ਯਾਦ ਨਹੀਂ ਕਿੱਥੇ…. ਸ਼ਾਇਦ ਸੁਪਨੇ ਵਿੱਚ…. ਪਰ ਬੜੀ ਕਮਾਲ ਪੇਟਿੰਗ ਵੇਖੀ ਇੱਕ।
ਇੱਕ ਸਿੰਘ ਤੁਰਿਆ ਜਾ ਰਿਹਾ ਹੈ। ਸਾਹਮਣੇ ਜੰਗ ਚੱਲ ਰਹੀ ਹੈ। ਸਿੰਘ ਦੇ ਹੱਥ ਵਿੱਚ ਕਿਰ ਪਾਨ ਹੈ ਤੇ ਉਹ ਜੰਗ ਦੇ ਮੈਦਾਨ ਵੱਲ ਨੂੰ ਵਧ ਰਿਹਾ ਹੈ। ਕਮਾਲ ਦੀ ਗੱਲ ਇਹ ਹੈ ਕਿ ਓਹਦੀ ਪਿੱਠ ‘ਤੇ ਰਬਾਬ ਟੰਗੀ ਹੋਈ ਹੈ।
ਮੈਂ ਕਾਫੀ ਚਿਰ ਏਸ ਪੇਟਿੰਗ ਬਾਰੇ ਸੋਚੀ ਗਿਆ, ਕਯਾ ਕਮਾਲ ਦਾ ਕਲਾਕਾਰ ਹੈ ਜੀਹਨੇ ਬਣਾਈ ਜਾਂ ਜੀਹਦੇ ਕੋਲ ਇਹ ਵਿਚਾਰ ਆਇਆ। ਹੁਣ ਮੈਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ।
ਕਿਵੇਂ ਕਿਸੇ ਨਿਰਦੋਸ਼, ਨਿਹੱਥੇ ਤੇ ਵਾਰ ਕਰੇਗੀ ਐਸੇ ਸਿੱਖ ਦੀ ਕਿਰਪਾਨ, ਜਿਸ ਕੋਲ ਰਬਾਬ ਹੈ। ਮਤਲਬ ਕਿ ਉਸ ਦੀ ਕਿਰਪਾਨ ਵੀ ਸੁਰ ਵਿੱਚ ਹੈ।
ਔਰੰਗਜ਼ੇਬ, ਵਜੀਰ ਖਾਨ, ਜਕਰੀਆ ਖਾਨ ਆਦਿ ਦੇ ਅੰਦਰ ਹੀ ਏਨਾ ਬੇਸੁਰਾਪਨ ਸੀ, ਸੋ ਉਹਨਾਂ ਦੇ ਸ਼ਸਤਰ ਵੀ ਬੇਸੁਰੇ ਹੋ ਗਏ, ਲੋਕਾਈ ਦਾ ਘਾਣ ਕਰਦੇ ਰਹੇ।
ਜਿਸ ਗੁਰੂ ਨੇ ਸਿੱਖ ਨੂੰ ਆਸਾ, ਮਾਝ, ਗਉੜੀ, ਰਾਮਕਲੀ, ਟੁੰਡੇ ਅਸਰਾਜੇ ਕੀ ਧੁਨੀ, ਘਰ, ਪੜਤਾਲਾਂ ਆਦਿਕ ਤੋਂ ਬਾਅਦ ਕਿਰਪਾਨ ਫੜਾਈ ਹੋਵੇ, ਉਹ ਕਿਸੇ ਤੇ ਜ਼ੁਲਮ ਕਰ ਹੀ ਨਹੀਂ ਸਕਦੀ….
ਇਹ ਕੁਝ ਅੱਜ ਤਕ ਵੀ ਪ੍ਰਤੱਖ ਹੈ ਸਾਡੇ ਸਾਹਮਣੇ….
ਕਹਿੰਦੇ ਨੇ ਨਵੰਬਰ ੮੪ ਵਿੱਚ ਸਿੱਖਾਂ ਦਾ ਅੰਨ੍ਹਾਂ ਘਾਣ ਕੀਤਾ ਗਿਆ ਦੇਸ਼ ਵਿੱਚ, ਪਰ ਮੈਂ ਅੱਜ ਤਕ ਕਦੇ ਕਿਸੇ ਤੋਂ ਨਹੀਂ ਸੁਣਿਆਂ ਕਿ ਉਹਨਾਂ ੩ ਦਿਨਾਂ ਵਿੱਚ ਇੱਕ ਵੀ ਹਿੰਦੂ ਪੰਜਾਬ ਵਿੱਚ ਮਾਰਿਆ ਗਿਆ ਹੋਵੇ…. ਕਿੰਨੇ ਸੁਰ ‘ਚ ਨੇ ਗੁਰੂ ਕੇ ਲਾਲ….
ਜੇ ਕਿਤੇ ਬੇਸੁਰਾਪਨ ਲੱਗੇ ਤਾਂ ਜਾਣ ਲਓ ਕਿ ਗੁਰੂ ਮਨਫੀ ਹੈ ਓਥੋਂ…. ਰਬਾਬ ਹੱਥਾਂ ਵਿਚੋਂ ਖੁੱਸ ਰਹੀ ਹੈ….
ਧੰਨ ਗੁਰੂ
ਧੰਨ ਗੁਰੂ ਕੇ ਸਿੱਖ
ਜਗਦੀਪ ਸਿੰਘ ਫਰੀਦਕੋਟ