ਖੋਜੀ ਦੀ ਨਿਰਾਸ਼ਤਾ ਭਾਗ 2 – ਭਾਈ ਰਘਬੀਰ ਸਿੰਘ ਜੀ ਬੀਰ

by Bachiter Singh

ਪਿਛਲਾ ਭਾਗ ਪੜੋ

ਹੁਣ ਖੋਜੀ ਬੁੱਢਾ ਹੋ ਗਿਆ ਸੀ, ਉਸ ਦੇ ਕਾਲੇ ਵਾਲ ਸਫੈਦ ਹੋ ਚੁੱਕੇ ਸਨ। ਉਸ ਦੇ ਉਪਕਾਰ ਭਰੇ ਜੀਵਨ ਨੇ ਉਸ ਦੇ ਦਿਲ ਨੂੰ ਸੰਤੁਸ਼ਟ ਤੇ ਚਿਹਰੇ ਨੂੰ ਨੁਰਾਨੀ ਬਣਾ ਦਿਤਾ ਸੀ। ਪਰਬਤਾਂ ਦੀ ਇਕਾਂਤ ਖੋਜੀ ਨੂੰ ਇਤਨੀ ਭਾਉਂਦੀ ਸੀ ਕਿ ਹੁਣ ਉਹ ਉਸ ਇਕਾਂਤ ਦਾ ਸਦਾ ਲਈ ਰੂਪ ਬਣ ਜਾਣਾ ਚਾਹੁੰਦਾ ਸੀ। ਉਸ ਨੂੰ ਉਸ ਇਕਾਂਤ ਤੇ ਸ਼ਾਂਤੀ ਸਾਮਣੇ, ਆਪਣੇ ਸਰੀਰ ਦਾ ਹਿਲਣਾ ਜੁਲਣਾ, ਸਰੀਰ ਅੰਦਰ ਹਰ ਵੇਲੇ ਹਰਕਤ ਦਾ ਜਾਰੀ ਰਹਿਣਾ, ਭੁੱਖ ਪਿਆਸ ਦਾ ਰੋਜ਼ ਆ ਕੇ ਹਲੂਣੇ ਦੇਣਾ, ਤਬੀਅਤ ਉਤੇ ਬੋਝ ਜਾਪਦਾ ਸੀ ਅਤੇ ਉਹ ਚਾਹੁੰਦਾ ਸੀ ਕਿ ਹੁਣ ਸਰੀਰ ਦੀ ਕੈਦ ਤੋਂ ਆਜ਼ਾਦ ਹੋ ਕੇ ਪਹਾੜਾਂ ਦੀ ਸ਼ਾਂਤੀ ਵਿਚ ਸਮਾਅ ਜਾਵੇ। ਪਰ ਅਜੇ ਵੀ ਸੰਕਲਪ ਉਸ ਦੇ  ਮਨ ਵਿਚ ਫੁਰਦਾ ਰਹਿੰਦਾ ਅਤੇ ਉਹ ਕਦੀ ਕਦੀ ਚਾਹੁੰਦਾ ਕਿ ਪਹਾੜਾਂ ਤੋਂ ਉਤਰ ਕੇ ਇਕ ਵਾਰੀ ਆਪਣੇ ਦੇਸ਼ ਦਾ ਦੌਰਾ ਕਰੇ ਅਤੇ ਆਪਣੀ ਅੱਖੀਂ ਆਪਣੇ ਦੇਸ਼ ਦੀ ਅਮੀਰੀ ਤੇ ਖੁਸ਼ਹਾਲੀ ਨੂੰ ਦੇਖੇ ਜੋ ਕਿ ਉਸ ਦੇ ਦੇਸ਼ ਵਾਸੀਆਂ ਨੇ ਅਮੁੱਕ ਖਜ਼ਾਨੇ ਤੋਂ ਦੌਲਤ ਲਿਆ ਲਿਆ ਕੇ, ਆਪਣੇ ਦੇਸ਼ ਦੀ ਨੁਕਰ ਨੁਕਰ ਵਿਚ ਖਿਲਾਰ ਲੀਤੀ ਹੋਣੀ ਹੈ। ਇਸ ਲਈ ਪਰਮ ਅਨੰਦ ਵਿਚ ਸਮਾਅ ਜਾਣ ਤੋਂ ਪਹਿਲੇ ਖੋਜੀ ਨੇ ਆਪਣਾ ਭੇਸ ਬਦਲ ਕੇ ਕੁਝ ਮਿੱਤਰਾਂ ਸਮੇਤ ਪਹਾੜਾਂ ਤੋਂ ਉਤਰ ਆਪਣੇ ਦੇਸ਼ ਵਲ ਆਇਆ। ਪਹਿਲੇ ਪਹਿਲ ਰਸਤੇ ਵਿਚ ਪਿੰਡਾਂ ਵਿਚ ਜਦ ਖੋਜੀ ਨੇ ਦੇਸ਼ ਦੀ ਸੁਧਰੀ ਹਾਲਤ ਦਾ ਕੋਈ ਨਿਸ਼ਾਨ ਨਾ ਦੇਖਿਆ ਤਾਂ ਦਿਲ ਵਿਚ ਹੈਰਾਨ ਹੋਇਆ ਕਿ ਇਤਨੇ ਚਿਰ ਵਿਚ ਦੇਸ਼ ਦੀ ਅਮੀਰੀ ਦਾ ਅਸਰ ਪਿੰਡਾਂ ਉਤੇ ਕਿਉਂ ਨਾ ਪਿਆ? ਪਰ ਫਿਰ ਉਸ ਨੂੰ ਖਿਆਲ ਆਇਆ  ਕਿ ਸ਼ਾਇਦ ਉਸ ਦੇ ਦੇਸ਼ ਵਾਸੀਆਂ ਨੇ ਉਨਤੀ ਦਾ ਕੰਮ ਵੱਡ – ਵੱਡੇ ਸ਼ਹਿਰਾਂ ਤੋਂ ਅਰੰਭਿਆ ਹੋਵੇ, ਇਸ ਲਈ ਉਹ ਆਪਣੇ ਦੇਸ਼ ਦੀ ਰਾਜਧਾਨੀ ਵਿਚ ਆਇਆ ਤਾਕਿ ਉਥੇ ਆ ਕੇ ਉਹ ਦੇਸ਼ ਦੀ ਉਨਤੀ ਦਾ ਸਾਰਾਂ ਨਕਸ਼ਾ ਆਪ ਵੇਖ ਕੇ ਤਸੱਲੀ ਕਰੇ।

ਰਾਜਧਾਨੀ ਵਿਚ ਵੜਦਿਆਂ ਹੀ ਖੋਜੀ ਨੇ ਸੜਕਾਂ, ਬਾਜ਼ਾਰਾਂ, | ਗਲੀਆਂ, ਮੁਹੱਲਿਆਂ ਵਿਚ ਫਿਰਨਾ ਸ਼ੁਰੂ ਕੀਤਾ, ਪਰ ਉਸ ਨੂੰ ਸਭ  ਕੁਝ ਉਹੋ ਪੁਰਾਣਾ ਨਕਸ਼ਾ ਹੀ ਨਜ਼ਰ ਆਇਆ, ਸਭ ਬਾਜ਼ਾਰ ਉਸ ਤਰ੍ਹਾਂ ਹੀ ਤੰਗ ਤੇ ਮੈਲੇ ਸਨ, ਜਿਵੇਂ ਕਿ ਕਈ ਸਾਲ ਪਹਿਲਾਂ ਖੋਜੀ ‘ ਨੇ ਦੇਖੇ ਸਨ। ਸਭ ਲੋਕੀ ਉਸੇ ਪੁਰਾਣੀ ਖਸਤਾ ਹਾਲਤ ਵਿਚ ਨਜ਼ਰ ਆਉਂਦੇ ਸਨ। ਰੋਗ, ਥੁੜ, ਚਿੰਤਾ ਸਭ ਲੋਕਾਂ ਦੇ ਚਿਹਰਿਆਂ ‘ਤੇ ਪਹਿਲੇ ਸਮਿਆਂ ਵਾਂਗਰ ਹੀ ਪ੍ਰਗਟ ਸਨ। ਖੋਜੀ ਬੜਾ ਹੈਰਾਨ ਸੀ ਕਿ ਮੇਰੇ ਦੇਸ਼ ਵਾਸੀਆਂ ਨੇ ਇਤਨੇ ਵਰਿਆਂ ਅੰਦਰ ਤਾਂ ਬੇਸ਼ੁਮਾਰ ਧਨ ਉਸ ਅਮੁੱਕ ਖਜ਼ਾਨੇ ਵਿਚੋਂ ਲੈ ਆਂਦਾ ਹੋਣਾ ਹੈ, ਪਰ ਉਹ ਇਸ ਧਨ ਨੂੰ ਲਿਆ ਕੇ ਕਰਦੇ ਕੀ ਰਹੇ ਹਨ? ਜਿਸ ਦੇਸ਼ ਵਿਚ ਬੇਸ਼ੁਮਾਰ ਧਨ ਹੋਵੇ, ਉਥੋਂ ਦਾ ਹੁਲੀਆ ਹੀ ਬਦਲ ਜਾਣਾ ਚਾਹੀਦਾ ਹੈ, ਪਰ ਮੈਂ  ਸਭ ਕੁਝ ਪੁਰਾਣੀ ਖਸਤਾ ਹਾਲਤ ਵਿਚ ਹੀ ਦੇਖ ਰਿਹਾ ਹਾਂ।

ਬਾਜ਼ਾਰਾਂ ਵਿਚ ਮੰਗਤੇ ਉਸੇ ਤਰਾਂ ਭੀਖ ਮੰਗਦੇ ਸਨ। ਹਕੀਮਾਂ, ਵੈਦਾਂ ਦੇ ਬੂਹਿਆਂ ਉਤੇ ਉਸੇ ਤਰ੍ਹਾਂ ਰੋਗੀ ਰੁਲ ਰਹੇ ਸਨ, ਮਜ਼ਦੂਰ ਪੇਸ਼ਾ ਲੋਕਾਂ ਨੂੰ ਉਸੇ ਤਰ੍ਹਾਂ ਸਾਰਾ ਦਿਨ ਕੰਮ ਕਰਨ ਮਗਰੋਂ ਰੱਜਵੀਂ ਰੋਟੀ ਨਸੀਬ ਨਹੀਂ ਸੀ ਹੁੰਦੀ, ਜਿਵੇਂ ਕਿ ਉਸ ਦੇ ਧਨ ਦਾ ਖਜ਼ਾਨੇ ਲੱਭਣ ਤੋਂ ਪਹਿਲੇ ਸੀ। ਇਹ ਹਾਲਤ ਆਪਣੇ ਦੇਸ਼ ਦੀ ਦੇਖ ਕੇ ਖੋਜੀ ਦੁਖੀ ਹੋ ਰਿਹਾ ਸੀ ਤੇ ਗਲੀਆਂ ਬਾਜ਼ਾਰਾਂ ਵਿਚੋਂ ਨਿਰਾਸਤਾ ਭਰੀਆਂ ਨਜ਼ਰਾਂ ਨਾਲ ਚੌਹੀਂ ਪਾਸੀਂ ਆਪਣੀ ਉਮਰ ਭਰ ਦੀ ਕੀਤੀ ਮਿਹਨਤ ਦਾ ਫਲ ਫੂਡ ਰਿਹਾ ਸੀ।

 

ਅਗਲਾ ਭਾਗ ਪੜੋ

You may also like