ਰਿਸ਼ਤਾ ਤਹਿ ਹੋ ਗਿਆ ਤੇ ਮਹੀਨੇ ਕੂ ਮਗਰੋਂ ਹੀ ਵਿਆਹ ਵਾਲਾ ਦਿਨ ਵੀ ਮਿੱਥ ਲਿਆ….
ਮਿੱਥੀ ਹੋਈ ਤਰੀਕ ਤੋਂ ਪਹਿਲਾਂ ਇੱਕ ਦਿਨ ਮੁੰਡੇ ਦੇ ਪਿਓ ਨੇ ਬਿਨਾ ਦੱਸਿਆਂ ਹੀ ਆਣ ਕੁੜਮਾਂ ਦਾ ਬਾਰ ਖੜਕਾਇਆ..!
ਪਾਣੀ-ਧਾਣੀ ਪੀਣ ਮਗਰੋਂ ਆਪਣੇ ਕੁੜਮ ਨੂੰ ਇਹ ਆਖ ਬਾਹਰ ਨੂੰ ਲੈ ਗਿਆ ਕੇ “ਭਾਜੀ ਆਜੋ ਚੱਲੀਏ ਕੋਈ ਜਰੂਰੀ ਗੱਲ ਕਰਨੀ ਏ…”
ਫੇਰ ਕੁਝ ਦੂਰ ਜਾ ਚੁੱਪ-ਚਾਪ ਨਾਲ ਤੁਰੇ ਜਾਂਦੇ ਕੁੜੀ ਦੇ ਬਾਪ ਨੂੰ ਆਖਣ ਲੱਗਾ ਕੇ “ਭਾਜੀ ਤੁਸਾਂ ਦਾ ਤੇ ਇਹ ਪਹਿਲਾ ਕਾਰਜ ਏ ਤੇ ਅਸਾਡਾ ਆਖਰੀ…ਪਹਿਲੇ ਵਿਆਹ ਦੇ ਪ੍ਰੈਸ਼ਰ ਥੱਲੇ ਆਕੇ ਕੋਈ ਏਦਾਂ ਦਾ ਕੰਮ ਨਾ ਕਰ ਬੈਠਿਓਂ ਕੇ ਪੈਰ ਚਾਦਰ ਪਾੜ ਬਾਹਰ ਨੂੰ ਫੈਲ ਜਾਵਣ..ਇਹ ਕਦੇ ਨੇ ਨਾ ਭੂਲਿਓ ਕੇ ਤੁਹਾਡੀਆਂ ਦੋ ਧੀਆਂ ਅਜੇ ਹੋਰ ਵੀ ਨੇ…ਤੇ ਮੈਂ ਹੁਣੇ ਹੁਣੇ ਹੀ ਆਪਣੇ ਨਿੱਕੀ ਤੇ ਆਖਰੀ ਧੀ ਦੇ ਕਾਰਜ ਨੇਪਰੇ ਚਾੜ ਕੇ ਹਟਿਆ ਹਾਂ..ਕਿਸੇ ਵੀ ਸਲਾਹ ਦੀ ਲੋੜ ਹੋਵੇ ਤਾਂ ਸੰਗਿਓ ਨਾ..ਨਿਸੰਗ ਹੋ ਕੇ ਪੁੱਛ ਲਿਓਂ..ਇਹਨਾਂ ਵੇਲਿਆਂ ਵਿੱਚ ਇੱਕ ਧੀ ਦੇ ਬਾਪ ਦੀ ਮਾਨਸਿਕ ਸਤਿਥੀ ਮੈਥੋਂ ਵੱਧ ਹੋਰ ਕੌਣ ਜਾਣਦਾ ਹੋਊ”
ਜਰੂਰੀ ਗੱਲ ਮੁੱਕਣ ਮਗਰੋਂ ਹੋਣ ਵਾਲੇ ਕੁੜਮ ਸਾਬ ਨਾਲ ਘਰ ਨੂੰ ਮੁੜਦੇ ਹੋਏ ਕੁੜੀ ਦੇ ਬਾਪ ਨੂੰ ਅੱਜ ਇੰਝ ਲੱਗ ਰਿਹਾ ਸੀ ਜਿਦਾਂ ਉਹ ਵਿਆਹ ਤੋਂ ਪਹਿਲਾਂ ਹੀ ਸਿਰ ਤੇ ਚੁੱਕੀਆਂ ਹੋਈਆਂ ਫਿਕਰਾਂ ਦੀਆਂ ਕਿੰਨੀਆਂ ਸਾਰੀਆਂ ਪੰਡਾ ਕਿਸੇ ਡੂੰਗੇ ਪੁੱਟੇ ਹੋਏ ਟੋਏ ਵਿਚ ਦੱਬ ਹੌਲਾ ਫ਼ੁੱਲ ਹੋ ਗਿਆ ਹੋਵੇ!