ਕਈ ਦਫਾ ਮਾਂ ਨੇ ਘਰ ਦਾ ਕੰਮ ਕਰਨਾ ਹੋਵੇ ਨਾ, ਤਾਂ ਬੱਚਾ ਖਹਿੜਾ ਨਾ ਛੱਡੇ ,ਤਾਂ ਪਤਾ ਫਿਰ ਉਹ ਕੀ ਕਰਦੀ ਹੈ?
ਮਾਂ ਬਹੁਤੇ ਖਿਡੇੌਣੇ ਦੇ ਦਿੰਦੀ ਹੈ ਕਿ ਚਲੋ ਮੇਰਾ ਖਹਿੜਾ ਛੱਡੇ।
ਮੈਂ ਸਮਝਦਾ ਹਾਂ ਗੁਰੂ ਨੇ ਜਿਸ ਤੋਂ ਆਪਣਾ ਪੱਲਾ ਛੁਡਾਣਾ ਹੁੰਦਾ ਹੈ, ਉਸ ਨੂੰ ਖਿਡੌਣੇ ਬਥੇਰੇ ਦੇ ਦਿੰਦਾ ਹੈ। ਲੈ ਖੇਡਦਾ ਰਹੁ ਕੋਠੀਆਂ ਵਿਚ, ਖੇਡਦਾ ਰਹਿ ਕਾਰਾਂ ਵਿਚ, ਨਾ ਆ ਮੇਰੇ ਨੇੜੇ। ਮੈਂ ਇੰਝ ਵੀ ਦੇਖਦਾ ਹਾਂ। ਅੌਖੇ ਨਾ ਹੋਣਾ ਬਿਲਕੁਲ ਖਿਡੌਣਿਆਂ ਦੀ ਖੇਡ ਹੈ।
ਕਈ ਦਫ਼ਾ ਮਾਸੂਮ ਬੱਚਾ ਖਿਡੌਣਿਆਂ ਦੀ ਖੇਡ ਵਿਚ ਅੈਸਾ ਲੀਨ ਹੁੰਦਾ ਹੈ ਕਿ ਉਹ ਮਾਂ ਨੂੰ ਹੀ ਭੁੱਲ ਜਾਂਦਾ ਹੈ।
ਕਈ ਦਫ਼ਾ ਗੁਰੂ ਦਾ ਸਿੱਖ ਧਨ ਸੰਪਦਾ ਵਿਚ ਅੈਸਾ ਲੀਨ ਹੁੰਦਾ ਹੈ ਕਿ ਗੁਰੂ ਨੂੰ ਹੀ ਭੁੱਲ ਜਾਂਦਾ ਹੈ, ਧਰਮ ਨੂੰ ਭੁੱਲ ਜਾਂਦਾ ਹੈ, ਬਾਣੀ ਦੇ ਰਸ ਨੂੰ ਵੀ ਭੁੱਲ ਜਾਂਦਾ ਹੈ।
ਪੁਰਖਾ ! ਹੈ ਇਹ ਖਿਡੌਣਿਆਂ ਦੀ ਖੇਡ, ਇਸ ਤੋਂ ਜਿਆਦਾ ਗੱਲ ਨਹੀਂ।ਖਿਡੌਣੇ ਮਨ ਦੇ ਪ੍ਰਚਾਵੇ ਵਾਸਤੇ ਤੇ ਠੀਕ ਹਨ, ਪਰ ਆਖਿਆ ਜਾਏ, ਹੁਣ ਮਾਂ ਨੂੰ ਹੀ ਭੁਲਾ ਦੇਈਏ, ਤਾਂ ਅੈਸਾ ਖਿਡੌਣਾ ਗੁਨਾਹ ਹੈ, ਪਾਪ ਹੈ। ਵਕਤੀ ਜ਼ਰੂਰਤ ਦੀ ਪੂਰਤੀ ਕਰ ਲਈ ਕਿਸੇ ਖਿਡੌਣੇ ਤੋਂ ਉਹ ਗੱਲ ਵੱਖਰੀ ਹੈ, ਪਰ ਖਿਡੌਣਾ ਤੇਰੇ ਮਨ ਨੂੰ ਇਤਨਾ ਖਿੱਚ ਲਵੇ ਕਿ ਗੁਰਦੁਆਰਾ ਬਿਲਕੁਲ ਹੀ ਭੁੱਲ ਜਾਵੇ, ਗੁਰੂ ਨੂੰ ਬਿਲਕੁਲ ਹੀ ਭੁੱਲ ਜਾਵੇ ਤਾਂ ਇਹ ਗੁਨਾਹ ਹੈ। ਹੈ ਸਿਰਫ ਖਿਡੌਣਿਆਂ ਦੀ ਗੱਲ, ਇਸ ਤੋਂ ਜਿਆਦਾ ਕੁਝ ਨਹੀਂ, ਇਸ ਭੁਲੇਖੇ ਵਿਚ ਨਾ ਪੈਣਾ।
Sant Singh Maskeen