ਪਿੰਡ ਦੇ ਵੱਡੇ ਗੁਰੂਦਵਾਰੇ ਤੰਦਰੁਸਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈ ਰਹੇ ਸਨ। ਆਏ ਗਏ ਰਿਸ਼ਤੇਦਾਰਾਂ ਨਾਲ ਇਸ਼ਾਰਿਆਂ ਇਸ਼ਾਰਿਆਂ ਨਾਲ ਸਾਬ ਸਲਾਮ ਹੋ ਰਹੀ ਸੀ। ਕੁਝ ਇੱਕ ਲਾਗੇ ਬੈਠਿਆਂ ਨਾਲ ਹੌਲੀ ਹੌਲੀ ਘੁਸਰ ਮੁਸਰ ਵੀ ਚੱਲ ਰਹੀ ਸੀ।
ਜਿਨ੍ਹਾ ਨੂੰ ਮੈਂ ਨਹੀਂ ਮਿਲ ਸਕਿਆ ਉਹ ਭੋਗ ਤੋਂ ਬਾਹਦ ਲੰਗਰ ਹਾਲ ਵਿੱਚ ਮਿਲੇ। ਸਾਰੇ ਪਾਸੇ ਚਹਿਲ ਪਹਿਲ ਸੀ। ਸਾਡੀ ਭੂਆ ਦਾ ਲੜਕਾ ਜਿਹਨੂੰ ਅਸੀਂ ਪਿਆਰ ਨਾਲ ਪ੍ਰਧਾਨ ਦੇ ਨਾਮ ਨਾਲ ਬੁਲਾਈ ਦਾ, ਲੰਗਰ ਛੱਕਣ ਲਈ ਮੇਰੇ ਨਾਲ ਬੈਠਕੇ ਰਾਜ਼ੀ ਖ਼ੁਸ਼ੀ ਕਰਨ ਲੱਗਿਆ।
ਵਰਤਾਵੇ ਹਵਾ ਦੀ ਰਫ਼ਤਾਰ ਨਾਲ ਲੰਗਰ ਵਰਤਾ ਰਹੇ ਸਨ। ਕੋਈ ਆਇਆ ਜਲ ਜਲ ਕਹਿਕੇ ਗਲਾਸ ਭਰ ਗਿਆ।
ਦੂਸਰਾ ਪਿੱਛੇ ਦਾਲ਼ਾ ਜੀ ਦਾਲ਼ਾ ਜੀ ਕਰਦਾ ਆ ਗਿਆ। ਫੁਲ਼ਕੇ ਵਾਲੇ ਦੇ ਪਿੱਛੋਂ ਖੀਰ ਵਾਲਾ ਆਇਆ ਤਾਂ ਮੈਂ ਖੀਰ ਵੀ ਲੈ ਲਈ।
ਇੰਨੇ ਨੂੰ ਪ੍ਰਧਾਨ ਬੋਲਿਆ,
“ਦੇਖ ਕੇ ਪੁਆਂਈ ਖੀਰ ਈ ਆ, ਕਿਤੇ ਕੁੱਝ ਹੋਰ ਤਾਂ ਨਹੀਂ?”
ਸੇਵਾਦਾਰ ਕਹਿੰਦਾ, “ਫਿਕਰ ਨਾ ਕਰੋ, ਖੀਰ ਈ ਆ।”
ਮੇਰੇ ਵੱਲ ਦੇਖ ਪ੍ਰਧਾਨ ਨੇ ਵੀ ਵੱਡਾ ਰੱਖਨਾ ਖੀਰ ਨਾਲ ਭਰਾ ਲਿਆ।
ਇੱਹ ਸਾਰਾ ਕੁੱਝ ਸੁਣਕੇ ਅਤੇ ਦੇਖਕੇ ਮੇਰਾ ਹਾਸਾ ਜਿਹਾ ਨਿੱਕਲ ਗਿਆ।
ਮੈਨੂੰ ਹੱਸਦੇ ਨੂੰ ਵੇਖ ਪ੍ਰਧਾਨ ਬੋਲਿਆ,
“ਹੱਸ ਨਾ, ਮੇਰੇ ਨਾਲ ਇੱਕ ਵਾਰ ਬੜੀ ਮਾੜੀ ਹੋਈ ਸੀ।”
ਮੈਂ ਕਿਹਾ, “ਕੀ ਹੋਇਆ ਸੀ?”
ਪ੍ਰਧਾਨ ਕਹਿੰਦਾ,
“ਖੀਰ ਮੇਰੀ ਬੜੀ ਵੱਡੀ ਕਮਜ਼ੋਰੀ ਆ। ਮੈਂ ਇੱਕ ਵਾਰ ਅਨੰਦਪੁਰ ਸਾਹਿਬ ਲੰਗਰ ਹਾਲ ਵਿੱਚ ਬੈਠਿਆ ਹੋਇਆ ਸਾਂ। ਹੋਇਆ ਇੰਝ ਕਿ ਖੀਰ ਦੇ ਭੁਲੇਖੇ ਮੈਂ ਖੁੱਲੇ ਦਿੱਲ ਨਾਲ ਖਿਚੜੀ ਪਵਾ ਬੈਠਾ।
ਤੈਨੂੰ ਕੀ ਦੱਸਾਂ ਜਿੰਨਾ ਮੈਂ ਖੀਰ ਨੂੰ ਚਾਹਕੇ ਖਾਨਾਂ, ਓਨਾ ਹੀ ਮੈਂ ਖਿਚੜੀ ਨੂੰ ਨਫ਼ਰਤ ਕਰਦਾਂ।”
ਮੈਂ ਉਤਸੁਕਤਾ ਨਾਲ ਪੁੱਛਿਆ,
“ਫੇਰ ਅੱਗੇ ਕੀ ਹੋਇਆ?”
“ “ “
“ਹੋਣਾ ਕੀ ਸੀ। ਪਤਾ ਉਦੋਂ ਲੱਗਾ ਜਦੋਂ ਮੈਂ ਚਮਚਾ ਮੂੱਹ ਵਿੱਚ ਪਾਇਆ ਤਾਂ ਪਤਾ ਲੱਗਾ ਕਿ ਇੱਹ ਤਾਂ ਖਿਚੜੀ ਸੀ। ਮੈਂ ਖਿਚੜੀ ਨੂੰ ਅੰਦਰ ਵੱਲ ਧੱਕਾਂ ਉਹ ਬਾਹਰ ਨੂੰ ਆਵੇ।”
“ਅੱਛਾ ਫੇਰ?”
ਮੇਰੇ ਪੁੱਛਣ ‘ਤੇ ਉਹ ਕਹਿੰਦਾ,
“ਮੈਂ ਜੂਠ ਛੱਡਣ ਵਾਰੇ ਹਾਲੇ ਸੋਚਦਾ ਈ ਸੀ, ਕਿ ਮੇਰੀ ਇੱਸ ਕਮਜ਼ੋਰੀ ਨੂੰ ਲੰਗਰ ਹਾਲ ਵਿੱਚ ਖੜਾ ਜਥੇਦਾਰ ਭਾਂਪ ਗਿਆ। ਉਹਨੇ ਮੇਰੇ ਅੱਗੇ ਖੜਕੇ ਖੂੰਡਾ ਫ਼ਰਸ਼ ‘ਤੇ ਮਾਰ, ਮੇਰਾ ਤ੍ਰਾਹ ਜੇਹਾ ਕੱਢਤਾ।”
ਮੇਰਾ ਹਾਸਾ ਨਾ ਰੁਕੇ, ਮੈ ਕਿਹਾ “ਫਿਰ ਕਿੱਦਾਂ ਖਹਿੜਾ ਛੁੱਟਾ”
ਪ੍ਰਧਾਨ ਕਹਿੰਦਾ,
“ਭਰਾਵਾ ਪੁੱਛ ਨਾ, ਮੈਂ ਕਦੀ ਖਿਚੜੀ ਵੱਲ ਵੇਖਾਂ ਕਦੇ ਜਥੇਦਾਰ ਦੇ ਖੂੰਡੇ ਵਲ ਦੇਖਾਂ। ਮੈ ਖਿਚੜੀ ਨੂੰ ਅੰਦਰ ਵਲ ਧੱਕਾਂ, ਖਿੱਚੜੀ ਬਾਹਰ ਨੂੰ ਆਵੇ। ਪਰ ਜਥੇਦਾਰ ਮੇਰੇ ਅੱਗੇ ਉਵੇ ਹੀ ਡੱਟਿਆ ਰਿਹਾ।
ਪੁੱਛ ਨਾ ਜਿੱਦਾਂ ਮੈਂ ਖਿਚੜੀ ਪਾਣੀ ਨਾਲ ਘੁੱਟਾਂ ਵੱਟੀਂ ਅੰਦਰ ਲੰਘਾਈ, ਜਾਂ ਤਾਂ ਮੈਂ ਜਾਣਦਾ ਜਾਂ ਫਿਰ ਅਨੰਦਪੁਰ ਸਾਹਿਬ ਵਾਲਾ ਗੁਰੂ ਸਾਹਿਬ ਜਾਣਦਾ।
ਸੋ ਮਿੱਤਰਾ, ਉਹ ਦਿੱਨ ਜਾਵੇ ‘ਤੇ ਅੱਜ ਦਾ ਆਵੇ। ਆਪਾਂ ਕਦੀਂ ਪੁੱਛੇ ਬਿਨਾਂ ਖੀਰ ਨੀ’ ਪੁਆਈ।”
ਅਵਤਾਰ ਸਿੰਘ ਰਾਏ ਬਰਮਿੰਘਮ।