ਇੱਕ ਗਰਾਊਂਡ ਵਿੱਚ ਕਈ ਸਟਾਲ ਲੱਗੇ ਹੋਏ ਸਨ..! ਹਰ ਸਟਾਲ ਤੇ ਰੰਗ ਬਰੰਗੇ ਗੁਬਾਰੇ ,ਮਨਭਾਉਂਦੀਆਂ ਵਸਤਾਂ..ਦੇ ਨਾਲ਼ ਨਾਲ਼ ਲੋਕਾਂ ਦਾ ਤਾਂਤਾ ਸੀ..! ਹਰ ਸਟਾਲ ਵਾਲ਼ਾ ਵੱਧ ਤੋਂ ਵੱਧ ਭੀੜ ਜੁਟਾਓਣ ਚ ਮਸ਼ਰੂਫ ਸੀ..! ਰਾਹਗੀਰਾਂ ਨੂੰ ਇੱਕ ਰਾਹ ਤੋਂ ਦੂਜੇ ਰਾਹ ਪੈਣ ਲਈ ਮਜਬੂਰਨ ਗਰਾਉਂਡ ਵਿੱਚ ਦੀ ਹੋ ਕੇ ਗੁਜ਼ਰਨਾ ਪੈਂਦਾ ਸੀ..! ਇੱਕ ਬੱਚੀ ਆਪਣੇਂ ਅੰਨੇ ਤੇ ਗੂੰਗੇ ਬਾਬੇ ਦਾ ਹੱਥ ਫੜ੍ਹ ਉੱਥੋਂ ਦੀ ਗੁਜ਼ਰ ਰਹੀ ਸੀ..! ਗੁਬਾਰੇ ਦੇਖ ਲਾਲਚ ਵੱਸ ਉਹ ਵੀ ਓਧਰ ਨੂੰ ਹੋ ਤੁਰੀ ..! ਨੇੜੇ ਜਾਂਦਿਆਂ ਜਾਂਦਿਆਂ ਮੱਧਮ ਅਵਾਜ਼ਾਂ ਤੇਜ਼ ਹੋ ਲੁਭਾਵਣੀਆਂ ਹੁੰਦੀਆਂ ਜਾ ਰਹੀਆਂ ਸਨ ..!
” ਸੁਪਨੇਂ ਲੈ ਲੳ ਸੁਪਨੇਂ..! ਰੰਗ ਬਿਰੰਗੇ ਸੁਪਨੇਂ..! ਦੂਜਿਆਂ ਨਾਲ਼ੋਂ ਵਧੀਆ ਸੁਪਨੇ..” ਲਗਭਗ ਇੱਕੋ ਹੀ ਤਰ੍ਹਾਂ ਦਾ ਸਮਾਨ ਵੇਚਿਆ ਜਾ ਰਿਹਾ ਸੀ ਸਾਰੀਆਂ ਦੁਕਾਨਾਂ ਤੇ..!
” ਅੰਕਲ ਇਹ ਸੁਪਨੇਂ ਕਿਵੇਂ ਲਾਏ ਆ..” ਕੁੜੀ ਆਪਣੀਂ ਮੁੱਠੀ ਚ ਤੁੱਛ ਮੁੱਛ ਕੀਤੇ ਨੋਟ ਨੂੰ ਦੇਖਦਿਆਂ ਮੁਲਾਂਕਣ ਕਰਦੀ ਹੋਈ ਬੋਲੀ ..!
ਸਾਰਿਆਂ ਹੀ ਸਟਾਲਾਂ ਤੋਂ ਲੱਗਭੱਗ ਇੱਕੋ ਜਿਹੀ ਅਵਾਜ਼ ਆਈ..”ਮੁਫਤ ਬਿਲਕੁੱਲ ਮੁੱਫਤ..”!
” ਮੁਫਤ..! ਪਰ ਮੁਫਤ ਲਈ ਵੇਚਣ ਦੀ ਕੀ ਲੋੜ..?”
“ਬੱਸ ਇੱਕ ਕੰਮ ਕਰਨਾਂ ਪਊ..!”
” ਉਹ ਕੀ ? ”
“ਸਾਡੇ ਸਾਰਿਆਂ ਚੋਂ ਇੱਕ ਸਟਾਲ ਚੁਨਣੀਂ ਪੈਣੀਂ ਆਂ. !”
“ਪਰ ਮੈਨੂੰ ਕਿਵੇਂ ਪਤਾ ਲੱਗੂ ਕਿਹੜੀ ਵਧੀਆ ਤੇ ਕਿਹੜੀ ਘਟੀਆ..? ”
” ਹਾਹਾਹਾਹਾ ” ..ਸਮੂਹਿਕ ਹਾਸਾ ਸੱਚਮੁਚ ਕੰਨ ਪਾੜ ਦੇਣ ਵਾਲ਼ਾ ਸੀ..!
“ਕੋਈ ਫਰਕ ਨਹੀਂ..!”
“ਜੇ ਕੋਈ ਫਰਕ ਨਹੀਂ ਤਾਂ ਤੁਸੀਂ ਸਾਰੇ ਇੱਕ ਸਟਾਲ ਤੋਂ ਵੇਚ ਸਕਦੇ ਸੀ ਸੁਪਨੇਂ..ਫਿਰ ਐਨੇਂ ਸਟਾਲਾਂ ਦਾ ਕੀ ਮਤਲਬ..?”
” ਇਹ ਤਾਂ ਲੋਕਾਂ ਨੂੰ ਬੇਵਕੂਫ਼ ਬਣਾਓਣ ਲਈ ਸਾਡੇ ਸਾਰਿਆਂ ਦੇ ਰਲ਼ਵੇ ਕੀਤੇ ਹੋਏ ਢੱਕਵੰਜ ਨੇਂ..!”
” ਅਸਲ ਚ ਤਾਂ ਅਸੀਂ ਵਾਰੀ ਬੰਨੀ ਹੋਈ ਏ..!” ਇੱਕ ਹੋਰ ਬੋਲਿਆ..!
“ਵਾਰੀ..! ਉਹ ਕਿਵੇਂ..?”
” ਹਰ ਵਾਰ ਇੱਕ ਤੋਂ ਅੱਕ ਕੇ ਦੂਜੇ ਕੋਲ਼ ਜਾਣਾਂ ਹੀ ਪੈਂਦਾ ਹੈ..!”
“ਮੈਂ ਨੀਂ ਲੈਂਦੀ ਤੁਹਾਡੇ ਵਰਗਿਆਂ ਦੇ ਸੁਪਨੇਂ ਤੇ ਨਾ ਮੇਰਾ ਬਾਬਾ ਲਵੇ..! ” ਹਰਖ਼ ਕੇ ਕੁੜੀ ਬੋਲੀ..!
ਐਤਕੀਂ ਸਮੂਹਿਕ ਹਾਸਾ ਹੋਰ ਭਿਅੰਕਰ ਹੋ ਗਿਆ ਸੀ..!
ਤਿੱਖੇ ਸੁਰਾਂ ਚ’
“ਤੂੰ ਸੁਪਨੇਂ ਕਿਵੇਂ ਲੈ ਸਕਦੀਂ ਐਂ..! ਸੁਪਨੇ ਖਰੀਦਣ ਲਈ ਸੌਣਾ ਪੈਂਦਾ ..ਅਸੀਂ ਨੀਂ ਵੇਚਦੇ ਖੁੱਲੀਆਂ ਅੱਖਾਂ ਵਾਲ਼ਿਆਂ ਨੂੰ ਸੁਪਨੇਂ ..ਨਾਲ਼ੇ ਤੇਰੀ ਉਮਰ ਹਜੇ ਅਠਾਰਾਂ ਦੀ ਨਹੀਂ ਹੋਈ ਤੇ ਇਸ ਨਿਜਾਮ ਚ ਅਠਾਰਾਂ ਤੋਂ ਘੱਟ ਸੁਪਨੇਂ ਕੋਈ ਖਰੀਦ ਹੀ ਨਹੀਂ ਸਕਦਾ ਤੇ ਤੇਰੇ ਬਾਬੇ ਨੂੰ ਕੌਣ ਪੁੱਛਦਾ ਇਹ ਕੱਲਾ ਸੁਣ ਸਕ..!”
ਗੱਲ ਵਿੱਚੋਂ ਕੱਟ ਕੇ ਕੁੜੀ ਬੋਲੀ .. “ਮੈਂ ਬਣੂੰਗੀ ਆਪਣੇਂ ਦਾਦੇ ਦੀ ਜ਼ੁਬਾਨ.. ਮੈਂ ਜਗਾਵਾਂਗੀ ਸਭ ਨੂੰ ਨੀਂਦ ਚੋਂ ..ਹਲੂਣੇ ਦੇ ਦੇਕੇ..ਮੈਂ ਦੱਸਾਂਗੀ ਸਭ ਨੂੰ ਕਿ ਸੁਪਨੇਂ ਸੁਪਨੇਂ ਹੀ ਹੁੰਦੇ ਨੇ ਤੇ ਹਕੀਕਤ ਕਦੇ ਸੁਪਨਿਆਂ ਨਾਲ਼ ਨਹੀਂ ਬਦਲੀ ਜਾ ਸਕਦੀ.. ਝੂਠੇ ਤੇ ਬੰਦ ਅੱਖਾਂ ਵਾਲ਼ੇ ਸੁਪਨਿਆਂ ਨਾਲ਼ ਤਾ ਕਦੇ ਵੀ ਨਹੀਂ..! ” ਇਹ ਕਹਿੰਦੀ ਹੋਈ ਕੁੜੀ ਆਪਣੇਂ ਬਾਬੇ ਦਾ ਹੱਥ ਫੜ੍ਹ ਉੱਥੋਂ ਤੁਰੀ ਜਾਂਦੀ ਬੋਲ ਰਹੀ ਸੀ ..
” ਖੁੱਲੀਆਂ ਅੱਖਾਂ ਦੇ ਖ਼ਾਬ …ਚਿੱਠੀ ਲਿਖ ਸੱਦਲਾਂਗੇ..!
ਜੇ ਅਸੀਂ ਬਦਲ ਗਏ ਆਪ ਜ਼ਮਾਨਾ ਵੀ ਬਦਲਾਂਗੇ..!”
ਤੇ ਸਟਾਲਾਂ ਤੇ ਹੁਣ ਸ਼ਾਤ ਮੁਰਦੇ ਵਰਗੀ ਚੁੱਪ ਪਸਰੀ ਹੋਈ ਸੀ..!
Sarab Pannu