ ਵਾਲੀ, ਤੇ ਨਾ ਗਾਉਣ ਵਾਲੀ। ਜਵਾਨ ਨੇ ਫੇਰ ਪਹਿਲੇ ਦੁਆਰ ਦਾ ਸਹਾਰਾ ਲਿਆ। ਇਸ ਵਾਰ ਫੇਰ ਦੋ ਦਰਵਾਜੇ; ਲਿਖਿਆ ਸੀ: ਦਾਜ ਲਿਆਉਣ ਵਾਲੀ, ਦਾਜ ਨਾ ਲਿਆਉਣ ਵਾਲੀ। ਜਵਾਨ ਨੇ ਇਸ ਵਾਰ ਵੀ ਪਹਿਲਾ ਦਰਵਾਜਾ ਚੁਣਿਆ।
ਠੀਕ ਹਿਸਾਬ ਨਾਲ ਚੱਲਿਆ, ਗਣਿਤ ਨਾਲ ਚਲਿਆ, ਸਮਝਦਾਰੀ ਨਾਲ ਚੱਲਿਆ। ਪਰ ਇਸ ਵਾਰ ਉਸਦੇ ਅੱਗੇ ਇੱਕ ਸ਼ੀਸ਼ਾ ਲੱਗਿਆ ਸੀ; ਤੇ ਉਸ ਤੇ ਲਿਖਿਆ ਸੀ,” ਤੁਸੀਂ ਬਹੁਤ ਜਿਆਦਾ ਗੁਣਾਂ ਦੇ ਚਾਹਵਾਨ ਹੋ, ਸਮਾਂ ਆ ਗਿਆ ਹੈ ਇੱਕ ਵਾਰ ਆਪਣਾ ਚਿਹਰਾ ਵੀ ਦੇਖ ਲਓ।”
ਅਜਿਹੀ ਹੀ ਜ਼ਿੰਦਗੀ ਹੈ : ਚਾਹ , ਚਾਹ , ਚਾਹ! ਦਰਵਾਜਿਆਂ ਦੀ ਟਟੋਲ। ਭੁੱਲ ਹੀ ਗਏ, ਆਪਣਾ ਚਿਹਰਾ ਦੇਖਣਾ ਹੀ ਭੁੱਲ ਗਏ। ਜਿਸਨੇ ਆਪਣਾ ਚਿਹਰਾ ਦੇਖਿਆ ਉਸਦੀ ਚਾਹ ਗਿਰੀ। ਜੋ ਚਾਹ ਚ ਚੱਲਿਆ, ਉਹ ਹੌਲੀ ਹੌਲੀ ਆਪਣਾ ਚਿਹਰਾ ਦੇਖਣਾ ਹੀ ਭੁੱਲ ਗਿਆ। ਜਿਸਨੇ ਚਾਹ ਦਾ ਸਹਾਰਾ ਫੜ ਲਿਆ, ਉਸਨੂੰ ਇੱਕ ਚਾਹ ਦੂਜੀ ਤੇ ਲੈ ਗਈ, ਹਰ ਦਰਵਾਜਾ ਦੋ ਦਰਵਾਜਿਆਂ ਤੇ ਲੈ ਗਿਆ,ਪਰ ਕੋਈ ਮਿਲਦਾ ਨਹੀਂ। ਜ਼ਿੰਦਗੀ ਬਸ ਖਾਲੀ ਹੈ। ਏਥੇ ਕੋਈ ਕਦੇ ਕਿਸੇ ਨੂੰ ਨਹੀਂ ਮਿਲਿਆ। ਹਾਂ.. ਹਰ ਦਰਵਾਜੇ ਤੇ ਆਸ ਲੱਗੀ ਆ ਕਿ ਅੱਗੇ ਹੋਰ ਦਰਵਾਜੇ ਨੇ। ਪਰ ਅੰਤ ਚ ਖਾਲੀ ਹੀ ਰਹੇ। ਹੁਣ ਸਮਾਂ ਆ ਗਿਆ, ਤੁਸੀਂ ਵੀ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਦੇਖੋ। ਖੁਦ ਨੂੰ ਪਹਿਚਾਣੋ।
ਜਿਸਨੇ ਆਪਣੇ ਆਪ ਨੂੰ ਪਹਿਚਾਣ ਲਿਆ, ਉਹ ਸੰਸਾਰ ਤੋਂ ਫੇਰ ਕੁੱਛ ਵੀ ਨੀ ਮੰਗਦਾ। ਕਿਉਂਕਿ ਏਥੇ ਕੁੱਛ ਮੰਗਣ ਯੋਗ ਹੈ ਹੀ ਨਹੀਂ। ਜਿਸਨੇ ਆਪਣੇ ਆਪ ਨੂੰ ਪਹਿਚਾਣਿਆ, ਉਸਨੂੰ ਸਭ ਮਿਲ ਜਾਂਦਾ ਹੈ, ਮੰਗਿਆ ਸੀ ਭਾਵੇਂ ਨਹੀਂ ਮੰਗਿਆ ਸੀ। ਤੇ ਜੋ ਮੰਗਦਾ ਹੀ ਚਲਾ ਜਾਂਦਾ ਹੈ, ਉਸਨੂੰ ਕੁੱਛ ਵੀ ਨਹੀਂ ਮਿਲਦਾ।
– ਓਸ਼ੋ