ਕੰਡੇ

by admin

ਨਿੱਤ-ਨਿੱਤ ਦੀ ਕਿੱਚ-ਕਿੱਚ ਤੋ ਉਹ ਅੱਕਿਆ ਪਿਆ ਸੀ। ਅੱਜ ਫਿਰ ਸਵੇਰੇ ਸਵੇਰੇ ਹੀ ਲੜਾਈ ਹੋ ਗਈ। ਸੋਚਿਆ ਸੀ ਵੀਕਐਂਡ ਸਾਂਤੀ ਨਾਲ ਬਤੀਤ ਕਰਾਂਗੇ ਪਰ ਕਿੱਥੇ ਇਹ ਸਿਆਪੇ ਕਦੋ ਮੁੱਕਦੇ ਹਨ। ਤੇ ਉਹ ਗੁੱਸੇ ਵਿੱਚ ਘਰੋ ਨਿਕਲ ਜਾ ਕੇ ਪਾਰਕ ਬੈਠ ਗਿਆ।

ਯਾਦ ਕਰਨ ਲੱਗਾ ਕਿ ਲੜਾਈ ਹੋਈ ਕਿਉ? ਪਰ ਅਕਸਰ ਲੜਾਈ ਬੇਵਜ੍ਹਾ ਹੀ ਹੁੰਦੀ ਹੈ। ਕਦੇ ਕੋਈ ਠੋਸ ਕਾਰਨ ਦਾ ਹੁੰਦਾ ਹੀ ਨਹੀ, ਬੱਸ ਹਰ ਗੱਲ ਹੀ ਬਹਿਸ ਵਿੱਚ ਬਦਲ ਜਾਂਦੀ ਹੈ। ਸਾਇਦ ਮਨ ਭਰ ਗਿਆ ਇੱਕ-ਦੂਜੇ ਤੋ ਜਾਂ ਫਿਰ ਸ਼ਹਿਣਸ਼ੀਲਤਾ ਹੀ ਨਹੀ ਰਹੀ। ਪਹਿਲਾਂ ਪਹਿਲ ਸਭ ਠੀਕ ਸੀ। ਵਿਆਹ ਦੇ 3-4 ਸਾਲ ਤਾਂ ਬਹੁਤ ਹੀ ਸੋਹਣੇ ਲੰਘੇ ਸਨ। ਫਿਰ ਹੌਲੀ ਹੌਲੀ ਬਹਿਸ ਹੋਣੀ ਸ਼ੁਰੂ ਹੋ ਗਈ ਤੇ ਪਤਾ ਹੀ ਨਾ ਲੱਗਾ ਬਹਿਸ ਕਦੋ ਤਕਰਾਰ ਵਿੱਚ ਬਦਲ ਗਈ।

ਅਗਲੇ ਮਹੀਨੇ 8 ਸਾਲ ਹੋ ਜਾਣੇ ਹਨ ਵਿਆਹ ਨੂੰ, ਪਰ ਲੱਗਦਾ ਨਹੀ ਕਿ ਇੱਕ ਵੀ ਸਾਲ ਹੋਰ ਇਕੱਠੇ ਕੱਢਾਗੇ। ਅਸਲ ਵਿੱਚ ਸਾਰਾ ਰੌਲਾ ਹੀ ਇੱਥੇ ਆ ਕੇ ਪੈਣ ਲੱਗਾ। ਸਾਇਦ ਸ਼ਿਫਟਾਂ ਦੇ ਚੱਕਰਾਂ ਅਤੇ ਬਿੱਲਾਂ ਦੇ ਭੁਗਤਾਨਾਂ ਨੇ ਹੀ ਪਿਆਰ ਰੋਲ ਕੇ ਰੱਖ ਦਿੱਤਾ। ਨਹੀ, ਨਹੀ ! ਅਸਲਵਿੱਚ ਇੱਥੋ ਦੀ ਆਜਾਦੀ ਅਤੇ ਬਰਾਬਰਤਾ ਨੇ ਹੀ ਇਸ ਜਨਾਨੀ ਦਾ ਦਿਮਾਗ ਖਰਾਬ ਕੀਤਾ। ਪੰਜਾਬ ਵਿੱਚ ਤਾਂ ਚੰਗੀ ਭਲੀ ਸੀ। ਉੱਥੇ ਹੁੰਦਾ ਤਾਂ 2 ਕੰਨ੍ਹ ਤੇ ਲਾ ਕੇ ਦਿਮਾਗ ਠੀਕ ਕਰ ਦਿੰਦਾ ਪਰ ਇੱਥੇ ਤਾਂ ਬੱਸ ਸਬਰ ਦਾ ਘੁੱਟ ਹੀ ਭਰ ਸਕਦਾ। ਇਹੀ ਗੱਲਾਂ ਸੋਚਦੇ ਸੋਚਦੇ ਦਾ ਉਹਦਾ ਧਿਆਨ ਇੱਕ ਅੰਗਰੇਜ ਨੌਜਵਾਨ ਜੌੜੇ ਤੇ ਗਿਆ। ਹੱਥ ਵਿੱਚ ਹੱਥ ਪਾ, ਦੁਨੀਆਂ ਤੋ ਬੇਖਬਰ, ਬੱਸ ਇੱਕ-ਦੂਜੇ ਵਿੱਚ ਹੀ ਮਸਤ ਸਨ। ਉਹਨਾਂ ਨੂੰ ਦੇਖ ਉਹ ਹੋਰ ਚਿੜ੍ਹ ਗਿਆ ਕਿ ਇਹਨਾਂ ਦਾ ਚੰਗਾ ਆ, ਜਦੋ ਤੱਕ ਨਿਭਦੀ ਆ ਨਿਭਾ ਲਉ ਤੇ ਜੇ ਨਾ ਨਿਭੇ ਤਾਂ ਨਵਾਂ ਸਾਥੀ ਲੱਭ ਲਉ ਪਰ ਫਸੇ ਤਾਂ ਸਾਡੇ ਆਲੇ ਹੀ ਰਹਿੰਦੇ ਹਨ।

ਉਦੋਂ ਨੂੰ ਉਸਦੇ ਸਾਹਮਣੇ ਇੱਕ ਕਾਰ ਆ ਕੇ ਰੁੱਕੀ, ਜਿਸ ਵਿੱਚੋ ਇੱਕ ਗੋਰਾ ਬਜੁਰਗ ਨਿਕਲਿਆ। ਉਸਨੇ ਗੱਡੀ ਵਿੱਚੋਂ ਵੀਲ-ਚੇਅਰ ਕੱਢੀ ਅਤੇ ਫਿਰ ਕਾਰ ਵਿੱਚ ਬੈਠੀ ਬਜੁਰਗ ਬੀਬੀ ਨੂੰ ਹੋਲੀ-ਹੌਲੀ ਵੀਲ੍ਹ-ਚੇਅਰ ਤੇ ਬਿਠਾ ਕੇ ਉਸਦੇ ਬੈਂਚ ਵੱਲ ਨੂੰ ਚੱਲ ਪਿਆ। ਉਸ ਬਜੁਰਗ ਨੇ ਬੀਬੀ ਦੀ ਵੀਲ੍ਹ-ਚੇਅਰ, ਬੈਂਚ ਨਾਲ ਲਾ ਕੇ ਆਪ ਬੈਂਚ ਤੇ ਬੈਠ ਗਿਆ। ਦੋਵੇਂ ਜਾਣੇ ਹੱਥ ਫੜ੍ਹ ਕੇ ਕੋਸੀ-ਕੋਸੀ ਧੁੱਪ ਦਾ ਆਨੰਦ ਲੈ ਰਹੇ ਸਨ। ਬਜੁਰਗ ਨੇ ਕਿਤਾਬ ਕੱਢ, ਬੀਬੀ ਨੂੰ ਪੜ੍ਹ ਕੇ ਸੁਣਾਉਣ ਲੱਗ ਪਿਆ। ਬੀਬੀ ਮਨੋ – ਮਨੀ ਮੁਸਕਰਾ ਰਹੀ ਸੀ। ਦੋਨੋ ਇਸ ਉਮਰ ਵਿੱਚ ਵੀ ਕਿਸੇ ਨਵੇਂ ਵਿਆਹੇ ਜੌੜੇ ਵਾਂਗ ਖੁਸ਼ ਲੱਗ ਰਹੇ ਸਨ।

ਉਹ ਉਹਨਾਂ ਵੱਲ ਦੇਖਦਾ ਹੀ ਰਹਿ ਗਿਆ।ਅੰਤ ਉਸਤੋਂ ਰਹਿ ਨਾ ਹੋਇਆ ਅਤੇ ਉਸਨੇ ਬਜੁਰਗ ਨੂੰ ਪੁੱਛਿਆ ਕਿ ਕਿੰਨ੍ਹੇ ਸਾਲਾਂ ਤੋਂ ਇਕੱਠੇ ਹੋ? ਬਜੁਰਗ ਬੋਲਿਆ ਕਿ ਇਹ 19 ਦੀ ਸੀ ਅਤੇ ਮੈਂ 23 ਸਾਲ ਦਾ ਸੀ ਜਦੋਂ ਸਾਡਾ ਵਿਆਹ ਹੋਇਆਂ ਸੀ। ਇਹੀ ਬੱਸ ਪਹਿਲੀ ਤੇ ਆਖਰੀ ਔਰਤ ਹੈ ਜੋ ਮੇਰੀ ਜਿੰਦਗੀ ਵਿੱਚ ਆਈ ਤੇ ਹੁਣ ਤਾਂ ਮੈਂ 90 ਸਾਲ ਦਾ ਹੋ ਗਿਆ ਹਾਂ ਤੇ ਕਿਸੇ ਹੋਰ ਦੇ ਆਉਣ ਦੀ ਗੁਜਾਇੰਸ਼ ਵੀ ਨਹੀ ਬਚੀ। ਅਤੇ ਦੋਨੋ ਖਿੜ੍ਹਖਿੜ੍ਹਾ ਕੇ ਹੱਸ ਪਏ। ਉਸਨੇ ਫਿਰ ਪੁੱਛਿਆ ਕਿ ਜਿੰਦਗੀ ਕਿਵੇਂ ਲੰਘੀ? “ਬਹੁਤ ਵਧੀਆ, ਨਿੱਤ ਦਿਨ ਨਵੀਂ ਜਿਹੀ ਲੱਗਦੀ ਹੈ” ਬਜੁਰਗ ਨੇ ਹੱਸ ਕੇ ਜਵਾਬ ਦਿੱਤਾ।

ਉਸਨੇ ਹੈਰਾਨ ਹੋ ਕੇ ਪੁੱਛਿਆ ਕਿ ਕਦੇ ਲੜਾਈ ਨਹੀ ਹੁੰਦੀ?
“ ਜੇਕਰ ਤੁਹਾਨੂੰ ਗੁਲਾਬ ਦੀ ਖੂਬਸੂਰਤੀ ਪਸੰਦ ਹੈ ਤਾਂ ਤੁਸੀ ਕੰਡਿਆਂ ਤੋ ਵੀ ਇਨਕਾਰੀ ਨਹੀ ਹੋ ਸਕਦੇ। ਅਸਲ ਵਿੱਚ ਅਸੀ ਪਿਆਰ ਹਮੇਸਾਂ ਪ੍ਰੇਮੀਆਂ ਵਾਂਗ ਕੀਤਾ ਅਤੇ ਜਿੰਮੇਵਾਰੀਆਂ ਪਤੀ-ਪਤਨੀ ਨੇ ਬਰਾਬਰ ਨਿਭਾਈਆਂ। ਪਰ ਬਹੁਤੇ ਜੌੜੇ ਜਿੰਮੇਵਾਰੀਆਂ ਤੋ ਤਾਂ ਪ੍ਰਮੀਆਂ ਵਾਂਗ ਕੰਨ੍ਹੀ ਕਤਰਾਉਦੇਂ ਹਨ ਅਤੇ ਪਿਆਰ ਕਰਨ ਵੇਲੇ ਮਹਿਜ ਪਤੀ-ਪਤਨੀ ਬਣ ਜਾਂਦੇ ਹਨ। ਬੱਸ ਇਹੀ ਅਸਲ ਜੱੜ੍ਹ ਹੈ ਲੜਾਈ ਦੀ”, ਬੀਬੀ ਨੇ ਠਰੰਮੇ ਨਾਲ ਬਜੁਰਗ ਵੱਲ ਦੇਖਦੇ ਹੋਏ ਜਵਾਬ ਦਿੱਤਾ।

ਉਸਨੂੰ ਜਿਵੇਂ ਕੋਈ ਗਹਿਰਾ ਰਹੱਸ ਸਮਝ ਵਿੱਚ ਆ ਗਿਆ ਸੀ। ਉਹ ਉਹਨਾਂ ਦਾ ਧੰਨਵਾਦ ਕਰ, ਕਾਹਲੇ ਕੱਦਮੀ ਘਰ ਵੱਲ ਤੁਰ ਪਿਆ। ਉਸਨੂੰ ਆਵਦੇ ਰਿਸ਼ਤੇ ਵਿਚਲੇ ਕੰਡਿਆਂ ਬਾਰੇ ਪਤਾ ਲੱਗ ਗਿਆ ਸੀ।

✍🏻✍🏻ਹਰਪ੍ਰੀਤ ਬਰਾੜ ਸਿੱਧੂ

You may also like